ਪਰਵਿੰਦਰ ਝੋਟਾ ਕਤਲ ''ਚ ਸੀਬੀਆਈ ਦੇ ਡੀਆਈਜੀ ਡਾ.ਨਵਦੀਪ ਬਰਾੜ ਨਿਗਰਾਨ ਹੋਣਗੇ : ਚਹਿਲ
Wednesday, Oct 21, 2026 - 05:54 PM (IST)
ਬੁਢਲਾਡਾ (ਬਾਂਸਲ) : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਸ਼ੁਰੂ ਹੋਈ ਸੀਬੀਆਈ ਜਾਂਚ ਤੋਂ ਬਾਅਦ ਵਿਸਥਾਰ ਜਾਣਕਾਰੀ ਦਿੰਦਿਆਂ ਸੀਨੀਅਰ ਐਡਵੋਕੇਟ ਉਮਰਿੰਦਰ ਸਿੰਘ ਚਹਿਲ ਨੇ ਸ਼ੋਸ਼ਲ ਮੀਡੀਆ 'ਤੇ ਪਾਈ ਪੋਸਟ ਰਾਹੀਂ ਦੱਸਿਆ ਕਿ ਪਰਮਿੰਦਰ ਸਿੰਘ ਝੋਟੇ ਦੀ ਘਟਨਾ ਦੀ ਤਾਰੀਖ 13 ਅਕਤੂਬਰ ਨੂੰ ਅਸ਼ਵਨੀ ਮੈਡੀਕਲ ਸਟੋਰ ਮਾਨਸਾ ਵਿਖੇ ਹੋਈ ਅਤੇ ਪੁਲਸ ਵੱਲੋਂ ਪਹਿਲੀ ਐਫਆਈਆਰ 14 ਅਕਤੂਬਰ ਨੂੰ ਸਿਟੀ-2 ਮਾਨਸਾ ਵਿਚ ਦਰਜ ਕੀਤੀ ਗਈ। ਜਿੱਥੇ 20 ਅਕਤੂਬਰ ਨੂੰ ਪੰਜਾਬ ਸਰਕਾਰ ਗ੍ਰਹਿ ਵਿਭਾਗ ਨੇ ਸੰਤੁਸ਼ਟੀ ਦਿੰਦਿਆਂ ਡੀ-ਐਸ.ਪੀ.ਈ. ਐਕਟ 1946 ਦੀ ਧਾਰਾ 6 ਹੇਠ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਲਈ ਪੂਰੇ ਪੰਜਾਬ 'ਚ ਅਧਿਕਾਰ ਦੇਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ 'ਤੇ 21 ਅਕਤੂਬਰ ਨੂੰ ਨੋਟੀਫਿਕੇਸ਼ਨ ਤੋਂ ਬਾਅਦ ਸੀਬੀਆਈ, ਐਸਸੀਬੀ ਚੰਡੀਗੜ੍ਹ ਵੱਲੋਂ ਐਫਆਈਆਰ ਨੰਬਰ ਆਰ.ਸੀਓ.51 ਬੀ 26 ਐਸ 0003 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਜਾਂਚ ਦੇ ਅਧਿਕਾਰੀ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਨਿਗਰਾਨ ਡਾ. ਨਵਦੀਪ ਸਿੰਘ ਬਰਾੜ ਆਈ.ਪੀ.ਐਸ, ਡੀਆਈਜੀ ਸੀਬੀਆਈ ਵੱਲੋਂ ਦਰਜ ਕੀਤੀ ਗਈ ਧਾਰਾ 103/1 ਕਤਲ, ਧਾਰਾ 109 ਕਤਲ ਦੀ ਕੋਸ਼ਿਸ਼, ਧਾਰਾ 118/1 ਖਤਰਨਾਕ ਹਥਿਆਰ ਨਾਲ ਹਾਨੀ ਪਹੁੰਚਾਉਣਾ, ਧਾਰਾ 61/2 ਅਪਰਾਧਿਕ ਸ਼ਾਜਿਸ਼, ਧਾਰਾ 3/5 ਸਾਂਝੇ ਇਰਾਦੇ ਨਾਲ ਅਪਰਾਧ, ਅਸਲਾ ਐਕਟ 1959 ਧਾਰਾ 25/27 ਆਰਮਜ ਐਕਟ ਹੇਠ ਕਤਲ, ਹਾਨੀ, ਸਾਜਿਸ਼ ਅਤੇ ਗੈਰ ਕਾਨੂੰਨੀ ਹਥਿਆਰਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ।
