ਫਲਿੱਪਕਾਰਟ ਦੇ ਗੋਦਾਮ ’ਚੋਂ ਕਰੋੜਾਂ ਦੇ ਮੋਬਾਈਲ ਚੋਰੀ
Sunday, Oct 25, 2026 - 01:56 AM (IST)
ਭੁੱਚੋ ਮੰਡੀ (ਨਾਗਪਾਲ) - ਭੁੱਚੋ ਮੰਡੀ ਦੇ ਕੈਂਚੀਆਂ ਰੋਡ ’ਤੇ ਸਥਿਤ ਫਲਿੱਪਕਾਰਟ ਦੇ ਨਵੇਂ ਖੁੱਲ੍ਹੇ ਗੋਦਾਮ ’ਚ ਬੀਤੀ ਰਾਤ ਚੋਰੀ ਦੀ ਵੱਡੀ ਵਾਰਦਾਤ ਦੌਰਾਨ ਕਰੀਬ 980 ਮਹਿੰਗੇ ਮੋਬਾਈਲ ਫੋਨ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਹੈ, ਜਿਨ੍ਹਾਂ ਦੀ ਕੁੱਲ ਕੀਮਤ 4 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਡੀ. ਐੱਸ. ਪੀ. ਸਾਈਬਰ ਸਰਬਜੀਤ ਸਿੰਘ ਅਤੇ ਡੀ. ਐੱਸ. ਪੀ. ਸੰਦੀਪ ਸਿੰਘ ਵੀ ਮੌਕੇ ’ਤੇ ਪਹੁੰਚੇ। ਇਸ ਤੋਂ ਇਲਾਵਾ ਮੋਬਾਈਲ ਫੋਰੈਂਸਿਕ ਲੈਬ ਦੀ ਟੀਮ ਨੇ ਵੀ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ।
ਗੋਦਾਮ ਦੇ ਮੈਨੇਜਰ ਪ੍ਰਕਾਸ਼ ਅਨੁਸਾਰ ਉਹ ਅਤੇ ਗੋਦਾਮ ’ਚ ਕੰਮ ਕਰਦੇ ਲੜਕੇ ਬੀਤੀ ਰਾਤ ਕਰੀਬ ਢਾਈ ਵਜੇ ਮਾਲ ਦੀ ਡਲਿਵਰੀ ਲੈ ਕੇ ਗਏ ਸਨ। ਸਵੇਰੇ ਕਰੀਬ ਪੰਜ ਵਜੇ ਜਦੋਂ ਉਹ ਵਾਪਸ ਗੋਦਾਮ ਪਹੁੰਚੇ ਤਾਂ ਸ਼ਟਰ ਦਾ ਜਿੰਦਰਾ ਗਾਇਬ ਸੀ ਅਤੇ ਸ਼ਟਰ ਉੱਪਰ ਚੁੱਕਿਆ ਹੋਇਆ ਸੀ।
ਇਸ ਨੂੰ ਦੇਖ ਕੇ ਉਨ੍ਹਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਚੋਰੀ ਬਾਰੇ ਪਤਾ ਲੱਗਿਆ। ਮੈਨੇਜਰ ਨੇ ਦੱਸਿਆ ਕਿ ਚੋਰ ਸੈਮਸੰਗ ਕੰਪਨੀ ਦੇ ਕਰੀਬ 980 ਮੋਬਾਈਲ ਫੋਨ ਲੈ ਗਏ ਹਨ। ਇਨ੍ਹਾਂ ’ਚੋਂ ਹਰੇਕ ਮੋਬਾਈਲ ਦੀ ਕੀਮਤ 35 ਹਜ਼ਾਰ ਤੋਂ 45 ਹਜ਼ਾਰ ਰੁਪਏ ਦੇ ਕਰੀਬ ਦੱਸੀ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਚੋਰ ਗੋਦਾਮ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ।
