ਪਰਵਿੰਦਰ ਝੋਟਾ ਦੀ ਇਕ ਹੋਰ ਵੀਡੀਓ ਆਈ ਸਾਹਮਣੇ! ਮੌਤ ਤੋਂ ਪਹਿਲਾਂ ਕੀ ਸਨ ਆਖ਼ਰੀ ਬੋਲ
Wednesday, Oct 21, 2026 - 07:39 PM (IST)
ਮਾਨਸਾ (ਵੈੱਬ ਡੈਸਕ)- ਮਾਨਸਾ 'ਚ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲ਼ੀ ਮਾਰ ਕਤਲ ਕੀਤੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਪਹਿਲਾਂ ਦੀ ਇਕ ਐਕਸਕਲੂਸਿਵ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਬੋਲਦੇ ਹੋਏ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਖ਼ਿਲਾਫ਼ ਡਟ ਕੇ ਆਵਾਜ਼ ਬੁਲੰਦ ਕਰਦੇ ਨਜ਼ਰ ਆਏ। ਐਕਸਕਲੂਸਿਵ ਵੀਡੀਓ 'ਚ ਪਰਵਿੰਦਰ ਝੋਟਾ ਕਹਿੰਦੇ ਹਨ ਕਿ ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ। ਚਿੱਟਾ ਸ਼ਰੇਆਮ ਵਿਕੀ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਅਸੀਂ ਹਰ ਪਿੰਡ 'ਚ ਸ਼ਰੇਆਮ ਵਿੱਕ ਰਿਹਾ ਨਸ਼ਾ ਫੜਨ ਜਾਂਦੇ ਹਾਂ। ਅਸੀਂ ਸਵੇਰ ਦੇ ਚੱਲੇ ਹੋਏ ਹਾਂ। ਅਸੀਂ ਕੋਈ ਪਹਿਲਾਂ ਪਲਾਨਿੰਗ ਨਹੀਂ ਕਰਦੇ, ਜਿੱਥੇ ਪਤਾ ਲੱਗਦਾ ਹੈ ਉਥੇ ਪਹੁੰਚ ਜਾਂਦੇ ਹਾਂ। ਤਿੰਨ ਥਾਂ ਅਸੀਂ ਪਹਿਲਾਂ ਜਾ ਕੇ ਆਏ ਹਾਂ ਅਤੇ ਦੋ ਥਾਂ 'ਤੇ ਅਸੀਂ ਨਸ਼ਾ ਵਿਕਦਾ ਵੇਖ ਕੇ ਆਏ ਹਾਂ, ਜਿੱਥੇ ਅਸੀਂ ਨਸ਼ਾ ਫੜਨ ਚੱਲੇ ਹਾਂ। ਟਿੱਬੇ ਦੇ ਕੋਲ ਇੰਨਾ ਨਸ਼ਾ ਵਿੱਕ ਰਿਹਾ ਹੈ। ਲੋਲਆਣਾ ਰੋਡ 'ਤੇ ਵੀ ਨਸ਼ਾ ਵਿੱਕ ਰਿਹਾ ਹੈ। ਅਗਲੀ ਕਾਰਵਾਈ ਇਨ੍ਹਾਂ ਪਿੰਡ ਜਾ ਕੇ ਕਰਾਂਗੇ। ਅਸੀਂ ਬੰਦਿਆਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰਨੇ ਹਨ।
ਇਹ ਵੀ ਪੜ੍ਹੋ: ਨੌਵਜਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਦੇ ਇਸ ਪਿੰਡ ਨੇ ਲਿਆ ਵੱਡਾ ਫ਼ੈਸਲਾ
ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਹੁਣ ਸੀ. ਬੀ. ਆਈ. ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਆਈ. ਦੀ ਟੀਮ ਬੀਤੀ ਰਾਤ 12 ਵਜੇ ਦੇ ਕਰੀਬ ਮਾਨਸਾ ਪਹੁੰਚ ਗਈ ਸੀ ਅਤੇ ਦਿਨ ਚੜ੍ਹਦਿਆਂ ਹੀ ਸੀ. ਬੀ. ਆਈ. ਨੇ ਜਾਂਚ ਸ਼ੁਰੂ ਕਰਦਿਆਂ ਪੰਜਾਬ ਪੁਲਸ ਤੋਂ ਮਾਮਲੇ ਸੰਬੰਧੀ ਪੂਰੀ ਫਾਈਲ ਹਾਸਲ ਕਰ ਲਈ। ਸੀ. ਬੀ. ਆਈ. ਦੇ ਇਕ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਵਿਚ ਐੱਫ਼. ਆਈ. ਆਰ. ਵੀ ਦਰਜ ਕਰ ਲਈ ਹੈ। ਫਿਲਹਾਲ ਮੁੱਢਲੀ ਜਾਣਕਾਰੀ ਮੁਤਾਬਕ ਇਹ ਐੱਫ਼. ਆਈ. ਆਰ. ਚੰਡੀਗੜ੍ਹ ਥਾਣੇ ਵਿਚ ਦਰਜ ਕੀਤੀ ਗਈ ਹੈ। ਸੀ. ਬੀ. ਆਈ. ਅਧਿਕਾਰੀ ਨੇ ਵਧੇਰੇ ਜਾਣਕਾਰੀ ਤਾਂ ਨਹੀਂ ਦਿੱਤੀ ਪਰ ਇਹ ਜ਼ਰੂਰ ਦੱਸਿਆ ਹੈ ਕਿ ਇਹ ਮਾਮਲਾ ਚੰਡੀਗੜ੍ਹ 'ਚ ਦਰਜ ਕੀਤਾ ਗਿਆ ਹੈ, ਜਿਸ ਦੀ ਹੁਣ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਭਿਆਨਕ ਸੜਕ ਹਾਦਸਾ! ਪਾਰਟੀ ਤੋਂ ਵਾਪਸ ਆਉਂਦੇ 'ਆਪ' ਆਗੂ ਦੀ ਮੌਤ
ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੰਗਲਵਾਰ ਨੂੰ ਮਾਨਸਾ ਵਿਖੇ ਨਸ਼ਾ ਵਿਰੋਧੀ ਕਾਰਕੁਨ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਕੇਂਦਰੀ ਜਾਂਚ ਬਿਊਰੋ ਦੀ ਪੰਜ ਮੈਂਬਰੀ ਟੀਮ ਇਥੇ ਪਹੁੰਚ ਗਈ ਅਤੇ ਕਤਲ ਕੇਸ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਲਈ CBI ਦੀ ਟੀਮ ਬੀਤੀ ਅੱਧੀ ਰਾਤ ਕਰੀਬ 12 ਵਜੇ ਮਾਨਸਾ ਪਹੁੰਚੀ। ਪਰਮਿੰਦਰ ਸਿੰਘ ਝੋਟਾ ਦਾ ਪਰਿਵਾਰ ਲਗਾਤਾਰ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ CBI ਜਾਂਚ ਕਰਵਾਉਣ ਦੀ ਮੰਗ ਕਰ ਰਿਹਾ ਸੀ। ਪਰਿਵਾਰ ਦੀ ਮੰਗ ਨੂੰ ਵੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਸਰਕਾਰ ਨੂੰ ਮਾਮਲੇ ਦੀ CBI ਜਾਂਚ ਦੀ ਸਿਫ਼ਾਰਸ਼ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਇਸੇ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਲਈ ਮਾਨਸਾ ਪਹੁੰਚੇ ਸਨ। ਪਰਿਵਾਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਦੁਕਾਨ 'ਤੇ ਬੈਠੇ ਭਾਜਪਾ ਆਗੂ 'ਤੇ ਅੱਧੀ ਦਰਜਨ ਹਮਲਾਵਰਾਂ ਨੇ ਕਰ 'ਤਾ ਹਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
