ਮੋਹਾਲੀ ’ਚ ਕਰਿਆਨੇ ਦੀਆਂ ਦੁਕਾਨਾਂ ’ਤੇ ਛਾਪੇ, 29 ਚਲਾਨ ਕੀਤੇ

Friday, Jul 27, 2018 - 03:31 AM (IST)

ਮੋਹਾਲੀ ’ਚ ਕਰਿਆਨੇ ਦੀਆਂ ਦੁਕਾਨਾਂ ’ਤੇ ਛਾਪੇ, 29 ਚਲਾਨ ਕੀਤੇ

 ਮੋਹਾਲੀ,  (ਨਿਆਮੀਆਂ)-  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਤੇ ਨਾਪਤੋਲ ਵਿਭਾਗ ਦੀ ਸਾਂਝੀ ਟੀਮ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਦੁਕਾਨਾਂ ਦੀ ਅਚਨਚੇਤ ਜਾਂਚ-ਪਡ਼ਤਾਲ ਕੀਤੀ ਅਤੇ ਤੰਬਾਕੂ ਸਬੰਧੀ 24 ਤੇ ਨਾਪਤੋਲ ਖ਼ਾਮੀਆਂ ਤਹਿਤ 5 ਚਲਾਨ ਕੀਤੇ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰ ਕੇ ਤੰਬਾਕੂ ਪਦਾਰਥ ਵੇਚੇ ਜਾਣ ਦੇ ਦੋਸ਼ ਹੇਠ 24 ਚਲਾਨ ਕੀਤੇ ਜਿਨ੍ਹਾਂ ਦਾ ਮੌਕੇ ’ਤੇ ਹੀ 4400 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।
 ਨਾਪਤੋਲ ਵਿਭਾਗ ਦੀ ਟੀਮ ਨੇ ਵੀ ਪੰਜ ਚਲਾਨ ਕੀਤੇ, ਜਿਨ੍ਹਾਂ ਦਾ ਜੁਰਮਾਨਾ ਜਾਂਚ-ਪਡ਼ਤਾਲ ਤੋਂ ਬਾਅਦ ਵਿਚ ਤੈਅ ਕੀਤਾ ਜਾਵੇਗਾ, ਜੋ ਘੱਟੋ-ਘੱਟ 25 ਹਜ਼ਾਰ ਰੁਪਏ (ਪ੍ਰਤੀ ਚਲਾਨ ਪੰਜ ਹਜ਼ਾਰ ਰੁਪਏ) ਹੋਵੇਗਾ। ਡਾ. ਭਾਰਦਵਾਜ ਨੇ ਦਸਿਆ ਕਿ ਚੈਕਿੰਗ ਦੌਰਾਨ ਪੁਲਸ ਵਿਭਾਗ ਦਾ ਵੀ ਸਹਿਯੋਗ ਲਿਆ ਗਿਆ। ਦੋਵਾਂ ਟੀਮਾਂ ਨੇ ਸਭ ਤੋਂ ਪਹਿਲਾਂ ਮੋਹਾਲੀ ਦੇ ਫ਼ੇਜ਼-7 ਇੰਡਸਟਰੀਅਲ ਏਰੀਆ (ਸਾਹਮਣੇ ਈ. ਐੱਸ. ਆਈ. ਹਸਪਤਾਲ) ਦੀਆਂ ਕਰਿਆਨੇ ਦੀਆਂ ਦੁਕਾਨਾਂ ਦੀ ਅਚਨਚੇਤ ਜਾਂਚ ਕੀਤੀ, ਜਿਥੇ ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰ ਕੇ ਸਿਗਰਟ ਆਦਿ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ। ਕੁਝ ਦੁਕਾਨਾਂ ਕੋਲ ਯੋਗ ਵਿਕਰੀ ਲਾਇਸੈਂਸ ਵੀ ਨਹੀਂ ਸਨ। ਟੀਮ ਨੇ ਫ਼ੇਜ਼-5 ਦੀ ਮਾਰਕੀਟ ਵਿਚ ਕਰਿਆਨੇ ਦੀਆਂ ਦੁਕਾਨਾਂ ਦੀ ਵੀ ਅਚਨਚੇਤ ਜਾਂਚ ਕੀਤੀ, ਜਿਥੇ ਪਾਬੰਦੀਸ਼ੁਦਾ ਵਿਦੇਸ਼ੀ ਸਿਗਰਟਾਂ ਮਿਲੀਆਂ। ਨਾਪਤੋਲ ਵਿਭਾਗ ਦੀ ਟੀਮ ਨੇ ਦੁਕਾਨਾਂ ਵਿਚ ਸਾਮਾਨ ਦੀ ਵਿਕਰੀ ਸਬੰਧੀ ਖ਼ਾਮੀਆਂ ਮਿਲਣ ’ਤੇ ਚਲਾਨ ਕੀਤੇ। ਨਾਪਤੋਲ ਵਿਭਾਗ ਦੀ ਟੀਮ ਨੇ ਪਾਬੰਦੀਸ਼ੁਦਾ ਸਾਮਾਨ ਨੂੰ ਤੁਰੰਤ ਕਬਜ਼ੇ ਵਿਚ ਲੈ ਲਿਆ ਅਤੇ ਲੋਡ਼ੀਂਦੀ ਕਾਰਵਾਈ ਅਮਲ ਵਿਚ ਲਿਆਂਦੀ। ਦੁਕਾਨਦਾਰਾਂ ਨੇ ਟੀਮਾਂ ਸਾਹਮਣੇ ਕਰੀਬ ਦੋ ਹਜ਼ਾਰ ਰੁਪਏ ਦੀਆਂ ਪਾਬੰਦੀਸ਼ੁਦਾ ਸਿਗਰਟਾਂ ਤੇ ਹੋਰ ਤੰਬਾਕੂ ਪਦਾਰਥ ਨਸ਼ਟ ਕੀਤੇ।  ਡਾ. ਭਾਰਦਵਾਜ ਨੇ ਦੱਸਿਆ ਕਿ ਇਹ ਛਾਪੇ ਕੋਟਪਾ ਅਧੀਨ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂਚ-ਪਡ਼ਤਾਲ ਦਾ ਮੰਤਵ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਤੰਗ-ਪ੍ਰੇਸ਼ਾਨ ਕਰਨਾ ਨਹੀਂ ਸਗੋਂ ਉਨ੍ਹਾਂ ਨੂੰ ਹਲੂਣਾ ਦੇਣਾ ਹੈ ਕਿ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਤੰਬਾਕੂ ਪਦਾਰਥ ਵੇਚੇ ਜਾਣ।
 ਜ਼ਿਲਾ ਸਲਾਹਕਾਰ (ਤੰਬਾਕੂ ਸੈੱਲ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਕੋਟਪਾ ਕਾਨੂੰਨ ਤਹਿਤ ਹਰ ਦੁਕਾਨਦਾਰ ਕੋਲ ਤੰਬਾਕੂ ਪਦਾਰਥ ਵੇਚਣ ਲਈ ਲਾਇਸੈਂਸ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਛਾਪੇ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੇ। ਪਡ਼ਤਾਲੀਆ ਟੀਮ ਵਿਚ ਨਾਪਤੋਲ ਵਿਭਾਗ ਦੇ ਇੰਸਪੈਕਟਰ ਰਾਜੇਸ਼ ਕੁਮਾਰ, ਰਜਨੀਸ਼ ਕੁਮਾਰ, ਫ਼ੂਡ ਇੰਸਪੈਟਕਰ ਅਨਿਲ ਕੁਮਾਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਆਦਿ ਸ਼ਾਮਲ ਸਨ।


Related News