ਪਿੰਡ ਧੌਲਾ ''ਚ ਦੁਕਾਨਦਾਰਾਂ ਨੇ ਕੀਤੇ ਕਬਜ਼ੇ

Tuesday, Feb 13, 2018 - 04:24 AM (IST)

ਤਪਾ ਮੰਡੀ, (ਸ਼ਾਮ, ਗਰਗ)— ਆਬਾਦੀ ਪੱਖੋਂ ਜ਼ਿਲੇ ਦਾ ਸਭ ਤੋਂ ਵੱਡਾ ਪਿੰਡ ਧੌਲਾ ਅਜਕੱਲ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਸਖਤ ਨਿਰਦੇਸ਼ਾਂ ਦੇ ਬਾਵਜੂਦ ਪਿੰਡ 'ਚ ਕਬਜ਼ੇ ਹੋ ਰਹੇ ਹਨ । 4 ਗ੍ਰਾਮ ਪੰਚਾਇਤਾਂ ਵਾਲੇ ਇਸ ਪਿੰਡ ਦੇ ਬੱਸ ਸਟੈਂਡ 'ਤੇ ਸਵਾਰੀਆਂ ਦੇ ਬੈਠਣ ਲਈ ਸਿਰਫ 2 ਫੁੱਟ ਜਗ੍ਹਾ ਵੀ ਨਹੀਂ ਹੈ ਕਿਉਂਕਿ ਬੱਸ ਸਟੈਂਡ 'ਤੇ ਫਲਾਂ ਦੀਆਂ ਦੁਕਾਨਾਂ ਲਾ ਕੇ ਪਿਛਲੇ ਕਈ ਸਾਲਾਂ ਤੋਂ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ । ਬਰਨਾਲਾ-ਮਾਨਸਾ ਮੁੱਖ ਰੋਡ ਤੋਂ ਹਰ ਰੋਜ਼ ਲੰਘਦੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੀ ਨਜ਼ਰ ਇਸ ਪਾਸੇ ਨਹੀਂ ਪਈ ਜਾਂ ਇਹ ਕਹਿ ਸਕਦੇ ਹਾਂ ਕਿ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਮੂਕ ਦਰਸ਼ਕ ਬਣਿਆ ਬੈਠਾ ਹੈ ।
ਸਮਾਜ ਸੇਵੀ ਕਲੱਬਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਨਾਜਾਇਜ਼ ਕਬਜ਼ੇ ਨੂੰ ਹਟਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਵਾਰੀਆਂ ਦੇ ਬੈਠਣ ਲਈ ਜਗ੍ਹਾ ਬਣ ਸਕੇ।
ਇਸ ਸਬੰਧੀ ਜਦੋਂ ਪੀ. ਡਬਲਿਊ. ਡੀ. ਵਿਭਾਗ ਦੇ ਐਕਸੀਅਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸੜਕ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ, ਇਸ ਲਈ ਹਾਈਵੇ ਅਧਿਕਾਰੀਆਂ ਨਾਲ ਗੱਲਬਾਤ ਕਰੋ। 
ਜਦ ਹਾਈਵੇ ਦੇ ਐੱਸ. ਡੀ. ਓ. ਸਿੰਗਲਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਮੋਬਾਇਲ ਨਹੀਂ ਚੁੱਕਿਆ। 


Related News