ਭਗਤ ਸਿੰਘ ਚੌਕ 'ਚ ਸੀਵਰੇਜ ਬੰਦ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ

Tuesday, Jan 30, 2018 - 07:49 AM (IST)

ਭਗਤ ਸਿੰਘ ਚੌਕ 'ਚ ਸੀਵਰੇਜ ਬੰਦ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ

ਕਪੂਰਥਲਾ, (ਗੁਰਵਿੰਦਰ ਕੌਰ)- ਕਪੂਰਥਲਾ ਸ਼ਹਿਰ ਦੇ ਨਿਵਾਸੀਆਂ ਨੂੰ ਆਏ ਦਿਨ ਸੀਵਰੇਜ ਜਾਮ ਦੀ ਸਮੱਸਿਆ ਨਾਲ ਜਿਥੇ ਦੋ ਚਾਰ ਹੋਣਾ ਪੈਂਦਾ ਹੈ, ਉਥੇ ਹੀ ਸਥਾਨਕ ਭਗਤ ਸਿੰਘ ਚੌਕ 'ਚ ਪਿਛਲੇ ਲਗਭਗ 10 ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਇਥੋਂ ਦੇ ਦੁਕਾਨਦਾਰ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜਾਣਕਾਰੀ ਦਿੰਦਿਆਂ ਦੁਕਾਨਦਾਰ ਉਪਿੰਦਰ ਵਾਲੀਆ, ਸੁਰਿੰਦਰ ਨਾਗਪਾਲ, ਵਿਪਨ ਗੁਪਤਾ, ਰਜਿੰਦਰ ਸਿੰਘ, ਕੰਵਲ ਸਿੰਘ, ਕੁਲਦੀਪ ਸਿੰਘ, ਬੱਬੂ ਸ਼ਰਮਾ, ਰਾਕੇਸ਼ ਕੁਮਾਰ, ਰਿੰਕੂ, ਅਜੇ ਕੁਮਾਰ, ਦਵਿੰਦਰ ਕੁਮਾਰ, ਲਵੀ ਵਾਲੀਆ ਤੇ ਪੁੰਨੂੰ ਵਾਲੀਆ ਆਦਿ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਸੀਵਰੇਜ ਬੰਦ ਪਿਆ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਫੈਲ ਗਿਆ ਹੈ ਤੇ ਗੰਦੇ ਪਾਣੀ 'ਚੋਂ ਆਉਂਦੀ ਬਦਬੂ ਕਾਰਨ ਜਿਥੇ ਉਨ੍ਹਾਂ ਨੂੰ ਤਾਂ ਪ੍ਰੇਸ਼ਾਨੀ ਹੋ ਰਹੀ ਹੈ, ਉਥੇ ਹੀ ਉਨ੍ਹਾਂ ਦੀ ਦੁਕਾਨਦਾਰੀ 'ਤੇ ਵੀ ਇਸਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਇਸਨੂੰ ਠੀਕ ਵੀ ਕਰਵਾਇਆ ਗਿਆ ਸੀ ਪਰ ਕੁੱਝ ਦਿਨਾਂ ਬਾਅਦ ਇਹ ਫਿਰ ਜਾਮ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਉਹ ਸੀਵਰੇਜ ਜਾਮ ਸਬੰਧੀ ਕਈ ਵਾਰ ਨਗਰ ਕੌਂਸਲ ਨੂੰ ਜਾਣੂ ਕਰਵਾ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉਨ੍ਹਾਂ ਨੇ ਨਗਰ ਕੌਂਸਲ ਤੋਂ ਮੰਗ ਕਰਦਿਆਂ ਕਿਹਾ ਕਿ ਸੀਵਰੇਜ ਜਾਮ ਨੂੰ ਪਹਿਲਤਾ ਦੇ ਆਧਾਰ 'ਤੇ ਖੋਲ੍ਹਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਸਮੱਸਿਆ ਸਬੰਧੀ ਜਦੋਂ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲ ਭੂਸ਼ਣ ਗੋਇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਬੀਤੇ ਦਿਨੀਂ ਇਸ ਸਮੱਸਿਆ ਦਾ ਹੱਲ ਕਰਵਾ ਦਿੱਤਾ ਗਿਆ ਸੀ ਪਰ ਜੇਕਰ ਫਿਰ ਕੋਈ ਸਮੱਸਿਆ ਬਾਅਦ 'ਚ ਆਈ ਹੈ ਤਾਂ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਫਿਰ ਵੀ ਉਹ ਇਸ ਨੂੰ ਜਲਦ ਠੀਕ ਕਰਵਾ ਦੇਣਗੇ। 


Related News