ਵੋਟਾਂ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿੱਚ ਚੱਲੀ ਗੋਲੀ
Sunday, Feb 20, 2022 - 06:28 PM (IST)
ਮੱਲਾਂਵਾਲਾ (ਜਸਪਾਲ ਸਿੰਘ ਸੰਧੂ) : ਮੱਲਾਂਵਾਲਾ ਅਧੀਨ ਪੈਂਦੇ ਪਿੰਡ ਮੱਲੂ ਵਾਲੀਏ ਵਾਲਾ ਅਤੇ ਗੁਰਦਿਤੀ ਵਾਲਾ ਵਿਖੇ ਵੋਟਾਂ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰ ਆਪਸ ਵਿੱਚ ਭਿੜ ਪਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲੂ ਵਾਲੀਏ ਵਾਲਾ ਵਿਖੇ ਦੋਵਾਂ ਧਿਰਾਂ ਵੱਲੋਂ ਤਕਰੀਬਨ 1 ਦਰਜਨ ਦੇ ਕਰੀਬ ਹਵਾਈ ਫਾਇਰ ਕਰਨ ਦੇ ਨਾਲ ਨਾਲ ਇੱਕ ਦੂਜੇ ’ਤੇ ਇੱਟਾਂ ਰੋੜੇ ਵੀ ਚਲਾਏ ਜਿਸ ਨਾਲ ਲੋਕਾਂ ਵਿਚ ਅਫਰਾ ਤਫਰੀ ਮੱਚ ਗਈ। ਅਫਰਾ ਤਫਰੀ ਮੱਚਣ ਕਾਰਨ ਚੋਣ ਅਧਿਕਾਰੀਆਂ ਵੱਲੋਂ ਵੋਟਾਂ ਪਾਉਣ ਦਾ ਕੰਮ ਕੁਝ ਸਮੇਂ ਲਈ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ : ਚੋਣਾਂ ਤੋਂ 'ਆਪ', ਭਾਜਪਾ ਗਠਜੋੜ ਤੇ ਬਾਦਲ ਦਲ ਦਾ ਪੰਜਾਬ 'ਚੋਂ ਸੁਪੜਾ ਹੋ ਜਾਵੇਗਾ ਸਾਫ : ਭੱਠਲ
ਘਟਨਾ ਦੀ ਸੂਚਨਾ ਮਿਲਦਿਆਂ ਹੀ ਜਗਦੀਸ਼ ਕੁਮਾਰ ਐੱਸ ਪੀ ਡੀ ਫਿਰੋਜ਼ਪੁਰ, ਸੰਦੀਪ ਸਿੰਘ ਡੀ ਐੱਸ ਪੀ ਜ਼ੀਰਾ ਅਤੇ ਜਤਿੰਦਰ ਸਿੰਘ ਥਾਣਾ ਮੁਖੀ ਮੱਲਾਂਵਾਲਾ ਵੱਡੀ ਗਿਣਤੀ ਵਿਚ ਪੁਲਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ। ਕੁਝ ਸਮੇਂ ਬਾਅਦ ਵੋਟਾਂ ਪਾਉਣ ਦਾ ਕੰਮ ਦੁਬਾਰਾ ਚਾਲੂ ਕਰਵਾ ਦਿੱਤਾ ਗਿਆ। ਥਾਣਾ ਮੁਖੀ ਮੱਲਾਂਵਾਲਾ ਨਾਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਧਰ ਅਕਾਲੀ ਆਗੂ ਕਾਰਜ ਸਿੰਘ ਅਤੇ ਕਾਂਗਰਸੀ ਆਗੂ ਕੁਲਦੀਪ ਸਿੰਘ ਨੇ ਇੱਕ ਦੂਜੇ ਤੇ ਫਾਇਰ ਕਰਨ ਦੇ ਦੋਸ਼ ਲਗਾਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ