ਸ਼ੂਟਰਾਂ ਵਲੋਂ ਗੋਲ਼ੀਆਂ ਮਾਰ ਕੇ ਕਤਲ ਕੀਤੇ ਕਾਂਗਰਸੀ ਆਗੂ ਦੇ ਪਰਿਵਾਰ ਦਾ ਸਸਕਾਰ ਕਰਨ ਤੋਂ ਇਨਕਾਰ

09/25/2023 5:50:16 PM

ਮੋਗਾ (ਗੋਪੀ ਰਾਊਕੇ, ਆਜ਼ਾਦ) : ਬਲਾਕ ਕਾਂਗਰਸ ਕਮੇਟੀ ਅਜੀਤਵਾਲ ਦੇ ਪ੍ਰਧਾਨ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ (45) ਦੀ ਲੰਘੀ 18 ਸਤੰਬਰ ਦੀ ਸ਼ਾਮ ਨੂੰ ਦਿਨ-ਦਿਹਾੜੇ ਘਰ ਵਿਚ ਦਾਖਲ ਹੋ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਭਾਵੇਂ 4 ਵਿਅਕਤੀਆਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਮਾਨਯੋਗ ਅਦਾਲਤ ਦੇ ਹੁਕਮਾਂ ’ਤੇ ਰਿਮਾਂਡ ’ਤੇ ਹਨ ਪਰ ਕਤਲ ਦੇ 7 ਦਿਨ ਬਾਅਦ ਵੀ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰਾਂ ਦੀ ਗ੍ਰਿਫਤਾਰੀ ਨਾ ਹੋਣ ਕਰ ਕੇ ਪੀੜਤ ਪਰਿਵਾਰ ਇਨਸਾਫ਼ ਦੀ ਉਡੀਕ ਵਿਚ ਹੈ। ਭਾਵੇਂ ਪੁਲਸ ਪ੍ਰਸ਼ਾਸਨ ਵੱਲੋਂ ਇਸ ਘਟਨਾ ਦਾ ਖੁਰਾ ਖੋਜ ਲੱਭਣ ਲਈ ਪੂਰੀ ਮੁਸ਼ਤੈਦੀ ਨਾਲ ਟੀਮਾਂ ਬਣਾ ਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਪਰ ਪੀੜਤ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਸ਼ੂਟਰਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ, ਕਿਉਂਕਿ ਇਸ ਕਤਲ ਦੀ ਅਸਲ ਸਚਾਈ ਤਾਂ ਹੀ ਸਾਹਮਣੇ ਆ ਸਕਦੀ ਹੈ ਜੇਕਰ ਦੋਨੋਂ ਸ਼ੂਟਰ ਗ੍ਰਿਫਤਾਰ ਹੋਣ। 

ਪਤਾ ਲੱਗਾ ਹੈ ਜ਼ਿਲ੍ਹਾ ਪੁਲਸ ਵੱਲੋਂ ਮ੍ਰਿਤਕ ਬੱਲੀ ਦੇ ਕਤਲ ਦੀ ਸਮੁੱਚੀ ਘਟਨਾ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਣ ਕਰ ਕੇ ਉਸ ਦੀ ਬਾਰੀਕੀ ਨਾਲ ਜਾਂਚ ਕਰ ਕੇ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਮ੍ਰਿਤਕ ਬੱਲੀ ਪਿੰਡ ਅਤੇ ਇਲਾਕੇ ਦੀ ਸਨਮਾਨਿਤ ਸ਼ਖਸੀਅਤ ਹੋਣ ਕਰਕੇ ਲੋਕਾਂ ਵਿਚ ਰੋਸ ਦੀ ਲਹਿਰ ਦੇ ਨਾਲ-ਨਾਲ ਪਰਿਵਾਰ ਨਾਲ ਡੂੰਘੀ ਹਮਦਰਦੀ ਵੀ ਹੈ ਕਿਉਂਕਿ ਮ੍ਰਿਤਕ ਸਮਾਜ ਸੇਵੀ, ਧਾਰਮਿਕ ਕਾਰਜਾਂ ਦੇ ਨਾਲ-ਨਾਲ ਗਰੀਬ ਗੁਰਬਿਆਂ ਦੇ ਹਾਮੀ ਸਨ। ਦੂਜੇ ਪਾਸੇ ਪਰਿਵਾਰ, ਇਲਾਕਾ ਨਿਵਾਸੀਆਂ, ਰਾਜਸੀ ਧਿਰਾਂ ਵੱਲੋਂ ਏਕੇ ਨਾਲ ਅੱਜ 25 ਸਤੰਬਰ ਨੂੰ ਸ਼ਾਮ 5 ਵਜੇ ਮ੍ਰਿਤਕ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ। ਇਨਸਾਫ਼ ਪਸੰਦ ਲੋਕਾਂ ਨੂੰ ਇਸ ਕੈਂਡਲ ਮਾਰਚ ਵਿਚ ਪੁੱਜਣ ਦਾ ਸੱਦਾ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਤਾਂ ਹੀ ਪਰਿਵਾਰ ਨੂੰ ਇਨਸਾਫ਼ ਮਿਲ ਸਕਦਾ ਹੈ, ਜੇਕਰ ਅਸੀਂ ਏਕੇ ਨਾਲ ਆਵਾਜ਼ ਬੁਲੰਦ ਕਰੀਏ।


Gurminder Singh

Content Editor

Related News