ਕੈਨੇਡਾ ''ਚ ਸ਼ਹੀਦ ਹੋਇਆ ਪੰਜਾਬੀ! ਢਾਈ ਸਾਲ ਪਹਿਲਾਂ ਹੋਇਆ ਸੀ ਭਰਤੀ
Wednesday, Jun 10, 2026 - 11:39 AM (IST)
ਲੁਧਿਆਣਾ (ਗੌਤਮ): ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਡਿਊਟੀ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਓਂਟਾਰੀਓ ਪੁਲਸ ਦੇ ਕਾਂਸਟੇਬਲ ਤਰੁਣ ਬਾਲੀ ਸ਼ਹੀਦ ਹੋ ਗਏ ਹਨ। ਉਨ੍ਹਾਂ ਦਾ ਦੂਜਾ ਸਾਥੀ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਪੁਲਸ ਵਿਭਾਗ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਤਰੁਣ ਬਾਲੀ ਲੁਧਿਆਣਾ ਤੋਂ 'ਪੰਜਾਬ ਕੇਸਰੀ ਗਰੁੱਪ' ਦੇ ਪੱਤਰਕਾਰ ਮੁਕੇਸ਼ਸ਼ ਗੌਤਮ ਦੀ ਵੱਡੀ ਭੈਣ ਨੀਨਾ ਬਾਲੀ ਦੇ ਪੁੱਤਰ ਹਨ।
ਨੰਗਲ ਦੇ ਸ਼ਿਵਾਲਿਕ ਐਵੇਨਿਊ 'ਚ ਰਹਿਣ ਵਾਲੇ ਅਸ਼ੋਕ ਬਾਲੀ ਦੇ ਛੋਟੇ ਪੁੱਤਰ ਤਰੁਣ ਬਾਲੀ ਨੇ ਤਕਰੀਬਨ ਢਾਈ ਸਾਲ ਪਹਿਲਾਂ ਹੀ ਡਿਊਟੀ ਜੁਆਇਨ ਕੀਤੀ ਸੀ। ਅਸ਼ੋਕ ਬਾਲੀ ਆਪਣੇ ਪਰਿਵਾਰ ਦੇ ਨਾਲ ਨੰਗਲ ਛੱਡ ਕੇ ਟੋਰਾਂਟੋ ਚਲੇ ਗਏ ਸਨ। ਤਕਰੀਬਨ 2 ਸਾਲ ਪਹਿਲਾਂ ਹੀ ਬਾਲੀ ਦਾ ਵਿਆਹ ਕੈਨੇਡਾ 'ਚ ਰਹਿਣ ਵਾਲੀ ਪੰਜਾਬੀ ਮੂਲ ਦੀ ਲੜਕੀ ਕੋਮਲ ਦੇ ਨਾਲ ਹੋਇਆ ਸੀ। ਜਾਣਕਾਰੀ ਮੁਤਾਬਕ, ਕਾਂਸਟੇਬਲ ਤਰੁਣ ਬਾਲੀ ਡਫਰਿਨ ਡਿਟੈਚਮੈਂਟ ਵਿਚ ਤਾਇਨਾਤ ਸਨ ਤੇ ਪਿਛਲੇ ਢਾਈ ਸਾਲਾਂ ਤੋਂ ਪੁਲਸ ਵਿਚ ਸੇਵਾਵਾਂ ਦੇ ਰਹੇ ਸਨ। ਅੱਜ ਕੱਲ੍ਹ ਉਹ ਜੇਮਸ ਬੇ ਡਿਟੈਚਮੈੰਟ ਦੇ ਨਾਲ ਵਿਸ਼ੇਸ਼ ਡਿਊਟੀ 'ਤੇ ਤਾਇਨਾਤ ਸਨ। ਤਰੁਣ ਬਾਲੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਕਈ ਪਤਵੰਤੇ ਪਰਿਵਾਰ ਦਾ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ।
ਮੰਗਲਵਾਰ ਦੁਪਹਿਰ ਤਕਰੀਬਨ 12.30 ਵਜੇ ਪੁਲਸ ਟੀਮ ਓਂਟਾਰੀਓ ਦੇ ਹਰਸਟ ਖੇਤਰ ਵਿਚ ਕੈਂਡਲ ਕੰਸੈਸ਼ਨ ਰੋਡ-7 ਅਤੇ ਕੈਂਸੈਸ਼ਨ ਰੋਡ-6 ਦੇ ਕੋਲ ਇਕ ਜਾਂਚ ਕਰ ਰਹੀ ਸੀ। ਇਸੇ ਦੌਰਾਨ ਵਾਪਰੀ ਘਟਨਾ ਵਿਚ ਕਾਂਸਟੇਬਲ ਬਾਲੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ ਡਾਕਟਰਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ, ਪਰ ਅਖ਼ੀਰ ਵਿਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ 18 ਸਾਲਾ ਮੁੰਡੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਸਪਤਾਲ ਤੋਂ ਫ਼ਰਾਰ ਹੋਏ ਇਕ 18 ਸਾਲਾ ਸ਼ੱਕੀ ਨੇ ਕਥਿਤ ਤੌਰ 'ਤੇ ਵਾਹਨ ਨਾਲ ਟੱਕਰ ਮਾਰ ਕੇ ਕਾਂਸਟੇਬਲ ਬਾਲੀ ਨੂੰ ਜ਼ਖ਼ਮੀ ਕੀਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਦੇ ਖ਼ਿਲਾਫ਼ ਫਸਟ ਡਿਗਰੀ ਮਰਡਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਓ. ਪੀ. ਪੀ. ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਜਾਂਚ ਕਰ ਰਹੀ ਹੈ। ਜਾਂਚ ਵਿਚ ਆਫ਼ਿਸ ਆਫ਼ ਦ ਚੀਫ਼ ਕੋਰੋਨਰ ਅਤੇ ਓਂਟਾਰੀਓ ਫੋਰੈਂਸਿਕ ਪੈਥਾਲੋਜੀ ਸਰਵਿਸ ਵੀ ਸਹਿਯੋਗ ਕਰ ਰਹੇ ਹਨ।ਸੂਤਰਾਂ ਮੁਤਾਬਕ, ਕਾਂਸਟੇਬਲ ਬਾਲੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਤੇ ਹੋਰ ਜਾਂਚ ਲਈ ਟੋਰਾਂਟੋ ਸਥਿਤ ਚੀਫ਼ ਕੋਰੋਨਰ ਦਫ਼ਤਰ ਲਿਜਾਇਆ ਜਾਵੇਗਾ। ਉਨ੍ਹਾਂ ਦੇ ਸਨਮਾਨ ਵਿਚ ਐਮਰਜੈਂਸੀ ਵਾਹਨਾਂ ਦਾ ਇਕ ਵਿਸ਼ੇਸ਼ ਕਾਫ਼ਲਾ ਲਗਭਗ 10 ਘੰਟਿਆਂ ਦੀ ਯਾਤਰਾ ਦੌਰਾਨ ਮ੍ਰਿਤਕ ਦੇਹ ਦੇ ਨਾਲ ਰਹੇਗਾ।
