ਲੁਧਿਆਣਾ ’ਚ ਸਕੂਲ ਪ੍ਰਿੰਸੀਪਲ ਦਾ ਹੈਰਾਨ ਕਰਦਾ ਕਾਰਾ, ਹੋਸ਼ ਉਡਾਵੇਗੀ ਵਿਦਿਆਰਥਣ ਨਾਲ ਕੀਤੀ ਕਰਤੂਤ
Saturday, Sep 23, 2023 - 06:29 PM (IST)
ਲੁਧਿਆਣਾ (ਰਾਜ) : ਮੁਸਲਿਮ ਕਾਲੋਨੀ ’ਚ ਐੱਲ. ਕੇ. ਜੀ. ਦੇ ਬੱਚੇ ਨਾਲ ਕੁੱਟ-ਮਾਰ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਹੁਣ ਡਾਬਾ-ਲੋਹਾਰਾ ਸਥਿਤ ਇਕ ਹੋਰ ਪ੍ਰਾਈਵੇਟ ਸਕੂਲ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ, ਜਿਸ ਵਿਚ ਪ੍ਰਿੰਸੀਪਲ ਨੇ ਇਕ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਘਿਨੌਣੀ ਕਰਤੂਤ ਕਰਦੇ ਹੋਏ ਉਸ ਦੇ ਮੱਥੇ ਅਤੇ ਹੱਥ ’ਤੇ ‘ਚੋਰ’ ਲਿਖ ਕੇ ਉਸ ਨੂੰ ਸਾਰੇ ਸਕੂਲ ’ਚ ਘੁੰਮਾ ਕੇ ਬੇਇੱਜ਼ਤ ਕੀਤਾ। ਇਸ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਵਿਦਿਆਰਥਣ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਪਰ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ, ਜਿਸ ਨੂੰ ਸਕੂਲ ਪ੍ਰਸ਼ਾਸਨ ਨੇ ਗਿੱਲ ਸਥਿਤ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾ ਦਿੱਤਾ। ਇਸ ਦੇ ਨਾਲ ਵਿਦਿਆਰਥਣ ਦੇ ਪਰਿਵਾਰ ਨੂੰ ਸ਼ਿਕਾਇਤ ਨਾ ਕਰਨ ਲਈ ਧਮਕਾਇਆ ਕਿ ਜੇਕਰ ਸ਼ਿਕਾਇਤ ਕੀਤੀ ਤਾਂ ਉਹ ਬੱਚੀ ਦਾ ਇਲਾਜ ਨਹੀਂ ਕਰਵਾਉਣਗੇ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨੇ ਪੀੜਤ ਪਰਿਵਾਰ ਤੋਂ ਖਾਲ੍ਹੀ ਦਸਤਾਵੇਜ਼ਾਂ ’ਤੇ ਸਾਈਨ ਵੀ ਕਰਵਾ ਲਏ। ਕਰੀਬ 8 ਦਿਨ ਤੱਕ ਸਕੂਲ ਨੇ ਇਹ ਮਾਮਲਾ ਦਬਾਈ ਰੱਖਿਆ ਪਰ ਮੋਤੀ ਨਗਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤ ਪਰਿਵਾਰ ਨੇ ਚੁੱਪ ਤੋੜੀ।
ਇਹ ਵੀ ਪੜ੍ਹੋ : ਗੈਂਗਸਟਰ ਲੰਡਾ ਹਰੀਕੇ ਦਾ ਵੱਡਾ ਕਾਰਨਾਮਾ, ਵਿਦੇਸ਼ ਬੈਠੇ ਨੇ ਪੰਜਾਬ ’ਚ ਕਰਵਾਈ ਵੱਡੀ ਵਾਰਦਾਤ
ਜਾਣਕਾਰੀ ਮੁਤਾਬਕ ਸਟਾਰ ਰੋਡ, ਲੋਹਾਰਾ ਸਥਿਤ ਕੈਪਟਨ ਕਾਲੋਨੀ ਦੀ ਗਲੀ ਨੰ. 4 ਵਿਚ ਇਕ ਪ੍ਰਾਈਵੇਟ ਸਕੂਲ ’ਚ ਇਕ ਵਿਦਿਆਰਥਣ 8ਵੀਂ ਵਿਚ ਪੜ੍ਹਦੀ ਹੈ। ਉਕਤ ਵਿਦਿਆਰਥਣ ਨੇ ਦੱਸਿਆ ਕਿ ਸਹੇਲੀ ਨੇ ਉਸ ਨੂੰ ਕੁਝ ਨੋਟਿਸ ਬਣਾਉਣ ਲਈ ਦਿੱਤੇ ਸਨ ਪਰ ਕਿਸੇ ਕਾਰਨ ਉਹ ਬਣਾ ਨਹੀਂ ਸਕੀ ਤਾਂ 15 ਸਤੰਬਰ ਨੂੰ ਸਹੇਲੀ ਨੇ ਨੋਟਿਸ ਮੰਗੇ ਪਰ ਉਸ ਨੇ ਨਾ ਬਣਾ ਸਕਣ ਅਤੇ ਉਸ ਦੀ ਕਾਪੀ ਘਰ ਪਈ ਹੋਣ ਬਾਰੇ ਦੱਸਿਆ ਪਰ ਉਸ ਦੀ ਸਹੇਲੀ ਨੇ ਅਧਿਆਪਕ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਘਰ ਕਾਪੀ ਲੈਣ ਲਈ ਭੇਜ ਦਿੱਤਾ ਪਰ ਕਿਸੇ ਨੇ ਹੋਰ ਕਾਪੀ ਉਸ ਦੇ ਬੈਗ ’ਚ ਰੱਖ ਦਿੱਤੀ ਅਤੇ ਦੋਸ਼ ਲਾ ਦਿੱਤਾ ਕਿ ਉਸ ਨੇ ਕਾਪੀ ਚੋਰੀ ਕੀਤੀ ਹੈ।
ਇਹ ਵੀ ਪੜ੍ਹੋ : ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਤਣਾਅਪੂਰਨ ਹੋਇਆ ਮਾਹੌਲ
ਅਧਿਆਪਕ ਨੇ ਇਹ ਗੱਲ ਪ੍ਰਿੰਸੀਪਲ ਨੂੰ ਦੱਸੀ, ਜਿਸ ਤੋਂ ਬਾਅਦ ਉਸ ਦੇ ਬੈਗ ’ਚੋਂ ਕਾਪੀ ਕੱਢ ਕੇ ਉਸ ਨੂੰ ਚੋਰ ਦੱਸਣ ਲੱਗ ਗਏ। ਸਕੂਲ ਪ੍ਰਿੰਸੀਪਲ ਨੇ ਉਸ ਨੂੰ ਸਜ਼ਾ ਦੇਣ ਲਈ ਉਸ ਦੇ ਮੱਥੇ ਅਤੇ ਬਾਂਹ ’ਤੇ ਚੋਰ ਲਿਖ ਦਿੱਤਾ। ਫਿਰ ਉਸ ਨੂੰ ਬੇਇੱਜ਼ਤ ਕਰਨ ਲਈ ਸਕੂਲ ’ਚ ਘੁੰਮਾਇਆ ਗਿਆ। ਕੁਝ ਦੇਰ ਬਾਅਦ ਸ਼ਰਮਸਾਰ ਹੋਈ ਬੱਚੀ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਉਨ੍ਹਾਂ ਨੇ ਤੁਰੰਤ ਪ੍ਰੋ-ਲਾਈਫ ਹਸਪਤਾਲ ’ਚ ਬੱਚੀ ਨੂੰ ਦਾਖਲ ਕਰਵਾ ਦਿੱਤਾ, ਜਿੱਥੇ ਉਸ ਦੀ ਰੀੜ੍ਹ ਦੀ ਹੱਡੀ ਅਤੇ ਚੂਲਾ ਟੁੱਟਿਆ ਦੱਸਿਆ ਗਿਆ।
ਇਹ ਵੀ ਪੜ੍ਹੋ : ਪਹਿਲਾਂ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਨੇ ਫਸਾਇਆ ਜਾਲ ’ਚ, ਫਿਰ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ
ਕਾਂਗਰਸੀ ਨੇਤਾ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਏ, ਸਕੂਲ ਦੇ ਬਾਹਰ ਲਾਇਆ ਧਰਨਾ
ਸ਼ੁੱਕਰਵਾਰ ਨੂੰ ਜਦੋਂ ਇਸ ਘਟਨਾ ਦਾ ਪਤਾ ਕਾਂਗਰਸੀ ਨੇਤਾ ਸੁਸ਼ੀਲ ਕਪੂਰ ਅਤੇ ਗੁਰਜੀਤ ਸਿੰਘ ਨੂੰ ਲੱਗਾ ਤਾਂ ਉਹ ਬੱਚੀ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਇਕ ਨਾ ਸੁਣੀ। ਉਲਟਾ ਉਨ੍ਹਾਂ ਨਾਲ ਦੁਰ-ਵਿਵਹਾਰ ਕਰਨ ਲੱਗ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਸਕੂਲ ਪ੍ਰਸ਼ਾਸਨ ਨੇ ਇਲਾਜ ਕਰਵਾਉਣ ਲਈ ਕਿਹਾ ਸੀ। ਪਰਿਵਾਰ ਤੋਂ ਦਸਤਾਵੇਜ਼ ਸਾਈਨ ਕਰਵਾ ਲਏ ਸਨ ਪਰ ਹੁਣ ਸਕੂਲ ਹੀ ਹਸਪਤਾਲ ਤੋਂ ਜ਼ਬਰਦਸਤੀ ਛੁੱਟੀ ਕਰਵਾਉਣ ਦਾ ਦਬਾ ਬਣਾ ਰਿਹਾ ਹੈ। ਪਹਿਲਾਂ ਡਰਦੇ ਹੋਏ ਪੀੜਤ ਪਰਿਵਾਰ ਨੇ ਪੁਲਸ ਸ਼ਿਕਾਇਤ ਨਹੀਂ ਕੀਤੀ। ਹੁਣ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਕੰਮ ਦੌਰਾਨ ਦੋ ਕੁੜੀਆਂ ਨੂੰ ਹੋਇਆ ਪਿਆਰ, ਬਠਿੰਡਾ ’ਚ ਕਰਵਾਇਆ ਵਿਆਹ, ਵਿਵਾਦਾਂ ’ਚ ਗ੍ਰੰਥੀ
ਕੀ ਕਹਿਣਾ ਹੈ ਪੁਲਸ ਦਾ
ਇਸ ਸੰਬੰਧੀ ਜਦੋਂ ਥਾਣਾ ਡਾਬਾ ਦੇ ਐੱਸ.ਆਈ. ਕੁਲਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਧਿਆਨ ’ਚ ਆਇਆ ਹੈ ਪਰ ਪੀੜਤ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ। ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਦੀ ਸੂਚਨਾ ਮਿਲੀ ਸੀ ,ਉੱਥੇ ਪੁਲਸ ਗਈ ਜਿੱਥੇ ਪਤਾ ਲੱਗਾ ਕਿ ਸਕੂਲ ਪ੍ਰਬੰਧਕ ਜ਼ਖਮੀ ਬੱਚੀ ਦਾ ਇਲਾਜ ਕਰਵਾ ਰਹੇ ਹਨ। ਜੇਕਰ ਪੀੜਤ ਪਰਿਵਾਰ ਕੋਈ ਸ਼ਿਕਾਇਤ ਦਿੰਦਾ ਹੈ ਤਾਂ ਉਨ੍ਹਾਂ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8