ਸ਼ਿਵਮ ਸ਼ਰਮਾ ਕਤਲਕਾਂਡ ਨੇ ਖੋਲ੍ਹੀ ਸ਼ਹਿਰ ''ਚ ਸੁਰੱਖਿਆ ਪ੍ਰਬੰਧਾਂ ਦੀ ਪੋਲ

05/05/2019 1:57:09 PM

ਕਪੂਰਥਲਾ (ਭੂਸ਼ਣ)— 12ਵੀਂ ਕਲਾਸ ਦੇ ਵਿਦਿਆਰਥੀ ਸ਼ਿਵਮ ਸ਼ਰਮਾ ਦਾ ਬੇਹਰਿਮੀ ਨਾਲ ਸ਼ਹਿਰ ਦੇ ਮੁੱਖ ਸਦਰ ਬਾਜ਼ਾਰ 'ਚ ਮੁਲਜ਼ਮਾਂ ਵੱਲੋਂ ਕਤਲ ਕਰ ਦਿੱਤਾ ਗਿਆ। ਉਸ ਨਾਲ ਜਿੱਥੇ ਸ਼ਹਿਰ ਵਾਸੀਆਂ 'ਚ ਭਾਰੀ ਖੌਫ ਪੈਦਾ ਹੋ ਗਿਆ ਹੈ, ਉਥੇ ਹੀ ਇਸ ਪੂਰੀ ਵਾਰਦਾਤ ਨੇ ਸ਼ਹਿਰ 'ਚ ਪੁਲਸ ਵੱਲੋਂ ਕੀਤੀ ਜਾ ਰਹੀ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਥੇ ਹੀ ਜੇਕਰ ਸ਼ਹਿਰ 'ਚ ਨਾਕਾਬੰਦੀ ਹੁੰਦੀ ਤਾਂ ਸ਼ਾਇਦ ਫਰਾਰ ਹੋ ਰਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ।
ਮੁਲਜ਼ਮ ਕਈ ਦਿਨਾਂ ਤੋਂ ਸ਼ਿਵਮ ਦੀ ਕਰ ਰਹੇ ਸਨ ਰੇਕੀ
ਜ਼ਿਕਰਯੋਗ ਹੈ ਕਿ 18 ਸਾਲ ਦੇ ਸ਼ਿਵਮ ਸ਼ਰਮਾ ਦਾ ਸ਼ਹਿਰ ਦੇ ਮੁੱਖ ਸਦਰ ਬਾਜ਼ਾਰ 'ਚ 7 ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਇੰਨੀ ਛੋਟੀ ਉਮਰ ਦੇ ਨੌਜਵਾਨ ਦੇ ਕਤਲ ਦੀ ਇਸ ਸੰਗੀਨ ਵਾਰਦਾਤ ਨੇ ਜਿੱਥੇ ਲੋਕਾਂ 'ਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਡਰ ਪੈਦਾ ਹੋ ਗਿਆ ਹੈ । ਉਥੇ ਹੀ ਇਕ ਨਿੱਜੀ ਰੰਜਿਸ਼ ਦੀ ਖਾਤਰ ਨੌਜਵਾਨ ਦਾ ਇੰਨੀ ਬੁਰੀ ਤਰ੍ਹਾਂ ਨਾਲ ਕਤਲ ਕਰਨਾ ਕਈ ਸਵਾਲ ਖੜ੍ਹੇ ਕਰਦਾ ਹੈ। ਜੇਕਰ ਇਸ ਪੂਰੇ ਘਟਨਾਕ੍ਰਮ 'ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਕਿ ਕਿੱਤੇ ਨਾ ਕਿੱਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸ਼ਿਵਮ ਸ਼ਰਮਾ ਦੀ ਕਈ ਦਿਨਾਂ ਤੋਂ ਰੇਕੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਉਸ ਦਾ ਕਤਲ ਕਰਨ ਦੀ ਕਈ ਦਿਨਾਂ ਤੋਂ ਸਾਜ਼ਿਸ਼ ਤਿਆਰ ਕਰ ਲਈ ਸੀ।
ਮੁਲਜ਼ਮਾਂ ਦਾ ਮਕਸਦ ਸ਼ਿਵਮ ਨੂੰ ਮਾਰਨਾ ਹੀ ਸੀ
ਸ਼ਿਵਮ ਵੱਲੋਂ ਆਪਣੇ ਘਰ ਤੋਂ ਮੋਟਰਸਾਈਕਲ 'ਤੇ ਨਿਕਲਣ ਦੌਰਾਨ ਉਸ ਦਾ ਸਦਰ ਬਾਜ਼ਾਰ ਤਕ ਪਿੱਛਾ ਕਰਨਾ ਇਸ ਸੱਚਾਈ ਵੱਲ ਇਸ਼ਾਰਾ ਕਰਦਾ ਹੈ ਕਿ ਮੁਲਜ਼ਮ ਭਿਆਨਕ ਮਨਸੂਬੇ ਲੈ ਕੇ ਨਿਕਲੇ ਸਨ। ਜੋ ਵਰਤਮਾਨ ਦੌਰ 'ਚ ਨੌਜਵਾਨਾਂ ਦੀ ਅਪਰਾਧਾਂ ਨੂੰ ਲੈ ਕੇ ਬਦਲੀ ਹੋਈ ਮਨੋਦਸ਼ਾ ਵੱਲ ਇਸ਼ਾਰਾ ਕਰਦਾ ਹੈ, ਜਿਸ ਤਰ੍ਹਾਂ ਮੁਲਜ਼ਮਾਂ ਨੇ ਮ੍ਰਿਤਕ ਦੇ ਸਿਰ 'ਤੇ ਅਣਗਣਿਤ ਵਾਰ ਕੀਤੇ ਉਸ ਨਾਲ ਇਹ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦਾ ਮਕਸਦ ਤਾਂ ਸ਼ਿਵਮ ਸ਼ਰਮਾ ਨੂੰ ਮਾਰ ਦੇਣ ਦਾ ਹੀ ਸੀ।

PunjabKesari
ਸੰਵੇਦਨਸ਼ੀਲ ਪੁਆਇੰਟਾਂ 'ਤੇ ਨਾਕਾਬੰਦੀ ਹੋਣ 'ਤੇ ਫੜੇ ਜਾ ਸਕਦੇ ਸਨ ਮੁਲਜ਼ਮ
ਇਸ ਵਾਰਦਾਤ ਨੇ ਸ਼ਹਿਰ 'ਚ ਪੀ. ਸੀ. ਆਰ. ਵੱਲੋਂ ਲਗਾਏ ਜਾਣ ਵਾਲੇ ਨਾਕਿਆਂ, ਚੈਕਿੰਗ ਪ੍ਰਣਾਲੀ ਅਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇਸ ਪੂਰੇ ਮਾਮਲੇ 'ਚ ਸਭ ਤੋਂ ਅਹਿਮ ਸਵਾਲ ਤਾਂ ਇਹ ਹੈ ਕਿ ਜੇਕਰ ਸ਼ਹਿਰ ਦੇ ਮੁੱਖ ਸੰਵੇਦਨਸ਼ੀਲ ਪੁਆਇੰਟਾਂ 'ਤੇ ਪੀ. ਸੀ. ਆਰ. ਟੀਮਾਂ ਦੀ ਚੈਕਿੰਗ ਹੁੰਦੀ ਤਾਂ ਸ਼ਾਇਦ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਆਸਾਨੀ ਨਾਲ ਫੜੇ ਜਾ ਸਕਦੇ ਸਨ। ਗੌਰ ਹੋਵੇ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਰ ਦੇ ਮੁੱਖ ਥਾਵਾਂ 'ਤੇ ਦੇਰ ਰਾਤ ਤੱਕ ਕਾਫੀ ਗਿਣਤੀ 'ਚ ਸ਼ੱਕੀ ਨੌਜਵਾਨਾਂ ਨੂੰ 3-3 ਦੀ ਗਿਣਤੀ 'ਚ ਮੋਟਰਸਾਈਕਲਾਂ 'ਤੇ ਘੁੰਮਦੇ ਵੇਖਿਆ ਜਾ ਸਕਦਾ ਹੈ ਜੋ ਕਿ ਮੁੱਖ ਤੌਰ 'ਤੇ ਸ਼ਹਿਰ ਦੇ ਮਾਲ ਰੋਡ, ਸੁਲਤਾਨਪੁਰ ਲੋਧੀ ਮਾਰਗ, ਨਕੋਦਰ ਰੋਡ, ਕਾਂਜਲੀ ਰੋਡ ਅਤੇ ਅੰਮ੍ਰਿਤਸਰ ਰੋਡ ਖੇਤਰਾਂ 'ਚ ਆਮ ਤੌਰ 'ਤੇ ਦੋ ਪਹੀਆ ਵਾਹਨਾਂ 'ਚ ਘੁੰਮਦੇ ਵੇਖੇ ਜਾ ਸਕਦੇ ਹਨ । ਜੋ ਕਿਤੇ ਨਾ ਕਿਤੇ ਸ਼ਹਿਰ 'ਚ ਕਾਫੀ ਹੱਦ ਤਕ ਘੱਟ ਹੋ ਚੁੱਕੇ ਪੁਲਸ ਚੈਕਿੰਗ ਪ੍ਰਬੰਧਾਂ ਦਾ ਫਾਇਦਾ ਉਠਾ ਰਹੇ ਹਨ ।
ਸ਼ਿਵਮ ਨੂੰ ਬਚਾਉਣ ਲਈ ਅੱਗੇ ਆਏ ਸਨ ਨੌਜਵਾਨ
ਜਿਸ ਸਮੇਂ ਮੁਲਜ਼ਮਾਂ ਨੇ ਸ਼ਿਵਮ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਕੇ ਸੜਕ 'ਤੇ ਛੱਡ ਦਿੱਤਾ ਸੀ ਉਸੇ ਦੌਰਾਨ ਉਥੋਂ ਨਿਕਲ ਰਹੇ ਕਈ ਨੌਜਵਾਨਾਂ ਨੇ ਮਨੁੱਖਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੇ ਹੋਏ ਖੂਨ ਨਾਲ ਲਿਬੜੇ ਸ਼ਿਵਮ ਨੂੰ ਤੁਰੰਤ ਮੋਟਰਸਾਈਕਲ 'ਤੇ ਸਿਵਲ ਹਸਪਤਾਲ ਲੈ ਜਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਕਤ ਸਾਰੇ ਨੌਜਵਾਨ ਖੂਨ ਨਾਲ ਭਰ ਗਏ। ਇਨ੍ਹਾ ਨੌਜਵਾਨਾਂ ਵੱਲੋਂ ਮਨੁੱਖਤਾ ਦੀ ਕੀਤੀ ਇਸ ਸੇਵਾ ਦੀ ਸ਼ਹਿਰ 'ਚ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉਥੇ ਹੀ ਸ਼ਹਿਰ ਵਾਸੀਆਂ ਵੱਲੋ ਇਨ੍ਹਾਂ ਨੌਜਵਾਨਾਂ ਨੂੰ ਸਨਮਾਨਤ ਕਰਨ ਦੀ ਵੀ ਮੰਗ ਕੀਤੀ ਗਈ ਹੈ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਸ਼ਿਵਮ ਸ਼ਰਮਾ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਸਾਰੇ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇਗਾ। ਜਿਸ ਲਈ ਛਾਪਾਮਾਰੀ ਦਾ ਦੌਰ ਤੇਜ਼ੀ ਨਾਲ ਜਾਰੀ ਹੈ। ਜਲਦੀ ਹੀ ਸਾਰੇ ਮੁਲਜ਼ਮ ਸਲਾਖਾਂ ਦੇ ਪਿੱਛੇ ਹੋਣਗੇ।


shivani attri

Content Editor

Related News