ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਹੋਇਆ ਕੋਰੋਨਾ
Saturday, Jul 25, 2020 - 10:15 AM (IST)

ਰੂਪਨਗਰ,( ਸੱਜਣ ਸੈਣੀ/ਕੈਲਾਸ਼)- ਰੂਪਨਗਰ ਜੇਲ੍ਹ 'ਚ ਬੰਦ ਸ਼ਿਵ ਸੈਨਾ ਆਗੂ ਸੁਧੀਰ ਸੂਰੀ (56) ਪੁੱਤਰ ਹਰਬੰਸ ਲਾਲ ਦੀ ਕੋਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਬੀਤੇ ਦਿਨੀਂ ਐਨ. ਆਰ. ਆਈ. ਸਿੱਖਾਂ ਬਾਰੇ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਹੇਠ ਪੁਲਿਸ ਵੱਲੋਂ ਸੁਧੀਰ ਸੂਰੀ ਦੇ ਖਿਲਾਫ ਮਾਮਲਾ ਦਰਜ ਕਰ ਕੀਤਾ ਗਿਆ। ਇਸ ਦੌਰਾਨ ਉਸ ਨੂੰ ਇੰਦੌਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜੋ ਕਿ ਅੰਡਰ ਟਰਾਇਲ ਹੈ ਅਤੇ ਇਸ ਸਮੇਂ ਰੂਪਨਗਰ ਜੇਲ੍ਹ ਵਿੱਚ ਹੈ ।
ਜਾਣਕਾਰੀ ਮੁਤਾਬਕ ਜ਼ਿਲਾ ਜੇਲ 'ਚ ਬੰਦ ਪਿੰਡ ਮੰਗੂਪੁਰ ਦੇ ਵਿਅਕਤੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਸ਼ਿਵ ਸੈਨਾ ਟਕਸਾਲੀ ਦੇ ਨੇਤਾ ਨੂੰ 17 ਜੁਲਾਈ ਨੂੰ ਹੁਸ਼ਿਆਰਪੁਰ ਜੇਲ ਤੋਂ ਰੂਪਨਗਰ ਜੇਲ 'ਚ ਸ਼ਿਫਟ ਕੀਤਾ ਗਿਆ ਸੀ। ਜਦਕਿ ਪਾਜ਼ੇਟਿਵ ਆਏ ਦੂਜੇ ਵਿਅਕਤੀ 'ਤੇ ਨੂਰਪੁਰਬੇਦੀ ਪੁਲਿਸ ਨੇ 19 ਜੁਲਾਈ ਨੂੰ ਐੱਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜੇਲ 'ਚ ਉਕਤ ਦੋਵੇਂ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਜੇਲ ਪ੍ਰਸ਼ਾਸਨ ਵੱਲੋਂ ਜੇਲ ਨੂੰ ਸੈਨੇਟਾਈਜ਼ ਕਰਨ ਦਾ ਕੰਮ ਜ਼ੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ।
ਸੂਰੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਸਿਵਲ ਸਰਜਨ ਡਾ. ਐਚ. ਐਨ. ਸ਼ਰਮਾ ਨੇ ਕੀਤੀ ਹੈ। ਰੂਪਨਗਰ ਜੇਲ੍ਹ 'ਚ ਸੂਰੀ ਨੂੰ ਵੱਖਰੀ ਬੈਰਕ 'ਚ ਰੱਖਿਆ ਗਿਆ ਹੈ ਅਤੇ ਜੇਲ੍ਹ 'ਚੋਂ ਸੂਰੀ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਇੱਥੋਂ ਇੱਕ ਖਾੜਕੂ ਸਮੇਤ 5 ਗੈਂਗਸਟਰਾਂ ਅਤੇ 21 ਸ਼ੱਕੀ ਅਪਰਾਧੀ ਪਿਛੋਕੜ ਵਾਲੇ ਹਵਾਲਾਤੀਆਂ ਨੂੰ ਵੀ ਰੂਪਨਗਰ ਜੇਲ੍ਹ 'ਚੋਂ ਤਬਦੀਲ ਕਰਕੇ ਪਟਿਆਲਾ ਅਤੇ ਨਾਭਾ ਜੇਲ੍ਹਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ।