ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਖਿਲਾਫ ਬੇਹੁਦੇ ਸ਼ਬਦ ਬੋਲਣ 'ਤੇ ਸ਼ਿਵ ਸੈਨਾ ਨੇਤਾ ਦਾ ਭਰਾ ਗ੍ਰਿਫਤਾਰ
Tuesday, Apr 17, 2018 - 12:08 PM (IST)
ਗੁਰਦਾਸਪੁਰ (ਵਿਨੋਦ)- ਬੀਤੇ ਦਿਨੀਂ ਪੰਜਾਬੀ ਗਾਇਕ ਪਰਮੀਸ਼ ਵਰਮਾ ਉਪਰ ਗੈਂਗਸਟਰਾਂ ਵਲੋਂ ਕੀਤੇ ਹਮਲੇ ਤੋਂ ਬਾਅਦ ਸ਼ਿਵ ਸੈਨਾ ਪੰਜਾਬ ਦੇ ਨੇਤਾ ਦੇ ਭਰਾ ਰਣਦੀਪ ਸ਼ਰਮਾ ਪੁੱਤਰ ਨਰੇਸ਼ ਕੁਮਾਰ ਨਿਵਾਸੀ ਗੁਨੋਪੁਰ ਵਲੋਂ ਸੋਸ਼ਲ ਮੀਡੀਆ ਤੇ ਸਿੱਖ ਭਾਈਚਾਰੇ ਦੇ ਖਿਲਾਫ਼ ਬੇਹੁਦੇ ਸ਼ਬਦ ਵਰਤਨ ਤੇ ਧਮਕਾਉਣ ਦੇ ਖਿਲਾਫ਼ ਥਾਣਾ ਭੈਣੀ ਮੀਆਂ ਖਾਂ ਵਿਖੇ ਸਿੱਖ ਆਗੂਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਣਦੀਪ ਸ਼ਰਮਾ ਨੇ ਬੀਤੇ ਦਿਨੀਂ ਸ਼ੋਸਲ ਮੀਡੀਆ 'ਤੇ ਇਕ ਵੀਡਿਓ ਬਿਆਨ ਵਿਚ ਸਿੱਖ ਭਾਈਚਾਰੇ ਦੇ ਖਿਲਾਫ ਬਹੁਤ ਹੀ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਇਸ ਬਿਆਨ ਦਾ ਸਿੱਖ ਭਾਈਚਾਰੇ ਨੇ ਹੀ ਨਹੀਂ ਹਨ ਬਲਕਿ ਹਿੰਦੂ ਭਾਈਚਾਰੇ ਨੇ ਵੀ ਡੱਟ ਕੇ ਨਿਖੇਧੀ ਕੀਤੀ ਸੀ। ਅੱਜ ਥਾਣਾ ਭੈਣੀ ਮੀਆਂ ਵਿਖੇ ਭਾਈ ਜਥੇਦਾਰ ਸੁੱਚਾ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਛਿਛਰਾਂ ਵਲੋਂ ਪ੍ਰਦੀਪ ਸ਼ਰਮਾ ਖਿਲਾਫ ਲਿਖਤੀ ਤੌਰ 'ਤੇ ਸ਼ਿਕਾਇਤ ਦੇ ਆਧਾਰ ਤੇ ਪੁਲਸ ਨੇ ਪ੍ਰਦੀਪ ਸ਼ਰਮਾ ਦੇ ਖਿਲਾਫ਼ ਮੁਕੱਦਮਾ ਨੰਬਰ 22 ਦੇ ਤਹਿਤ ਧਾਰਾ 294, 298 , 115, 505,506, ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਨੂੰ ਲੈ ਕੇ ਇਲਾਕੇ ਤੇ ਹੋਰ ਸਿੱਖ ਭਾਈਚਾਰੇ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਸੀ ਅਤੇ ਪ੍ਰਦੀਪ ਸ਼ਰਮਾ ਵਰਗੇ ਸ਼ਰਾਰਤੀ ਅਨਸਰ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਸੰਬੰਧੀ ਡੀ.ਐੱਸ.ਪੀ ਗੁਰਬੰਸ ਸਿੰਘ ਤੇ ਭੈਣੀ ਮੀਆਂ ਖਾਂ ਦੇ ਥਾਣਾ ਮੁਖੀ ਸਰਬਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਗੀਨ ਮਾਮਲਾ ਹੈ ਜੋ ਕਿ ਸੁੱਚਾ ਸਿੰਘ ਦੇ ਬਿਆਨਾਂ ਤੇ ਦਰਜ਼ ਕੀਤਾ ਗਿਆ ਹੈ, ਜਿਸ 'ਚ ਇਕ ਫਿਰਕੇ ਖਿਲਾਫ ਨਫ਼ਰਤ ਫੈਲਾਉਣੀ, ਦੰਗਿਆ ਵਰਗੀ ਭਾਵਨਾ ਨੂੰ ਫੈਲਾਉਣ, ਖਾਸ ਫਿਰਕੇ ਨੂੰ ਧਮਕਾਉਣ ਵਰਗੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
