ਗੁਰਦਾਸ ਮਾਨ ਦੇ ਹੱਕ ''ਚ ਆਈ ਸ਼ਿਵਾ ਸੈਨਾ ਹਿੰਦੁਸਤਾਨ
Wednesday, Sep 25, 2019 - 10:01 PM (IST)

ਪਟਿਆਲਾ (ਜੋਸਨ)-ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਮੁੱਖ ਪਵਨ ਕੁਮਾਰ ਗੁਪਤਾ ਨੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਪੰਜਾਬੀਅਤ ਦੇ ਸਨਮਾਨਯੋਗ ਕਲਾਕਾਰ ਗੁਰਦਾਸ ਮਾਨ ਵੱਲੋਂ ਲਏ ਉਸ ਦਲੇਰਾਨਾ ਸਟੈਂਡ ਦਾ ਸਮਰਥਨ ਕੀਤਾ ਹੈ, ਜਿਸ ਵਿਚ ਉਨ੍ਹਾਂ ਇਕ ਰਾਸ਼ਟਰ ਅਤੇ ਇਕ ਭਾਸ਼ਾ ਨੀਤੀ ਅਨੁਸਾਰ ਹਿੰਦੀ ਭਾਸ਼ਾ ਦਾ ਜ਼ੋਰਦਾਰ ਸਮਰਥਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਨਵੇਂ ਪੰਜਾਬੀ ਗਾਇਕ ਪੈਸੇ ਅਤੇ ਕੇਵਲ ਪ੍ਰਸਿੱਧੀ ਲਈ ਸ਼ਰਾਬ, ਨਸ਼ਾ, ਅਸਲੇ ਅਤੇ ਬੇਸ਼ਰਮੀ ਆਧਾਰਤ ਗੀਤ ਗਾਉਣ ਲੱਗੇ ਸਨ, ਉਦੋਂ ਵੀ ਕੇਵਲ ਉੱਚ ਮਿਆਰੀ ਪੰਜਾਬੀਆਂ ਦੇ ਸੱਭਿਆਚਾਰ ਦੀ ਬਾਂਹ ਪੰਜਾਬੀ ਸਾਹਿਤ ਭਾਸ਼ਾਵਾਂ ਦੇ ਮਹਾਨ ਕਲਾਕਾਰ ਗੁਰਦਾਸ ਮਾਨ ਨੇ ਹੀ ਫੜੀ ਸੀ ਅਤੇ ਉਸ ਨੇ ਹੀ ਦੁਨੀਆ ਵਿਚ ਪੰਜਾਬੀਆਂ ਦਾ ਮਾਣ-ਸਤਿਕਾਰ ਬਣਾਈ ਰੱਖਿਆ। ਗੁਰਦਾਸ ਮਾਨ ਨੇ ਇਕ ਦੇਸ਼-ਭਗਤ ਪੰਜਾਬੀ ਹੋਣ ਦੇ ਨਾਤੇ ਰਾਸ਼ਟਰੀ ਭਾਸ਼ਾ ਦੇ ਹੱਕ ਵਿਚ ਜਿਹੜਾ ਨਿਡਰ ਸਟੈਂਡ ਲਿਆ, ਸ਼ਿਵ ਸੈਨਾ ਹਿੰਦੁਸਤਾਨ ਉਸ ਦਾ ਸਮਰਥਨ ਕਰਦੀ ਹੈ। ਗੁਰਦਾਸ ਮਾਨ ਦਾ ਜਿਹੜੇ ਪੰਜਾਬੀ ਭਾਸ਼ਾ ਦੇ ਅਖੌਤੀ ਸਮਰਥਕ ਵਿਰੋਧ ਕਰਦੇ ਹਨ, ਉਹ ਪੰਜਾਬੀਆਂ ਦੇ ਅਮੀਰ ਵਿਰਸੇ ਤੋਂ ਅਣਜਾਣ ਹਨ। ਸਾਰੇ ਸੂਬਿਆਂ ਦੀਆਂ ਭਾਸ਼ਾਵਾਂ ਦਾ ਪੂਰਾ ਸਨਮਾਨ ਹੋਣ ਦੇ ਨਾਲ-ਨਾਲ ਇਕ ਰਾਸ਼ਟਰੀ ਭਾਸ਼ਾ ਹੋਣੀ ਜ਼ਰੂਰੀ ਹੈ। ਸ਼ਿਵ ਸੈਨਾ ਹਿੰਦੁਸਤਾਨ ਅਮਿਤ ਸ਼ਾਹ ਗ੍ਰਹਿ ਮੰਤਰੀ ਭਾਰਤ ਸਰਕਾਰ ਦੇ ਬਿਆਨ ਦਾ ਜ਼ੋਰਦਾਰ ਸਵਾਗਤ ਕਰਦੀ ਹੈ।