ਸ਼ਿਵ ਸੈਨਾ ਪ੍ਰਧਾਨ ਊਸ਼ਾ ਮਾਹੀ ''ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼

07/01/2018 6:38:29 AM

ਜਲੰਧਰ, (ਜ. ਬ.)- ਸ਼ਿਵ ਸੈਨਾ ਬਾਲ ਠਾਕਰੇ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਊਸ਼ਾ ਮਾਹੀ 'ਤੇ ਟਾਵਰ ਇਨਕਲੇਵ ਫੇਜ਼-1 ਵਿਚ ਰਹਿਣ ਵਾਲੀ ਰਾਜਕੁਮਾਰੀ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਪੀ. ਏ. ਪੀ. ਵਿਚ ਬਤੌਰ ਸੀਨੀਅਰ ਅਸਿਸਟੈਂਟ ਦੇ ਅਹੁਦੇ 'ਤੇ ਤਾਇਨਾਤ ਰਾਜਕੁਮਾਰੀ ਨੇ ਇਸ ਸਬੰਧ ਵਿਚ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਲਿਖ ਕੇ ਕਿਹਾ ਹੈ ਕਿ ਬੀਤੇ ਦਿਨੀਂ ਕੁਝ ਲੋਕ ਉਸ ਦੇ ਘਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਊਸ਼ਾ ਮਾਹੀ ਵਲੋਂ ਵਿਆਜ 'ਤੇ ਦਿੱਤੇ ਗਏ ਪੈਸੇ ਦੀ ਡਿਮਾਂਡ ਕਰਨ ਲੱਗੇ। ਇਸ 'ਤੇ ਉਨ੍ਹਾਂ ਦੱਸਿਆ ਕਿ ਊਸ਼ਾ ਮਾਹੀ ਤੋਂ 15 ਪ੍ਰਤੀਸ਼ਤ ਵਿਆਜ 'ਤੇ ਲਏ ਗਏ 2.50 ਲੱਖ ਰੁਪਏ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਹਨ। 
ਉਨ੍ਹਾਂ ਕਿਹਾ ਕਿ ਉਹ ਚੱਲਣ-ਫਿਰਨ ਵਿਚ ਅਸਮਰੱਥ ਹੈ, ਜਿਸ ਦਾ ਫਾਇਦਾ ਉਠਾ ਕੇ ਉਕਤ ਲੋਕ ਘਰ ਵਿਚ ਖੜ੍ਹੀ ਅਲਟੋ ਕਾਰ ਲੈ ਗਏ ਅਤੇ ਕੁੱਟ-ਮਾਰ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਸਬੰਧ ਵਿਚ ਉਨ੍ਹਾਂ ਥਾਣਾ ਭਾਰਗੋ ਕੈਂਪ ਵਿਚ ਸ਼ਿਕਾਇਤ ਵੀ ਦਿੱਤੀ ਪਰ ਬਣਦੀ ਕਾਰਵਾਈ ਨਹੀਂ ਹੋ ਸਕੀ। 
ਉਨ੍ਹਾਂ ਦੱਸਿਆ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਊਸ਼ਾ ਮਾਹੀ 6-7 ਵਿਅਕਤੀਆਂ ਦੇ ਨਾਲ ਉਨ੍ਹਾਂ ਦੇ ਘਰ ਆਈ ਤੇ ਪੈਸੇ ਦੀ ਮੰਗ ਕਰਨ ਲੱਗੀ। ਜ਼ਬਰਦਸਤੀ ਉਨ੍ਹਾਂ ਦੇ ਘਰੋਂ ਚਾਰ ਸੋਨੇ ਦੀ ਚੂੜੀਆਂ, 25 ਹਜ਼ਾਰ ਨਕਦ ਖੋਹ ਕੇ ਲੈ ਗਏ। ਇਨਸਾਫ ਦੀ ਮੰਗ ਕਰਦੇ ਹੋਏ ਉਨ੍ਹਾਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਉਸ ਦੇ ਲਈ ਊਸ਼ਾ ਮਾਹੀ ਜ਼ਿੰਮੇਵਾਰ ਹੋਵੇਗੀ।
ਪੈਸੇ ਵਾਪਸ ਨਾ ਦੇਣ ਕਾਰਨ ਰਚੀ ਸਾਜ਼ਿਸ਼ : ਮਾਹੀ 
ਉਥੇ ਹੀ ਇਸ ਸਬੰਧ ਵਿਚ ਊਸ਼ਾ ਮਾਹੀ ਦਾ ਕਹਿਣਾ ਹੈ ਰਾਜਕੁਮਾਰੀ ਨੇ ਆਪਣੇ ਬੇਟੇ ਨੂੰ ਵਿਦੇਸ਼ ਭੇਜਣ ਲਈ ਕੁਝ ਸਾਲ ਪਹਿਲਾਂ ਮਦਦ ਦੇ ਤੌਰ 'ਤੇ ਰੁਪਏ ਲਏ ਸਨ, ਜਿਸ ਦਾ ਉਨ੍ਹਾਂ ਨੇ ਕਦੀ ਵਿਆਜ ਨਹੀਂ ਲਿਆ। ਬੇਟਾ ਵਿਦੇਸ਼ ਤੋਂ ਵਾਪਸ ਵੀ ਆ ਗਿਆ ਪਰ ਫਿਰ ਵੀ ਰਾਜਕੁਮਾਰੀ ਪੈਸੇ ਵਾਪਸ ਕਰਨ ਦਾ ਨਾਂ ਨਹੀਂ ਲੈ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਰਾਜਕੁਮਾਰੀ ਨਾਲ ਸੰਪਰਕ ਕੀਤਾ। ਇਸ 'ਤੇ ਉਨ੍ਹਾਂ ਨੇ ਕਿਸ਼ਤਾਂ ਵਿਚ ਪੈਸੇ ਦੇਣ ਦੀ ਗੱਲ ਮੰਨੀ। ਉਨ੍ਹਾਂ ਕੋਲ ਲਿਖਤ ਵੀ ਹੈ, ਜਿਸ 'ਤੇ ਲਿਖਿਆ ਹੈ ਕਿ ਸਮੇਂ 'ਤੇ ਪੈਸੇ ਨਾ ਦੇਣ 'ਤੇ ਉਹ ਆਪਣੀ ਗੱਡੀ ਦੇਵੇਗੀ। ਗੱਡੀ ਰਾਜਕੁਮਾਰੀ ਨੇ ਖ਼ੁਦ ਭਿਜਵਾਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਭਾਰਗੋ ਕੈਂਪ ਥਾਣੇ ਭਿਜਵਾ ਦਿੱਤੀ। ਹੁਣ ਵੀ ਗੱਡੀ ਉਥੇ ਖੜ੍ਹੀ ਹੈ। ਪੈਸੇ ਵਾਪਸ ਨਾ ਦੇਣ ਦੀ ਇੱਛਾ ਨਾਲ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਗਈ ਹੈ। 


Related News