ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਮੌਕੇ ਵਿਸ਼ਾਲ ਗੁਰਮਤਿ ਸਮਾਗਮ

Thursday, Apr 21, 2022 - 09:00 PM (IST)

ਸ਼੍ਰੋਮਣੀ ਕਮੇਟੀ ਵੱਲੋਂ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਮੌਕੇ ਵਿਸ਼ਾਲ ਗੁਰਮਤਿ ਸਮਾਗਮ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਵਰ੍ਹੇ ਦੀ ਸੰਪੂਰਨਤਾ ਅਤੇ 401ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸਿੱਖ ਮਸਲਿਆਂ ਦਾ ਤੁਰੰਤ ਹੱਲ ਕਰਨ ਲਈ ਭਾਰਤ ਸਰਕਾਰ ਨੂੰ ਸੰਜੀਦਾ ਹੋਣ ਦਾ ਸੁਨੇਹਾ ਦਿੱਤਾ ਗਿਆ। ਇਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਜਾਏ ਗਏ ਇਸ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਬਾਬਾ ਤੇਜਾ ਸਿੰਘ ਖੁਡਾ ਕੁਰਾਲਾ ਨਿਰਮਲੇ ਤੇ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਨੌਵੇਂ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਧਰਮ ਅਤੇ ਮਾਨਵਤਾ ਦੀ ਰਖਵਾਲੀ ਲਈ ਸੀ ਪਰ ਦੁੱਖ ਦੀ ਗੱਲ ਹੈ ਕਿ ਅੱਜ ਗੁਰੂ ਸਾਹਿਬ ਦੇ ਵਰੋਸਾਏ ਸਿੱਖਾਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਲੰਮੇ ਸਮੇਂ ਤੋਂ ਲਟਕਦੇ ਸਿੱਖ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਸਮੇਤ ਹਰ ਇਕ ਦੀ ਧਾਰਮਿਕ ਆਜ਼ਾਦੀ ਨੌਵੇਂ ਪਾਤਸ਼ਾਹ ਦੀ ਸੋਚ ਅਨੁਸਾਰ ਕਾਇਮ ਰਹਿਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਨਾਲ ਧੱਕਾ ਹੁੰਦਾ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਦਿੱਲੀ ਦੀ ਸਰਕਾਰ ਸੰਜੀਦਾ ਨਹੀਂ ਹੈ।

PunjabKesari

ਇਹ ਵੀ ਪੜ੍ਹੋ : ਇਟਲੀ ਭੇਜਣ ਦੇ ਨਾਂ 'ਤੇ ਟੈਕਸੀ ਡਰਾਈਵਰ ਤੋਂ 4 ਲੱਖ ਰੁਪਏ ਲੈ ਕੇ ਮੁੱਕਰੇ ਮਾਂ-ਬੇਟੇ 'ਤੇ ਕੇਸ ਦਰਜ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਮੰਤਵ ਹਰ ਇਕ ਨੂੰ ਆਪਣਾ ਇਸ਼ਟ ਪੂਜਣ ਦਾ ਅਧਿਕਾਰ ਦਿਵਾਉਣਾ ਸੀ ਪਰ ਅੱਜ ਭਾਰਤ ਅੰਦਰ ਗੁਰੂ ਸਾਹਿਬ ਦੀ ਸੋਚ ਤੋਂ ਉਲਟ ਜਾ ਕੇ ਘੱਟਗਿਣਤੀਆਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਦਬਾਇਆ ਜਾ ਰਿਹਾ ਹੈ। ਸਿੱਖ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ 1947 ਦੀ ਦੇਸ਼ ਵੰਡ ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ ਅਤੇ ਇਸੇ ਕਰਕੇ ਹੀ ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਦੇਸ਼ ਵੰਡ ਤੋਂ ਲੈ ਕੇ ਸਿੱਖਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਵਿਸ਼ਵਾਸ ਬਹਾਲੀ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਲੁਕਵਾਂ ਪੱਖ ਨਹੀਂ ਹੈ ਕਿ ਅੱਜ ਸਿੱਖਾਂ ’ਤੇ ਹਮਲੇ ਹੋ ਰਹੇ ਹਨ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਗੁਰਬਾਣੀ ’ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋ ਰਹੇ ਹਮਲਿਆਂ ਦਾ ਇਕਜੁਟ ਹੋ ਕੇ ਜਵਾਬ ਦੇਣ ਲਈ ਵੀ ਆਖਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਥਮਿੰਦਰ ਸਿੰਘ ਅਨੰਦ ਨਾਂ ਦੇ ਵਿਅਕਤੀ ਨੇ ਗੁਰਬਾਣੀ ਨੂੰ ਤੋੜ-ਮਰੋੜ ਕੇ ਪ੍ਰਕਾਸ਼ਿਤ ਕੀਤਾ ਹੈ, ਜਿਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 3 ਮਈ ਨੂੰ ਪੰਥਕ ਇਕੱਠ ਬੁਲਾਇਆ ਗਿਆ ਹੈ। ਇਸ ਇਕੱਤਰਤਾ ਮੌਕੇ ਜੋ ਵੀ ਸਾਂਝੀ ਰਾਇ ਬਣੇਗੀ ਉਸ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਠੋਸ ਫੈਸਲਾ ਲਿਆ ਜਾਵੇਗਾ। ਉਨ੍ਹਾਂ ਵਿਦੇਸ਼ਾਂ ’ਚ ਵੱਸਦੇ ਸਿੱਖਾਂ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਨਾਲ ਜੋੜੀ ਰੱਖਣ ਲਈ ਯਤਨ ਕਰਨ ਦੀ ਅਪੀਲ ਵੀ ਕੀਤੀ।

ਇਹ ਵੀ ਪੜ੍ਹੋ : ਛੇੜਛਾੜ ਦੇ ਦੋਸ਼ ਲਗਾ ਵਿਦਿਆਰਥਣਾਂ ਤੇ ਪਿੰਡ ਵਾਸੀਆਂ ਨੇ ਕੁੱਟਿਆ ਨੌਜਵਾਨ (ਵੀਡੀਓ)

PunjabKesari

ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਨੂੰ ਸਿੱਖ ਮਸਲਿਆਂ ਦੇ ਹੱਲ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕੇਂਦਰ ਸਰਕਾਰ ਵੱਲੋਂ ਵੀ ਦਿੱਲੀ ਦੇ ਲਾਲ ਕਿਲ੍ਹੇ ’ਤੇ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਚੰਗਾ ਹੁੰਦਾ ਜੇਕਰ ਪ੍ਰਧਾਨ ਮੰਤਰੀ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਸਿੱਖ ਗੁਰਧਾਮਾਂ ਦਾ ਪ੍ਰਬੰਧ ਪੰਥ ਨੂੰ ਸੌਂਪਣ ਅਤੇ ਸਿੱਖਾਂ ’ਤੇ ਦੇਸ਼ ਅੰਦਰ ਹੁੰਦੇ ਨਸਲੀ ਹਮਲਿਆਂ ਸਬੰਧੀ ਕੋਈ ਠੋਸ ਕਦਮ ਉਠਾਉਣ ਦਾ ਐਲਾਨ ਕਰਦੇ। ਉਨ੍ਹਾਂ ਆਖਿਆ ਕਿ ਨੌਵੇਂ ਪਾਤਸ਼ਾਹ ਨੇ ਧਰਮ ਦੀਆਂ ਕਦਰਾਂ-ਕੀਮਤਾਂ ਨੂੰ ਦਬਾਉਣ ਵਾਲਿਆਂ ਵਿਰੁੱਧ ਅਜ਼ਾਦ ਬੁਲੰਦ ਕੀਤੀ ਸੀ ਪਰ ਅੱਜ ਉਨ੍ਹਾਂ ਦੇ ਧਰਮ ਅਨੁਯਾਈਆਂ ਨੂੰ ਦੇਸ਼ ਅੰਦਰ ਧਰਮ ਦੀਆਂ ਮਾਨਵਾਤਾਂ ’ਤੇ ਪਹਿਰਾ ਦੇਣ ਤੋਂ ਰੋਕਿਆ ਜਾ ਰਿਹਾ ਹੈ। ਕਦੀ ਕਿਰਪਾਨ, ਕਦੀ ਦਸਤਾਰ ਆਦਿ ਦੇ ਮਸਲੇ ਜਾਣਬੁੱਝ ਕੇ ਉਲਝਾਏ ਜਾ ਰਹੇ ਹਨ ਅਤੇ ਦੁੱਖ ਇਸ ਗੱਲ ਦਾ ਹੈ ਕਿ ਸਰਕਾਰਾਂ ਨੂੰ ਲਿਖਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਉਨ੍ਹਾਂ ਸਰਕਾਰ ਨੂੰ ਇਨ੍ਹਾਂ ਮਾਮਲਿਆਂ ’ਤੇ ਸੰਜੀਦਾ ਰੁਖ ਅਪਨਾਉਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਮੋਰਿੰਡਾ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਨਤਮਸਤਕ ਹੁੰਦਿਆਂ ਭਾਰਤੀ ਸੰਸਦ ਅੰਦਰ 1984 ’ਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਹਮਲੇ, ਦਿੱਲੀ ਸਿੱਖ ਕਤਲੇਆਮ ਦੀ ਮੁਆਫ਼ੀ ਮੰਗਣ ਦੀ ਪਹਿਲ ਕਦਮੀ ਹੋਵੇ ਅਤੇ ਇਸ ਦੇ ਨਾਲ ਹੀ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਰੱਦ ਕਰਨ ਦਾ ਮਤਾ, ਕਾਲੀ ਸੂਚੀ ਖਤਮ ਕਰਨ ਅਤੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ, ਧਾਰਾ 25-ਬੀ ਖਤਮ ਕਰਨ, ਗੁਰਧਾਮਾਂ ਦੇ ਲਟਕਦੇ ਮਸਲੇ ਅਤੇ ਸਿੱਖ ਸੰਸਥਾਵਾਂ ਨਾਲ ਜੁੜੇ ਸਰੋਕਾਰਾਂ ਨੂੰ ਤਵੱਜੋ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਕੇਂਦਰ ਦੀ ਸਿੱਖਾਂ ਪ੍ਰਤੀ ਭਾਵਨਾ ਦੇ ਸ਼ੁੱਧੀਕਰਨ ਦਾ ਪਤਾ ਲੱਗ ਸਕੇਗਾ।

PunjabKesari

ਇਹ ਵੀ ਪੜ੍ਹੋ : ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਸਮਾਗਮ ’ਚ ਪੁੱਜੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਦਿੱਤਾ ਗਿਆ। ਪੁੱਜੀਆਂ ਸ਼ਖ਼ਸੀਅਤਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਸਰਵਣ ਸਿੰਘ ਕੁਲਾਰ, ਭਾਈ ਅਮਰਜੀਤ ਸਿੰਘ ਬੰਡਾਲਾ, ਬੀਬੀ ਗੁਰਪ੍ਰੀਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਭਗਵੰਤ ਸਿੰਘ ਸਿਆਲਕਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਰਾਮ ਸਿੰਘ, ਕੇਵਲ ਸਿੰਘ ਬਾਦਲ, ਗੁਰਨਾਮ ਸਿੰਘ ਜੱਸਲ, ਅਮਰਜੀਤ ਸਿੰਘ ਭਲਾਈਪੁਰ, ਮੰਗਵਿੰਦਰ ਸਿੰਘ ਖਾਪੜਖੇੜੀ, ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਜਸਪਾਲ ਸਿੰਘ ਤਲਵੰਡੀ ਭਾਈ, ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਬੀਬੀ ਸਵਰਨ ਕੌਰ ਤੇੜਾ, ਅਵਤਾਰ ਸਿੰਘ ਵਣਵਾਲਾ, ਕੁਲਦੀਪ ਸਿੰਘ ਤੇੜਾ, ਮਹਾਪੁਰਸ਼ਾਂ 'ਚੋਂ ਬਾਬਾ ਗੁਰਮੇਜ ਸਿੰਘ, ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਵੱਲੋਂ ਬਾਬਾ ਅਵਤਾਰ ਸਿੰਘ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਬਾਬਾ ਗੁਰਪ੍ਰੀਤ ਸਿੰਘ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵੱਲੋਂ ਸੇਵਾਦਾਰ ਬਾਬਾ ਅਵਨੀਤ ਸਿੰਘ, ਬਾਬਾ ਸੱਜਣ ਸਿੰਘ ਗੁਰੂ ਕੇ ਬੇਰ, ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ੍ਹ, ਬਾਬਾ ਮੇਜਰ ਸਿੰਘ ਵਾਂ, ਬਾਬਾ ਜੋਗਾ ਸਿੰਘ, ਬਾਬਾ ਰਣਜੋਧ ਸਿੰਘ ਸ਼ਾਮ ਚੁਰਾਸੀ, ਬਾਬਾ ਲਖਵਿੰਦਰ ਸਿੰਘ ਪਾਰਸ (ਅੰਬਾਲਾ), ਬਾਬਾ ਮੁਕੰਦ ਸਿੰਘ, ਬਾਬਾ ਦਿਲਬਾਗ ਸਿੰਘ ਸੇਵਾ ਪੰਥੀ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਬਾਬਾ ਸਰਵਨ ਸਿੰਘ ਮਲਕਪੁਰ ਵਾਲੇ, ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਬਲਦੇਵ ਸਿੰਘ ਵੱਲ੍ਹਾ, ਬਾਬਾ ਮੇਜਰ ਸਿੰਘ ਸੋਢੀ, ਬਾਬਾ ਪਰਗਟ ਸਿੰਘ, ਬਾਬਾ ਹਰਜਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ, ਬਾਬਾ ਨਰਿੰਦਰ ਸਿੰਘ, ਬਾਬਾ ਮੌਜ ਦਾਸ, ਗ੍ਰੰਥੀ ਸਭਾ ਤੋਂ ਗਿਆਨੀ ਨਰਿੰਦਰ ਸਿੰਘ ਤੇ ਭਾਈ ਕੁਲਦੀਪ ਸਿੰਘ, ਜਵੰਦੀ ਟਕਸਾਲ ਤੋਂ ਭਾਈ ਗੁਰਵਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ ਤੁੰਗ, ਬਾਬਾ ਸੁਰਿੰਦਰ ਸਿੰਘ ਮਿੱਠੇ ਟਿਵਾਣੇ ਵਾਲੇ, ਬਾਬਾ ਗੁਰਭੇਜ ਸਿੰਘ, ਬਾਬਾ ਗੁਰਦੇਵ ਸਿੰਘ ਤਰਸਿੱਕਾ, ਬਾਬਾ ਹਰਦੇਵ ਸਿੰਘ ਤਲਵੰਡੀ ਰਾਈਆ, ਨਿਰਮਲੇ ਸੰਪ੍ਰਦਾ ਵੱਲੋਂ ਵਰਿੰਦਰ ਮੁਨੀ ਜੀ, ਬਾਬਾ ਮਨਜੀਤ ਸਿੰਘ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਲਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਬਿਜੈ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਗੁਰਿੰਦਰ ਸਿੰਘ ਮਥਰੇਵਾਲ, ਗੁਰਮੀਤ ਸਿੰਘ ਬੁੱਟਰ, ਨਿਰਵੈਲ ਸਿੰਘ, ਸਾਬਕਾ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸੁਪ੍ਰਿੰਟੈਂਡੈਂਟ ਮਲਕੀਤ ਸਿੰਘ ਬਹਿੜਵਾਲ, ਪਲਵਿੰਦਰ ਸਿੰਘ ਚਿੱਟਾ ਸਮੇਤ ਸੰਗਤਾਂ ਹਾਜ਼ਰ ਸਨ।

PunjabKesari

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਗੜ੍ਹਸ਼ੰਕਰ ਦੇ ਸਕੂਲ ਦਾ ਦੌਰਾ, ਵਿਦਿਆਰਥੀਆਂ ਨਾਲ ਮਨਾਇਆ ਜਨਮ ਦਿਨ

ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜੇ ਜਲੌ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਪ੍ਰਕਾਸ਼ ਪੁਰਬ ਮੌਕੇ ਪ੍ਰਕਾਸ਼ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੋਸ਼ਾਖਾਨਾ ਦੀਆਂ ਬੇਸ਼ਕੀਮਤੀ ਸੁੰਦਰ ਵਸਤਾਂ ਦੇ ਸੁੰਦਰ ਜਲੌ ਸਜਾਏ ਗਏ। ਇਸੇ ਦੌਰਾਨ ਵਿਸ਼ੇਸ਼ ਬੱਸ 'ਚ ਸੁਸ਼ੋਭਿਤ ਗੁਰੂ ਸਾਹਿਬਾਨ ਦੇ ਸ਼ਸਤਰਾਂ ਬਸਤਰਾਂ ਦੇ ਸੰਗਤ ਨੇ ਦਰਸ਼ਨ ਕੀਤੇ ਅਤੇ ਚਿੱਤਰ ਪ੍ਰਦਰਸ਼ਨੀ ਰਾਹੀਂ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਇਕ ਵੱਡ-ਅਕਾਰੀ ਸਕਰੀਨ ਰਾਹੀਂ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਦੇ ਜੀਵਨ ਇਤਿਹਾਸ ਸੰਬੰਧੀ ਤਿਆਰ ਕੀਤੀ ਡਾਕੂਮੈਂਟਰੀ ਵੀ ਦਿਖਾਈ ਗਈ। ਬੀਤੀ ਰਾਤ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਕੀਰਤਨ ਦਰਬਾਰ ਵੀ ਸਜਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਗੁਰੂ ਕੇ ਲੰਗਰ ਨਿਰਵਿਘਨ ਚੱਲਦੇ ਰਹੇ।


author

Anuradha

Content Editor

Related News