ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਵੀਜ਼ੇ ਦੇਣ ''ਚ ਫਰਾਖ਼ਦਿਲੀ ਵਿਖਾਏ ਪਾਕਿਸਤਾਨ ਸਰਕਾਰ : ਭਾਈ ਲੌਂਗੋਵਾਲ

01/11/2020 7:50:58 PM

ਅੰਮ੍ਰਿਤਸਰ,(ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨ ਦੂਤਾਵਾਸ ਵੱਲੋਂ ਵੀਜ਼ਾ ਨਾ ਦੇਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਜਿਹਾ ਹੋਣਾ ਅਫ਼ਸੋਸਨਾਕ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਖੇ ਸਿੱਖਾਂ ਦੇ ਮਹਾਨ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਖਿਲਾਫ਼ ਫਿਰਕੂ ਲੋਕਾਂ ਵੱਲੋਂ ਵਰਤੀ ਗਈ ਮੰਦਭਾਸ਼ਾ ਅਤੇ ਸਿੱਖ ਵਿਰੋਧੀ ਟਿੱਪਣੀਆਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਨਾ ਦੇਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੂਤਾਵਾਸ ਨੂੰ ਇਸ 'ਤੇ ਮੁੜ ਗੌਰ ਕਰਨਾ ਚਾਹੀਦਾ ਹੈ। 
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਪਾਕਿਸਤਾਨ ਦੂਤਾਵਾਸ ਤੱਕ ਮੁੜ ਪਹੁੰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਕਿਸਤਾਨ ਓਕਾਫ ਬੋਰਡ ਨਾਲ ਵੀ ਰਾਬਤਾ ਬਣਾਇਆ ਜਾਵੇਗਾ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਸੰਸਾਰ ਦੀ ਪ੍ਰਤੀਨਿਧ ਲੋਕਤੰਤਰੀ ਸੰਸਥਾ ਹੋਣ ਨਾਤੇ ਵਿਸ਼ਵ 'ਚ ਵੱਸਦੇ ਸਿੱਖਾਂ ਦੇ ਮਸਲਿਆਂ ਦੀ ਪੈਰਵਾਈ ਕਰਨਾ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਸਿੱਖ ਵਫ਼ਦ ਨੂੰ ਵੀਜ਼ਾ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਸਮੁੱਚੇ ਵਿਸ਼ਵ 'ਚ ਵੱਸਦੇ ਸਿੱਖਾਂ ਲਈ ਬੇਹੱਦ ਸਤਿਕਾਰਤ ਅਸਥਾਨ ਹੈ ਅਤੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ ਬੀਤੇ ਦਿਨੀਂ ਵਾਪਰੀ ਘਟਨਾ ਸਬੰਧੀ ਪਾਕਿਸਤਾਨ ਦੇ ਸਿੱਖਾਂ ਨਾਲ ਰਾਬਤਾ ਬਣਾਏ ਪਰ ਪਾਕਿਸਤਾਨ ਵੱਲੋਂ ਵੀਜ਼ਿਆਂ ਸਬੰਧੀ ਇਨਕਾਰ ਕਰਨਾ ਇਸ 'ਚ ਰੁਕਾਵਟ ਬਣ ਰਿਹਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਓਕਾਫ ਬੋਰਡ ਨੂੰ ਇਸ ਸਬੰਧੀ ਫਰਾਖਦਿਲੀ ਵਿਖਾਉਂਦਿਆਂ ਸ਼੍ਰੋਮਣੀ ਕਮੇਟੀ ਦੇ ਵਫ਼ਦ ਮੈਂਬਰਾਂ ਨੂੰ ਵੀਜ਼ੇ ਜਾਰੀ ਕਰਨੇ ਚਾਹੀਦੇ ਹਨ।


Related News