ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਬਰਾੜ ਦਾ ਫੇਸਬੁੱਕ ਪੇਜ ਹੋਇਆ ਹੈਕ, ਸਾਈਬਰ ਸੈੱਲ 'ਚ ਸ਼ਿਕਾਇਤ ਦਰਜ
Sunday, Jun 14, 2020 - 10:26 AM (IST)
ਜਲੰਧਰ/ਪਟਿਆਲਾ (ਮ੍ਰਿਦੁਲ, ਪਰਮੀਤ)— ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਦਾ ਫੇਸਬੁੱਕ ਪੇਜ ਹੈਕ ਕਰਕੇ ਪੇਜ 'ਤੇ ਹੈਕਰਾਂ ਵੱਲੋਂ ਗਲਤ ਮੈਸੇਜ ਸ਼ੇਅਰ ਕੀਤੇ ਜਾ ਰਹੇ ਹਨ। ਪੇਜ ਦੇ ਐਡਮਿਨ ਤੋਂ ਹੀ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਚਰਨਜੀਤ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਫੇਸਬੁੱਕ ਮੈਸੰਜਰ 'ਤੇ ਮੈਸੇਜ ਆਇਆ ਕਿ ਜੇਕਰ ਉਹ ਸੋਸ਼ਲ ਵੀਡੀਓ ਪੋਸਟ 'ਤੇ ਸ਼ੇਅਰ ਕਰਨਗੇ ਤਾਂ ਤੁਹਾਨੂੰ ਹਰ ਹਫਤੇ ਫੇਸਬੁੱਕ ਵੱਲੋਂ ਪੈਸੇ ਦਿੱਤੇ ਜਾਣਗੇ, ਜਿਸ ਨੂੰ ਲੈ ਕੇ ਜਦੋਂ ਲਿੰਕ ਖੋਲ੍ਹਿਆ ਗਿਆ ਤਾਂ ਉਸ 'ਚ ਲਿਖਿਆ ਸੀ ਕਿ ਉਨ੍ਹਾਂ ਨੂੰ ਆਪਣਾ ਅਕਾਉਂਟ ਬਿਜ਼ਨੈੱਸ ਅਕਾਊਂਟ 'ਚ ਤਬਦੀਲ ਕਰਨਾ ਪਵੇਗਾ ਜਦੋਂ ਉਨ੍ਹਾਂ ਨੇ ਅਕਾਊਂਟ ਨੂੰ ਓ. ਕੇ. ਕਰ ਦਿੱਤਾ ਤਾਂ ਹੈਕਰਾਂ ਵੱਲੋਂ ਉਨ੍ਹਾਂ ਦੇ ਆਫਿਸ਼ੀਅਲ ਫੇਸਬੁੱਕ ਅਕਾਊਂਟ ਦੇ ਐਡਮਿਨ ਨੂੰ ਹਟਾ ਦਿੱਤਾ ਅਤੇ ਖੁੱਦ ਐਡਮਿਨ ਬਣ ਗਿਆ।
ਪਿਛਲੇ ਦੋ ਦਿਨਾਂ ਤੋਂ ਹੈਕਰਾਂ ਵੱਲੋਂ ਉਨ੍ਹਾਂ ਦੇ ਫੇਸਬੁੱਕ ਪੇਜ 'ਤੇ ਗਲਤ ਮੈਸੇਜ ਪੋਸਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪੇਜ 'ਤੇ ਕੋਈ ਵੀ ਹੈਰਾਨੀਜਨਕ ਜਾਂ ਇਤਰਾਜ਼ਯੋਗ ਪੋਸਟ ਕੀਤੀ ਜਾਂਦੀ ਹੈ ਤਾਂ ਉਸ ਲਈ ਉਹ ਜ਼ਿੰਮੇਵਾਰ ਨਹੀਂ ਹੋਵੇਗਾ। ਉਨ੍ਹਾਂ ਇਸ ਬਾਬਤ ਚੰਡੀਗੜ੍ਹ ਸਾਈਬਰ ਸੈੱਲ ਤੋਂ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਲਦ ਹੀ ਪੁਲਸ ਇਸ ਮਾਮਲੇ 'ਚ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇਗੀ।