ਅਗਲੀਆਂ ਚੋਣਾਂ ''ਚ ਵਧੇਗਾ ਅਕਾਲੀ-ਭਾਜਪਾ ''ਚ ਵਿਵਾਦ, ਵੱਖ-ਵੱਖ ਲੜ ਸਕਦੇ ਨੇ ਚੋਣਾਂ

Friday, Sep 18, 2020 - 11:25 AM (IST)

ਅਗਲੀਆਂ ਚੋਣਾਂ ''ਚ ਵਧੇਗਾ ਅਕਾਲੀ-ਭਾਜਪਾ ''ਚ ਵਿਵਾਦ, ਵੱਖ-ਵੱਖ ਲੜ ਸਕਦੇ ਨੇ ਚੋਣਾਂ

ਜਲੰਧਰ (ਜ. ਬ.)— ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਤੋਂ ਹੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਆਸਾਨ ਨਹੀਂ ਹੋਣਗੀਆਂ। ਇਸ ਲਈ ਹੋ ਸਕਦਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਪੰਜਾਬ 'ਚ ਕਈ ਨਵੇਂ ਫਾਰਮੂਲੇ ਸਾਹਮਣੇ ਲਿਆਉਣ ਅਤੇ ਅਜਿਹੇ ਹੀ ਇਕ ਫਾਰਮੂਲੇ ਤਹਿਤ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖ-ਵੱਖ ਚੋਣਾਂ ਲੜਨ ਦੀ ਯੋਜਨਾ ਵੀ ਸੀ।

ਸਿਆਸੀ ਮਾਹਿਰਾਂ ਵੱਲੋਂ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਕੇਂਦਰ 'ਚ ਭਾਜਪਾ ਪੂਰੀ ਤਰ੍ਹਾਂ ਆਪਣਾ ਆਧਾਰ ਮਜ਼ਬੂਤ ਬਣਾ ਚੁੱਕੀ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੰਜਾਬ 'ਚ ਵੀ ਭਾਜਪਾ ਆਪਣੇ ਬਲਬੂਤੇ 'ਤੇ ਚੋਣਾਂ ਲੜਨ ਅਤੇ ਅਕਾਲੀ ਦਲ ਦੀ ਦਾਦਾਗਿਰੀ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰੇਗੀ। ਇਸ ਮਾਮਲੇ ਦੀ ਸ਼ੁਰੂਆਤ ਕਈ ਮਹੀਨੇ ਪਹਿਲਾਂ ਉਦੋਂ ਹੋਈ ਸੀ, ਜਦੋਂ ਭਾਜਪਾ ਦੇ ਕਈ ਸੀਨੀਅਰ ਆਗੂਆਂ ਨੇ ਸ਼ਰੇਆਮ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜੇਕਰ ਭਾਜਪਾ ਨੇ ਅਜੇ ਵੀ ਪੰਜਾਬ 'ਚ ਆਪਣੇ ਬਲਬੂਤੇ 'ਤੇ ਚੋਣਾਂ ਨਾ ਲੜੀਆਂ ਤਾਂ ਉਹ ਕਦੇ ਵੀ ਪੰਜਾਬ 'ਚ ਆਪਣਾ ਆਧਾਰ ਮਜ਼ਬੂਤ ਨਹੀਂ ਕਰ ਸਕੇਗੀ।

ਭਾਜਪਾ ਦੇ ਸੀਨੀਅਰ ਆਗੂ ਮਿੱਤਲ ਨੇ ਤਾਂ ਸਿੱਧੇ ਤੌਰ 'ਤੇ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ਪੰਜਾਬ 'ਚ ਪਾਰਟੀ ਨੂੰ ਇਕੱਲਿਆਂ ਚੋਣ ਲੜਨ ਦੀ ਕਈ ਵਾਰ ਸਲਾਹ ਦਿੱਤੀ ਹੈ ਅਤੇ ਹੁਣ ਲੱਗਦਾ ਹੈ ਕਿ ਉਹ ਸਮਾਂ ਨਜ਼ਦੀਕ ਆ ਗਿਆ ਹੈ, ਜਦੋਂ ਪੰਜਾਬ 'ਚ ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਟੁੱਟਦਾ ਵਿਖਾਈ ਦੇਵੇਗਾ, ਜਿਸ ਪਿੱਛੇ ਸਭ ਤੋਂ ਵੱਡਾ ਸਿਆਸੀ ਕਾਰਨ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਮੰਨਿਆ ਜਾ ਰਿਹਾ ਹੈ।

ਪੰਜਾਬ ਦੇ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਭਾਵੇਂ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਮਾਮਲਾ ਹੋਵੇ, ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਅਕਾਲੀ ਆਗੂਆਂ ਦਾ ਅਤੇ ਭਾਵੇਂ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਦੇਸ਼ ਭਰ ਦੇ ਕਿਰਸਾਨੀ ਨਾਲ ਜੁੜੇ ਖੇਤੀ ਆਰਡੀਨੈਂਸਾਂ ਦਾ, ਸਮੇਂ-ਸਮੇਂ 'ਤੇ ਪੰਜਾਬ 'ਚ ਅਜਿਹਾ ਮਾਹੌਲ ਬਣਾਇਆ ਜਾਂਦਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਪਈ ਤਰੇੜ ਹੋਰ ਵੱਡੀ ਹੋਵੇ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਤਕਰੀਬਨ ਡੇਢ ਸਾਲ ਪਹਿਲਾਂ ਹੀ ਇਸ ਤਰੇੜ ਨੂੰ ਹੋਰ ਵਧਾ ਦਿੱਤਾ ਗਿਆ ਹੈ ਅਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੇ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖ-ਵੱਖ ਚੋਣਾਂ ਲੜਨ ਦੀ ਪ੍ਰਕਿਰਿਆ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਹਿੰਦੂ-ਸਿੱਖ ਵਿਵਾਦ ਵੀ ਵਧਦਾ ਵਿਖਾਈ ਦੇ ਸਕਦਾ ਹੈ।

PunjabKesari

ਦੋਹਾਂ ਪਾਰਟੀਆਂ ਦੀ ਸਿਆਸੀ ਚਾਲ ਵਜੋ ਵੇਖੀ ਜਾ ਰਹੀ ਹੈ ਇਹ ਖਿੱਚੋਤਾਣ
ਇਥੇ ਵਰਣਨਯੋਗ ਹੈ ਕਿ ਪਿਛਲੇ ਸਾਲ ਇਕ ਨਿੱਜੀ ਪ੍ਰੋਗਰਾਮ 'ਚ ਪਹੁੰਚੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਤਾਂ ਸਾਫ ਕਰ ਦਿੱਤਾ ਸੀ ਕਿ ਜੇਕਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਟੁੱਟਦਾ ਹੈ ਤਾਂ ਕਿ ਪੰਜਾਬ 'ਚ ਦੋਬਾਰਾ 1984 ਵਾਲੇ ਹਾਲਾਤ ਪੈਦਾ ਹੋ ਜਾਣਗੇ। ਇਹੀ ਸਭ ਕੁਝ ਹੁੰਦਾ ਵਿਖਾਈ ਦੇ ਰਿਹਾ ਹੈ। ਪੰਜਾਬ 'ਚ ਜਿਸ ਤਰ੍ਹਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਿਸ਼ਤਿਆਂ 'ਚ ਕੁੜੱਤਣ ਆ ਰਹੀ ਹੈ, ਉਸ ਨੂੰ ਵੇਖਦਿਆਂ ਪੰਜਾਬ ਦੀ ਸਿਆਸਤ ਦੇ ਮਾਹਿਰ ਮੰਨਣ ਲੱਗੇ ਹਨ ਕਿ ਅਗਲੀਆਂ ਚੋਣਾਂ ਤੱਕ ਪੰਜਾਬ 'ਚ ਕਈ ਮੁੱਦੇ ਹਿੰਦੂ-ਸਿੱਖ ਵਿਵਾਦ ਨੂੰ ਲੈ ਕੇ ਪੈਦਾ ਹੋਣ ਵਾਲੇ ਹਨ।

ਜਾਣਕਾਰ ਦੱਸਦੇ ਹਨ ਕਿ ਜਦੋਂ-ਜਦੋਂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਕੁਰਸੀ 'ਤੇ ਖਤਰਾ ਮੰਡਰਾਉਂਦਾ ਵਿਖਾਈ ਦਿੱਤਾ ਹੈ, ਉਦੋਂ-ਉਦੋਂ ਪੰਜਾਬ ਖਾਲਿਸਤਾਨੀ ਆਵਾਜ਼ ਦੀ ਗੂੰਜ ਵਧੀ ਹੈ ਅਤੇ ਪੰਜਾਬ 'ਚ ਹਿੰਦੂਆਂ ਅਤੇ ਸਿੱਖਾਂ ਵਿਚਕਾਰ ਨਫਰਤ 'ਚ ਵੀ ਇਜ਼ਾਫਾ ਹੋਇਆ ਹੈ। ਜਾਣਕਾਰ ਦੱਸਦੇ ਹਨ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਵਧੀ ਖਿੱਚੋਤਾਣ ਹੋ ਸਕਦਾ ਹੈ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਰਣਨੀਤੀ ਦਾ ਇਕ ਹਿੱਸਾ ਹੋਵੇ।

ਪਿਛਲੀਆਂ ਚੋਣਾਂ 'ਚ  ਭਾਜਪਾ ਨੂੰ ਅਕਾਲੀ ਦਲ ਕਾਰਨ ਹੋਇਆ ਸੀ ਨੁਕਸਾਨ
ਪਿਛਲੀ ਵਾਰ ਪੰਜਾਬ ਵਿਚ ਭਾਜਪਾ ਦਾ ਅਕਾਲੀ ਦਲ ਕਾਰਨ ਭਾਰੀ ਨੁਕਸਾਨ ਹੋਇਆ ਸੀ। ਭਾਜਪਾ ਦੇ ਅਨੇਕ ਆਗੂ ਜੋ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਸਿੱਧੇ ਤੌਰ 'ਤੇ ਅਕਾਲੀ ਦਲ 'ਤੇ ਦੋਸ਼ ਲਾਉਂਦੇ ਦਿਸੇ ਸਨ ਕਿ ਅਕਾਲੀ ਦਲ ਜਿਸ ਤਰ੍ਹਾਂ ਨਸ਼ੇ ਵੇਚਣ ਦੇ ਮੁੱਦੇ 'ਤੇ ਘਿਰਿਆ ਹੈ, ਉਸੇ ਦਾ ਹੀ ਭਾਜਪਾ ਨੂੰ ਨੁਕਸਾਨ ਹੋਇਆ ਹੈ। ਇਸ ਲਈ ਸਿਆਸੀ ਮਾਹਿਰ ਇਹ ਵੀ ਮੰਨਦੇ ਹਨ ਕਿ ਹੋ ਸਕਦਾ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚਲੀ ਤਰੇੜ ਮਹਿਜ਼ ਦੋਵਾਂ ਪਾਰਟੀਆਂ ਦੀ ਹਾਈ ਕਮਾਨ ਵੱਲੋਂ ਆਪਸੀ ਸਹਿਮਤੀ ਨਾਲ ਹੀ ਪੈਦਾ ਕੀਤੀ ਗਈ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਭਾਜਪਾ ਵੱਖ-ਵੱਖ ਲੜਨ। ਹੋ ਸਕਦਾ ਹੈ ਕਿ ਅਗਲੀਆਂ ਚੋਣਾਂ ਭਾਜਪਾ ਹਿੰਦੂ ਮੁੱਦਿਆਂ ਨੂੰ ਆਧਾਰ ਬਣਾ ਕੇ ਲੜੇ ਅਤੇ ਅਕਾਲੀ ਦਲ ਸਿੱਖ ਮੁੱਦਿਆਂ ਅਤੇ ਕਿਰਸਾਨੀ ਨੂੰ। ਦੋਵਾਂ ਪਾਰਟੀਆਂ ਚੋਣਾਂ ਵਿਚ ਜੇਕਰ ਵਧੀਆ ਪ੍ਰਦਰਸ਼ਨ ਕਰਦੀਆਂ ਹਨ ਤਾਂ ਫਿਰ ਆਪਸ ਵਿਚ ਮਿਲ ਕੇ ਗੱਠਜੋੜ ਦੀ ਸਰਕਾਰ ਬਣਾ ਲੈਣ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ।

ਖਾਲਿਸਤਾਨੀ ਤਾਕਤਾਂ ਨੂੰ ਵੀ ਬਲ ਮਿਲਣ ਨਾਲ ਹੋਵੇਗਾ ਨੁਕਸਾਨ
ਇਸ ਸਭ ਵਿਚਕਾਰ ਪੰਜਾਬ 'ਚ ਆਉਣ ਵਾਲੇ ਸਮੇਂ ਵਿਚ ਜੋ ਹਿੰਦੂ-ਸਿੱਖ ਭਾਈਚਾਰਿਆਂ ਵਿਚ ਤਰੇੜ ਪੈਦਾ ਹੋਵੇਗੀ, ਇਕ-ਦੂਸਰੇ ਖਿਲਾਫ ਬਿਆਨਬਾਜ਼ੀ ਹੋਵੇਗੀ ਅਤੇ ਰੱਬ ਨਾ ਕਰੇ ਜੇਕਰ ਇਸ ਸਭ ਵਿਚਕਾਰ ਖਾਲਿਸਤਾਨੀ ਤਾਕਤਾਂ ਨੂੰ ਵੀ ਬਲ ਮਿਲਿਆ ਤਾਂ ਇਸ ਨਾਲ ਪੰਜਾਬ ਦਾ ਜਿਹੜਾ ਨੁਕਸਾਨ ਹੋਵੇਗਾ, ਉਸ ਦੀ ਭਰਪਾਈ ਕਿਸ ਤਰ੍ਹਾਂ ਕੀਤੀ ਜਾਵੇਗੀ, ਇਹ ਕੋਈ ਨਹੀਂ ਜਾਣਦਾ। ਹੁਣ ਦੇਖਣਾ ਇਹ ਹੋਵੇਗਾ ਕਿ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਅਗਲਾ ਮੁੱਦਾ ਅਜਿਹਾ ਕਿਹੜਾ ਸਾਹਮਣੇ ਆਉਂਦਾ ਹੈ, ਜਿਸ ਨਾਲ ਅਕਾਲੀ ਦਲ ਤੇ ਭਾਜਪਾ ਵਿਚਲੀ ਦੂਰੀ ਹੋਰ ਵਧਦੀ ਹੈ।


author

shivani attri

Content Editor

Related News