ਕੈਪਟਨ ਖਿਲਾਫ ਅਕਾਲੀ ਦਲ ਪੰਜਾਬ ਭਰ 'ਚ ਮਨਾਏਗਾ 'ਵਿਸ਼ਵਾਸਘਾਤ ਦਿਵਸ'
Thursday, Feb 28, 2019 - 05:13 PM (IST)
ਜਲੰਧਰ/ਚੰਡੀਗੜ੍ਹ— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ 16 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ 'ਵਿਸ਼ਵਾਸਘਾਤ ਦਿਵਸ' ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਵਿਖੇ ਹੋਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਚੁੱਕ ਕੇ ਜਨਤਾ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 2 ਸਾਲ ਪਹਿਲਾਂ 16 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਚੁੱਕੀ ਸੀ ਅਤੇ ਗੁਰੂ ਸਮੇਤ ਪੰਜਾਬ ਦੀ ਜਨਤਾ ਨਾਲ 'ਵਿਸ਼ਵਾਸਘਾਤ' ਕੀਤਾ ਹੈ, ਜਿਸ ਦੇ ਰੋਸ ਵਜੋਂ 16 ਮਾਰਚ ਤੋਂ ਕੈਪਟਨ ਸਰਕਾਰ ਖਿਲਾਫ ਪੰਜਾਬ 'ਚ ਵਿਸ਼ਵਾਸਘਾਤ ਮੁਹਿੰਮ' ਸ਼ੁਰੂ ਕੀਤੀ ਜਾਵੇਗੀ ਅਤੇ ਪੂਰੇ ਪੰਜਾਬ 'ਚ 16 ਮਾਰਚ ਨੂੰ ਕੈਪਟਨ ਖਿਲਾਫ 'ਵਿਸ਼ਵਾਸਘਾਤ ਦਿਵਸ' ਮਨਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ 12 ਮਾਰਚ ਨੂੰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦੇ ਜ਼ਿਲਾ ਪ੍ਰਧਾਨਾਂ ਦੀ ਜੁਆਇੰਟ ਮੀਟਿੰਗ ਰੱਖੀ ਗਈ ਹੈ, ਜਿੱਥੇ ਜ਼ਿਲਾ ਪੱਧਰ 'ਤੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਭਾਰਤੀ ਫੌਜ ਵੱਲੋਂ ਪਾਕਿਸਤਾਨ 'ਚ ਕੀਤੀ ਗਈ 'ਏਅਰ ਸਟ੍ਰਾਈਕ' 'ਤੇ ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਤੇ ਅਸੀਂ ਸਾਰੇ ਉਨ੍ਹਾਂ ਨੂੰ ਸਪੋਰਟ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਲੱਗਦਾ ਸੀ ਕਿ ਉਹ ਜੋ ਕੁਝ ਮਰਜੀ ਕਰ ਸਕਦਾ ਹੈ ਪਰ ਹਿੰਦੋਸਤਾਨ ਨੇ ਕੁਝ ਵੀ ਨਹੀਂ ਕਹਿਣਾ ਪਰ ਜਿਸ ਤਰ੍ਹਾਂ ਹਵਾਈ ਫੌਜ ਵੱਲੋਂ ਦੁਸ਼ਮਣ ਦੇ ਘਰ ਜਾ ਕੇ ਅੱਤਵਾਦ ਫੈਲਾਉਣ ਵਾਲਿਆਂ ਨੂੰ ਤਬਾਹ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ।