ਗਾਂਧੀ ਪਰਿਵਾਰ ਵਲੋਂ ਸਿੱਖਾਂ ''ਤੇ ਕੀਤੇ ਅੱਤਿਆਚਾਰਾਂ ਖਿਲਾਫ ਜਾਰੀ ਰਹੇਗੀ ਲੜਾਈ: ਸੁਖਬੀਰ

06/26/2019 9:50:41 AM

ਚੰਡੀਗੜ੍ਹ (ਅਸ਼ਵਨੀ) - ਪੰਜਾਬ ਅਤੇ ਪੰਜਾਬੀ ਅੱਜ ਦੇ ਦਿਨ ਨੂੰ 1975 'ਚ ਲਾਈ ਗਈ ਐਮਰਜੈਂਸੀ ਕਰਕੇ 'ਕਾਲੇ ਦਿਵਸ' ਵਜੋਂ ਹਮੇਸ਼ਾ ਮਨਾਉਣਗੇ ਅਤੇ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਵਲੋਂ ਸਿੱਖਾਂ 'ਤੇ ਵਾਰ-ਵਾਰ ਢਾਹੇ ਗਏ ਅੱਤਿਆਚਾਰਾਂ ਖ਼ਿਲਾਫ ਆਪਣੀ ਲੜਾਈ ਜਾਰੀ ਰੱਖਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਕੀਤਾ ਗਿਆ, ਜਦੋਂ ਉਹ ਦਿੱਲੀ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਕਰਵਾਏ ਗਏ ਇਕ ਸਮਾਗਮ 'ਚ ਪਹੁੰਚੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਰੀਆਂ ਤਾਕਤਾਂ ਆਪਣੇ ਹੱਥ 'ਚ ਲੈਂਦਿਆਂ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਸਿਵਾਏ ਇਸ ਬੇਇਨਸਾਫੀ ਵਿਰੁੱਧ ਲੜਨ ਦੇ ਹੋਰ ਕੋਈ ਬਦਲ ਨਹੀਂ ਸੀ ਛੱਡਿਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਪੂਰੇ ਦੇਸ਼ ਵਿਚ ਲੱਗੀ ਸੀ ਪਰ ਇਹ ਸਿਰਫ ਅਕਾਲੀ ਦਲ ਹੀ ਸੀ, ਜਿਸ ਨੇ ਸਭ ਤੋਂ ਪਹਿਲਾਂ ਇਸ ਲੋਕਤੰਤਰ-ਵਿਰੋਧੀ ਕਦਮ ਖ਼ਿਲਾਫ ਇਕ ਵੱਡਾ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 9 ਜੁਲਾਈ, 1975 ਨੂੰ ਸ਼ੁਰੂ ਹੋਏ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ ਅਤੇ ਗ੍ਰਿਫਤਾਰੀਆਂ ਦੇਣ ਲਈ ਗਏ ਪਾਰਟੀ ਵਰਕਰਾਂ ਦੇ ਪਹਿਲੇ ਜਥੇ ਦੀ ਖੁਦ ਅਗਵਾਈ ਕੀਤੀ ਸੀ।

ਸੁਖਬੀਰ ਨੇ ਕਿਹਾ ਕਿ ਤਾਨਸ਼ਾਹੀ ਰਵਾਇਤਾਂ ਦਾ ਵਿਰੋਧ ਕਰਨ 'ਚ ਅਕਾਲੀ ਦਲ ਦੇ ਯੋਗਦਾਨ ਨੂੰ ਇਸ ਤੱਥ 'ਚੋਂ ਦੇਖਿਆ ਜਾ ਸਕਦਾ ਹੈ ਕਿ ਦੇਸ਼ ਅੰਦਰ ਐਮਰਜੈਂਸੀ ਦੌਰਾਨ ਗ੍ਰਿਫਤਾਰ ਕੀਤੇ ਗਏ 90 ਹਜ਼ਾਰ ਵਿਅਕਤੀਆਂ ਵਿਚੋਂ 60 ਹਜ਼ਾਰ ਸਿਰਫ ਪੰਜਾਬ ਵਿਚੋਂ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਐਮਰਜੈਂਸੀ ਖ਼ਿਲਾਫ ਲੜਿਆ ਸੀ ਅਤੇ ਇਹ ਸਿੱਖਾਂ ਉੱਤੇ ਹੋਏ ਸਾਰੇ ਅੱਤਿਆਚਾਰਾਂ ਵਿਰੁੱਧ ਆਪਣੀ ਲੜਾਈ ਜਾਰੀ ਰੱਖੇਗਾ। ਇਸ ਮੌਕੇ ਡੀ. ਐੱਸ. ਜੀ. ਐੱਮ. ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਅਕਾਲੀ ਦਲ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਲਈ ਲੜਿਆ ਸੀ। ਅਸੀਂ ਸਾਡੇ ਦੇਸ਼ ਦੀਆਂ ਲੋਕਤੰਤਰੀ ਰਵਾਇਤਾਂ ਦੀ ਰਾਖੀ ਲਈ ਵਚਨਬੱਧ ਹਾਂ। ਉਨ੍ਹਾਂ ਨੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉੱਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਅਤੇ ਹਰਮੀਤ ਸਿੰਘ ਕਾਲਕਾ ਵੀ ਹਾਜ਼ਰ ਸਨ।


rajwinder kaur

Content Editor

Related News