ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ, ਸਥਾਨਕ ਟਕਸਾਲੀ ਆਗੂਆਂ ਨੇ ਛੱਡੀ ਪਾਰਟੀ

11/15/2018 2:34:55 PM

ਜਲਾਲਾਬਾਦ, (ਸੇਤੀਆ,ਰਮੇਸ਼)—ਟਕਸਾਲੀ ਆਗੂਆਂ ਵਲੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਹਲਕੇ ਜਲਾਲਾਬਾਦ 'ਚ ਹੀ ਵੱਡਾ ਝਟਕਾ ਲੱਗਾ ਹੈ। ਜਲਾਲਾਬਾਦ ਹਲਕੇ 'ਚੋਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਸਮੇਤ ਕਈ ਸਰਪੰਚਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਸੂਤਰਾਂ ਮੁਤਾਬਕ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ 'ਤੇ ਸਥਾਨਕ ਟਕਸਾਲੀ ਆਗੂਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਹੈ ।

ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਜਥੇਦਾਰ ਚਰਨ ਸਿੰਘ ਕੰਧਵਾਲਾ ਨੇ ਵੱਡੀ ਗਿਣਤੀ 'ਚ ਸਾਥੀਆਂ ਸਮੇਤ ਬਾਦਲ ਪਰਿਵਾਰ ਨੂੰ ਅਲਵਿਦਾ ਕਿਹਾ। ਇਸ ਮੌਕੇ ਉਨ੍ਹਾਂ ਨਾਲ ਮਹਿਲ ਸਿੰਘ ਰਾਣਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨਰੈਣ ਦਾਸ ਪਿੰਡ ਮੌਜ਼ਮ ਸਕੱਤਰ ਅਕਾਲੀ ਜਥਾ ਫਾਜ਼ਿਲਕਾ, ਮਨਜੀਤ ਸਿੰਘ ਮੱਲ ਮੈਂਬਰ ਪੰਚਾਇਤ ਕੰਧਵਾਲਾ ਹਾਜਰ ਖਾਂ, ਦਲਜੀਤ ਸਿੰਘ ਯੂਥ ਅਕਾਲੀ ਆਗੂ ਦਿਲਬਾਗ ਸਿੰਘ ਮੰਮੂ ਖੇੜਾ, ਗੁਰਨਾਮ ਸਿੰਘ ਕੰਧਵਾਲਾ ਮੀਤ ਪ੍ਰਧਾਨ ਅਕਾਲੀ ਜਥਾ ਫਾਜ਼ਿਲਕਾ, ਨਰਸਿੰਘ ਕੱਟੀਆਂ ਵਾਲਾ, ਗੁਰਮੇਲ ਸਿੰਘ ਸਾਬਕਾ ਸਰਪੰਚ ਮਾਹੂਆਣਆ ਸੀਨੀਅਰ ਮੀਤ ਪ੍ਰਧਾਨ ਹਲਕਾ ਫਾਜ਼ਿਲਕਾ, ਤੇਗ ਸਿੰਘ ਘੁੜਿਆਣਾ ਮੀਤ ਪ੍ਰਧਾਨ ਅਕਾਲੀ ਜਥਾ ਫਾਜ਼ਿਲਕਾ, ਸ਼ੁਬੇਗ ਸਿੰਘ ਸਾਬਕਾ ਮੈਂਬਰ ਐਸਸੀ ਵਿੰਗ ਮੀਤ ਪ੍ਰਧਾਨ ਫਾਜ਼ਿਲਕਾ, ਮੂਰਤ ਸਿੰਘ ਕੰਧਵਾਲਾ, ਮੇਹਰ ਸਿੰਘ ਸੰਧੂ ਪ੍ਰਧਾਨ ਯੂਥ ਅਕਾਲੀ ਜਥਾ ਅਰਨੀਵਾਲਾ, ਮਿਹਰ ਸਿੰਘ ਭੰਗੂ ਪ੍ਰਚਾਰ ਸਕੱਤਰ ਅਕਾਲੀ ਦਲ ਫਾਜ਼ਿਲਕਾ, ਕਰਮਜੀਤ ਸਿੰਘ ਕੰਧਵਾਲਾ ਆਦਿ ਆਗੂ ਸ਼ਾਮਲ ਸਨ। 

ਜਾਣਕਾਰੀ ਦਿੰਦਿਆਂ ਚਰਨ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੁਣ ਪੁਰਾਣੀ ਪਾਰਟੀ ਨਹੀਂ ਰਹੀ ਅਤੇ ਜਿਸ ਧਰਮ ਨੂੰ ਲੈ ਕੇ ਪਾਰਟੀ ਦਾ ਵਿਸਥਾਰ ਹੋਇਆ ਸੀ, ਅੱਜ ਪਾਰਟੀ ਆਗੂ ਉਸਨੂੰ ਆਪਣੇ ਨਿੱਜੀ ਸਵਾਰਥ ਲਈ ਛਿੱਕੇ ਚਾੜ•ਰਹੇ ਹਨ। ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਅਤੇ ਹੋਰ ਅਜਿਹੇ ਮਾਮਲੇ ਹਨ ਜਿੰਨ੍ਹਾਂ ਨੂੰ ਲੈ ਕੇ ਸਿੱਖਾਂ 'ਚ ਭਾਰੀ ਰੋਸ ਹੈ ਅਤੇ ਉਨ੍ਹਾਂ ਦੀ ਅੰਤਰ ਆਤਮਾ ਇਜਾਜ਼ਤ ਨਹੀਂ ਦਿੰਦੀ ਕਿ ਉਹ ਇਸ ਪਾਰਟੀ 'ਚ ਰਹਿ ਕੇ ਕੰਮ ਕਰ ਸਕਣ। ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਹਲਕਾ ਇੰਚਾਰਜਾਂ ਦਾ ਸਹਾਰਾ ਲੈਣ ਲਈ ਕਿਹਾ ਜਾਂਦਾ ਸੀ ਜਦਕਿ ਕੁੱਝ ਲੋਕ ਜੋ ਦੂਜੀਆਂ ਪਾਰਟੀਆਂ 'ਚ ਆਏ ਸਨ ਅਤੇ ਉਨ੍ਹਾਂ ਨੂੰ ਬਾਦਲ ਵਲੋਂ ਪਾਰਟੀ 'ਚ ਸਰਤਾਜ ਬਣਾ ਦਿੱਤਾ ਗਿਆ।  ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਸ਼੍ਰੀ ਹਜੂਰ ਸਾਹਿਬ ਤੋਂ ਉਨ੍ਹਾਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਤੋਂ ਗਠਨ ਹੋਵੇਗਾ ਅਤੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੋਵੇਗਾ। ਉਨ੍ਹਾਂ ਨੂੰ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਬਾਅਦ ਪਾਰਟੀ ਵਲੋਂ ਕੱਢੇ ਜਾਣ ਦੀ ਗੱਲ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਬਾਅਦ ਅਸਤੀਫੇ ਦਿੱਤੇ ਸਨ ਪਰ ਸੁਖਬੀਰ ਬਾਦਲ ਦਾ ਹਲਕਾ ਹੋਣ ਕਾਰਣ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਪਰ ਹੁਣ ਉਹ ਖੁੱਲ ਕੇ ਇਹ ਜਾਹਿਰ ਕਰਦੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਨਹੀਂ ਹਨ। 

ਇਥੇ ਦੱਸਣਯੋਗ ਹੈ ਕਿ ਚਰਨ ਸਿੰਘ ਪਿਛਲੇ ਕਈ ਦਹਾਕਿਆਂ ਤੋਂ ਅਕਾਲੀ ਦਲ 'ਚ ਸਰਗਰਮ ਸਨ ਅਤੇ ਇਨ੍ਹਾਂ ਨੇ 1975 'ਚ ਪ੍ਰਧਾਨ ਇੰਦਰਾ ਗਾਂਧੀ ਦੇ ਰਾਜ ਸਮੇਂ ਲੱਗੀ ਐਮਰਜੈਂਸੀ, 1982 ਦੇ ਧਰਮ ਯੁੱਧ ਮੋਰਚਾ ਅਤੇ ਹੋਰ ਕਈ ਅਹਿਮ ਮੌਕਿਆਂ 'ਤੇ ਜੇਲਾਂ ਵੀ ਕੱਟੀਆਂ ਹਨ ਅਤੇ ਚਰਨ ਸਿੰਘ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਵੀ ਚੇਅਰਮੈਨ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵਲੋਂ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਸੁਖਬੀਰ ਬਾਦਲ ਦੀ ਖੁੱਲ ਕੇ ਵਿਰੋਧਤਾ ਕੀਤੀ ਗਈ ਸੀ ਅਤੇ ਇਸ ਵਿਰੋਧਤਾ ਤੋਂ ਬਾਅਦ ਚਰਨ ਸਿੰਘ ਜੋ ਕਿ ਸ਼ੇਰ ਸਿੰਘ ਘੁਬਾਇਆ ਦੇ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਆਪਣੇ ਪਿੰਡ 'ਚ ਇਕੱਠ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡਣ ਦਾ ਫੈਸਲਾ ਕੀਤਾ।  
ਇਸ ਸੰਬੰਧੀ  ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਦੇਹਾਤੀ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਦੋ ਮਹੀਨੇ ਚਰਨ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਅਸਤੀਫੇ ਦਿੱਤੇ ਗਏ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਚਰਨ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵਲੋਂ ਪਾਰਟੀ ਦੀ ਵਿਰੋਧਤਾ ਦੇ ਚਲਦਿਆਂ ਉਨ੍ਹਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਸਨ।


Anuradha

Content Editor

Related News