ਭੋਲੇਨਾਥ ਦੇ ਭਗਤਾਂ ਲਈ ਵੱਡੀ ਖ਼ੁਸ਼ਖਬਰੀ, 28 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ
Saturday, Mar 13, 2021 - 06:57 PM (IST)
ਜਲੰਧਰ : ਭੋਲੋਨਾਥ ਦੇ ਭਗਤਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਅਮਰ ਨਾਥ ਯਾਤਰਾ 28 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਯਾਤਰਾ 22 ਅਗਸਤ ਤਕ ਚੱਲੇਗੀ। ਪਿਛਲੇ ਸਾਲ ਕੋਰੋਨਾ ਦੇ ਚਲਦਿਆਂ ਯਾਤਰਾ ਰੱਦ ਕਰ ਦਿੱਤੀ ਗਈ ਸੀ। ਜਿਸ ਕਾਰਣ ਭੋਲੇਨਾਥ ਦੇ ਭਗਤ ਸ੍ਰੀ ਅਮਰਨਾਥ ਗੁਫ਼ਾ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਸਨ। 2019 ਵਿਚ ਵੀ 5 ਅਗਸਤ ਨੂੰ ਜੰਮੂ ਕਸ਼ਮੀਰ ਵਿਚ ਧਾਰਾ 370 ਤੋੜਨ ਦੇ ਚਲਦਿਆਂ ਯਾਤਰਾ ਅੱਧ ਵਿਚਾਲੇ ਹੀ ਰੋਕ ਦਿੱਤੀ ਗਈ ਸੀ। ਜਿਸ ਕਾਰਣ ਯਾਤਰਾ ਦੇ ਆਖਰੀ ਪੜਾਅ ਵਿਚ ਦਰਸ਼ਨ ਕਰਨ ਦੇ ਚਾਹਵਾਨ ਯਾਤਰੀ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਸਨ।
2019 ਵਿਚ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 32 ਦਿਨਾਂ ਦੇ ਅੰਦਰ 342800 ਤੋਂ ਵੱਧ ਯਾਤਰੀਆਂ ਨੇ ਅਮਰਨਾਥ ਗੁਫ਼ਾ ਦੇ ਦਰਸ਼ਨ ਕੀਤੇ ਸਨ। ਜਦਕਿ ਪਿਛਲੇ ਸਾਲ ਕੋਰੋਨਾ ਦੇ ਚਲਦਿਆਂ ਸ੍ਰੀ ਅਮਰਨਾਥ ਦੀ ਗੁਫ਼ਾ ਤੋਂ ਹੀ ਆਰਤੀ ਦਾ ਸਿੱਧਾ ਪ੍ਰਸਾਰਣ ਕਰਕੇ ਭਗਤਾਂ ਨੂੰ ਘਰ ਬੈਠੇ ਹੀ ਦਰਸ਼ਨ ਕਰਵਾਉਣ ਦੀ ਵਿਵਸਥਾ ਕੀਤੀ ਗਈ ਸੀ।
ਇਸ ਲਿਹਾਜ਼ ਨਾਲ ਇਸ ਸਾਲ 2018 ਤੋਂ ਬਾਅਦ ਆਮ ਵਰਗੇ ਹਾਲਾਤ ਵਿਚ ਯਾਤਰਾ ਹੋਵੇਗਾ ਅਤੇ ਇਹ ਯਾਤਰਾ 56 ਦਿਨ ਚੱਲੇਗੀ ਹਾਲਾਂਕਿ ਯਾਤਰੀਆਂ ਨੂੰ ਕੋਰੋਨਾ ਦੀਆਂ ਗਾਈਡਲਾਈਨਜ਼ ਦੀ ਪਾਲਣਾ ਕਰਨੀ ਪਵੇਗੀ। ਅਮਰਨਾਥ ਯਾਤਰਾ ਸ਼ਰਾਈਣ ਬੋਰਡ ਯਾਤਰਾ ਨੂੰ ਲੈ ਕੇ ਜਾਰੀ ਕੀਤੀਆਂ ਜਾਣ ਵਾਲੀਆਂ ਗਾਈਡਲਾਈਨਜ਼ ਜਲਦ ਹੀ ਜਾਰੀ ਕਰੇਗਾ ਅਤੇ ‘ਜਗ ਬਾਣੀ’ ਤੁਹਾਨੂੰ ਜਲਦ ਹੀ ਬੋਰਡ ਵਲੋਂ ਦਰਸ਼ਨਾਂ ਦੇ ਚਾਹਵਾਨ ਯਾਤਰੀਆਂ ਲਈ ਤੈਅ ਕੀਤੇ ਜਾਣ ਵਾਲੇ ਨਿਯਮ ਅਤੇ ਕਾਇਦੇ ਬਾਰੇ ਜਾਣੂ ਕਰਵਾਏਗਾ।
ਕਿਹੜੇ ਸਾਲ ਕਿੰਨੇ ਭਗਤਾਂ ਨੇ ਕੀਤੇ ਭੋਲੇ ਦੀ ਗੁਫ਼ਾ ਦੇ ਦਰਸ਼ਨ
ਸਾਲ | ਦਿਨ | ਗਿਣਤੀ |
2013 | 55 | 353969 |
2014 | 44 | 372909 |
2015 | 59 | 3,52,771 |
2016 | 48 | 2,20,490 |
2017 | 40 | 2,60,003 |
2018 | 60 | 2,85,006 |
2019 | 32 | 3,42,883 |