ਸ਼ਾਟਗੰਨ ਅਤੇ ਕਾਮੇਡੀ ਕਿੰਗ ਦੀ ਜੋੜੀ ਕੀ ਬਦਲ ਸਕਦੀ ਹੈ ਸਿਆਸੀ ਰੁਖ?

04/07/2019 9:59:35 AM

ਜਲੰਧਰ, (ਸੂਰਜ ਠਾਕੁਰ)— ਬਾਲੀਵੁੱਡ ਸਟਾਰ ਸ਼ਾਟਗੰਨ ਅਤੇ ਭਾਜਪਾ ਦੇ ਬਾਗੀ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਦਾ ਕਾਂਗਰਸ ਜੁਆਇਨ ਕਰਨ ਨਾਲ ਪਾਰਟੀ ਕੋਲ ਦੋ ਦਮਦਾਰ ਸਟਾਰ ਪ੍ਰਚਾਰਕ ਹੋ ਗਏ ਹਨ। ਇਥੇ ਗੱਲ ਕਰ ਰਹੇ ਹਾਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਮੇਡੀ ਕਿੰਗ ਰਹੇ ਨਵਜੋਤ ਸਿੰਘ ਸਿੱਧੂ ਦੀ। ਦੋਵੇਂ ਹੀ ਭਾਜਪਾ ਦੇ ਖਾਸ ਲੋਕਾਂ ਦੀ ਸੂਚੀ 'ਚ ਆਉਂਦੇ ਸਨ। ਸਿੱਧੂ ਨੂੰ 2017 'ਚ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਹਾਈ ਕਮਾਨ ਨੇ ਪਾਰਟੀ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਸੀ ਜਦਕਿ ਸ਼ਤਰੂਘਨ ਸਿਨ੍ਹਾ ਨੂੰ ਪਾਰਟੀ ਹਾਸ਼ੀਏ 'ਤੇ ਲੈ ਆਈ ਸੀ ਅਤੇ ਉਨ੍ਹਾਂ ਨੇ ਵੀ ਆਪਣੀ ਰਾਹ ਫੜ ਲਈ। ਦੋਵੇਂ ਹੀ ਨੇਤਾ ਸਿਆਸੀ ਹਵਾਵਾਂ ਦਾ ਰੁਖ ਬਦਲਣ ਦਾ ਦਮ ਰੱਖਦੇ ਹਨ।

ਜਦੋਂ ਵੀ ਬੋਲੇ ਵਿਵਾਦ ਪੈਦਾ ਹੋਏ-

ਸਿਨ੍ਹਾ ਅਤੇ ਸਿੱਧੂ ਜਦੋਂ ਵੀ ਬਿਆਨਬਾਜ਼ੀ ਕਰਦੇ ਰਹੇ ਹਨ ਤਾਂ ਵਿਵਾਦ ਪੈਦਾ ਹੁੰਦੇ ਰਹੇ ਹਨ। ਹਾਲਾਂਕਿ ਦੋਵੇਂ ਹੀ ਆਪਣੀ ਗੱਲ ਨੂੰ ਰੱਖ ਕੇ ਦਰਪਣ ਦੀ ਗੱਲ ਜ਼ਰੂਰ ਕਰਦੇ ਹਨ। ਜਦੋਂ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਗਏ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਉਥੇ ਦੇ ਸੈਨਾ ਮੁਖੀ ਬਾਜਵਾ ਨੂੰ ਗਲੇ ਲਗਾਉਣ ਤੋਂ ਬਾਅਦ ਦੇਸ਼ ਭਰ 'ਚ ਵਿਵਾਦਾਂ ਨਾਲ ਘਿਰ ਗਏ। ਦੇਸ਼ ਦੇ ਧਾਕੜ ਭਾਜਪਾ ਨੇਤਾਵਾਂ ਨੇ ਉਨ੍ਹਾਂ ਨੂੰ ਗੱਦਾਰ ਵੀ ਕਹਿ ਦਿੱਤਾ। ਇਥੋਂ ਤਕ ਕਿ ਉਨ੍ਹਾਂ ਦੇ ਕਾਂਗਰਸ ਦੇ ਆਪਣੇ ਹੀ ਨੇਤਾਵਾਂ ਨੇ ਵੀ ਸਿੱਧੂ ਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਭਾਜਪਾ ਨੇ ਕਿਹਾ ਸੀ ਕਿ ਗੱਦਾਰ, ਸਿਨ੍ਹਾ ਨੇ ਕਿਹਾ ਸੀ ਸਹੀ-

ਦੇਸ਼ ਭਰ 'ਚ ਪੈਦਾ ਹੋਏ ਵਿਵਾਦ 'ਤੇ ਉਸ ਸਮੇਂ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਵੀ ਸਿੱਧੂ ਦਾ ਬਚਾਅ ਕੀਤਾ ਸੀ। ਸਿਨ੍ਹਾ ਨੇ ਕੋਲਕਾਤਾ 'ਚ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਅਟਲ ਬਿਹਾਰੀ ਵਾਜਪਾਈ ਅਤੇ ਨਰਿੰਦਰ ਮੋਦੀ ਦੋਵਾਂ ਨੇ ਗੁਆਂਢੀ ਦੇਸ਼ ਦੀ ਯਾਤਰਾ ਦੌਰਾਨ ਆਪਣੇ ਪਾਕਿਸਤਾਨੀ ਨੇਤਾਵਾਂ ਨੂੰ ਗਲੇ ਲਗਾਇਆ ਸੀ। ਸਿਨ੍ਹਾ ਨੇ ਕਿਹਾ ਕਿ ਸਿੱਧੂ ਨੇ ਖੁਦ ਇਸ ਮੁੱਦੇ 'ਤੇ ਸਪਸ਼ਟੀਕਰਨ ਦੇ ਦਿੱਤਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਵਿਵਾਦ ਲਈ ਕੋਈ ਜਗ੍ਹਾ ਹੈ। ਇਸ ਬਿਆਨ ਨੂੰ ਲੈ ਕੇ ਸਿਨ੍ਹਾ ਵੀ ਆਪਣੀ ਪਾਰਟੀ 'ਚ ਘਿਰ ਗਏ ਸਨ।

ਭਾਜਪਾ ਦੋਵਾਂ ਸਟਾਰ ਪ੍ਰਚਾਰਕਾਂ ਨੂੰ ਘੇਰਨਾ ਹੋਵੇਗਾ ਚੁਣੌਤੀ-

ਦੋਵੇਂ ਹੀ ਚੰਗੇ ਤਜਰਬੇਕਾਰ ਸਟਾਰ ਪ੍ਰਚਾਰਕ ਹਨ ਅਤੇ ਦੇਸ਼ 'ਚ ਕਈ ਚੋਣਾਂ 'ਚ ਪ੍ਰਚਾਰ ਕਰ ਚੁੱਕੇ ਹਨ। ਅਜਿਹੇ 'ਚ ਦੋਵੇਂ ਹੀ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਕਾਂਗਰਸ ਲਈ ਸੰਜੀਵਨੀ ਦਾ ਕੰਮ ਕਰ ਸਕਦੇ ਹਨ। ਸਿੱਧੂ ਨੇ ਤਾਂ ਲੰਬੇ ਸਮੇਂ ਤੋਂ ਮੋਦੀ ਵਿਰੁੱਧ ਮੋਰਚਾ ਖੋਲ੍ਹ ਰੱਖਿਆ ਹੈ ਜਦਕਿ ਉਨ੍ਹਾਂ ਨਾਲ ਹੁਣ ਸਿਨ੍ਹਾ ਵੀ ਹੈ। ਭਾਜਪਾ ਅਤੇ ਹੋਰ ਪਾਰਟੀਆਂ ਕੋਲ ਰਾਹੁਲ ਗਾਂਧੀ ਵਿਰੁੱਧ ਬੋਲਣ ਲਈ ਕੁਝ ਵੀ ਨਹੀਂ ਹੁੰਦਾ ਹੈ ਤਾਂ ਉਹ ਸਿੱਧੂ ਨੂੰ ਜ਼ਰੂਰ ਯਾਦ ਕਰ ਲੈਂਦੇ ਹਨ। ਕੁਲ ਮਿਲਾ ਕੇ 2019 ਦੀਆਂ ਚੋਣਾਂ 'ਚ ਸਿੱਧੂ ਕਾਂਗਰਸ ਦੇ ਵਿਰੁੱਧ ਭਾਜਪਾ ਲਈ ਜੀਵੰਤ ਮੁੱਦਾ ਹੈ ਜਦਕਿ ਅਜੇ ਤਕ ਭਾਜਪਾ ਦੀ ਧੁਰੀ ਨਹਿਰੂ ਦੇ ਆਲੋ-ਦੁਆਲੇ ਹੀ ਘੁੰਮਦੀ ਹੈ। ਅਜਿਹੇ 'ਚ ਚੋਣ ਪ੍ਰਚਾਰ 'ਚ ਸਿਨ੍ਹਾ ਅਤੇ ਸਿੱਧੂ ਨੂੰ ਘੇਰਨਾ ਭਾਜਪਾ ਲਈ ਸਖਤ ਚੁਣੌਤੀ ਹੋ ਸਕਦਾ ਹੈ।

ਸਿੱਧੂ ਦੇ 17 ਦਿਨ ਅਤੇ 82 ਰੈਲੀਆਂ-

ਦਸੰਬਰ 'ਚ ਪੰਜ ਸੂਬਿਆਂ 'ਚ ਹੋਈਆਂ ਚੋਣਾਂ 'ਚ ਸਿੱਧੂ ਦੇ ਅੱਗੇ ਭਾਜਪਾ ਦਾ ਮੋਦੀ ਮੈਜਿਕ ਫਿੱਕਾ ਪੈ ਗਿਆ ਸੀ। ਇਨ੍ਹਾਂ ਸੂਬਿਆਂ 'ਚ ਉਸ ਨੇ 17 ਦਿਨਾਂ 'ਚ 82 ਤਾਬੜ-ਤੋੜ ਰੈਲੀਆਂ ਕੀਤੀਆਂ ਸਨ। ਕਾਂਗਰਸ ਪਾਰਟੀ 'ਚ ਰਾਹੁਲ ਗਾਂਧੀ ਤੋਂ ਬਾਅਦ ਦੂਜੇ ਨੰਬਰ 'ਤੇ ਨਵਜੋਤ ਸਿੱਧੂ ਸਟਾਰ ਪ੍ਰਚਾਰਕ ਦੀ ਲਿਸਟ 'ਚ ਸਨ। ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਪਰ ਇਥੇ ਤੁਹਾਨੂੰ ਦੱਸ ਦੇਣਾ ਇਹ ਲਾਜ਼ਮੀ ਹੈ ਕਿ ਇਨ੍ਹਾਂ ਸੂਬਿਆਂ 'ਚ ਜਿਨ੍ਹਾਂ ਵਿਧਾਨ ਸਭਾ ਖੇਤਰਾਂ 'ਚ ਸਿੱਧੂ ਨੇ ਰੈਲੀਆਂ ਕੀਤੀਆਂ ਉਥੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ।

ਮੋਦੀ ਦੀਆਂ ਰੈਲੀਆਂ ਦੇ ਬਾਵਜੂਦ ਹਾਰ ਗਏ ਸਨ ਉਮੀਦਵਾਰ-

ਜੇਕਰ ਛੱਤੀਸਗੜ੍ਹ ਦੀ ਗੱਲ ਕਰੀਏ ਤਾਂ ਜਿਨ੍ਹਾਂ ਇਕ ਦਰਜਨ ਤੋਂ ਵੱਧ ਵਿਧਾਨ ਸਭਾ ਖੇਤਰਾਂ 'ਚ ਸਿੱਧੂ ਨੇ ਚੋਣ ਪ੍ਰਚਾਰ ਕੀਤਾ ਸੀ ਉਨ੍ਹਾਂ 'ਚ ਕਾਂਗਰਸ ਦੀ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਹੋਈ ਸੀ। ਇਸ ਦੇ ਉਲਟ ਇਸੇ ਰਾਜ 'ਚ ਜਿਨ੍ਹਾਂ 5 ਵਿਧਾਨ ਸਭਾ ਖੇਤਰਾਂ 'ਚ ਨਰਿੰਦਰ ਮੋਦੀ ਨੇ ਰੈਲੀਆਂ ਕੀਤੀਆਂ ਸਨ ਉਥੇ ਭਾਜਪਾ ਦੇ ਸਾਰੇ ਉਮੀਦਵਾਰ ਹਾਰ ਗਏ। ਛੱਤੀਸਗੜ੍ਹ 'ਚ ਸਿੱਧੂ ਨੇ ਜਾਂਜਗੀਰ ਚਾਂਪਾ, ਬਿਲਾਸਪੁਰ, ਕੋਰਬਾ, ਦੁਰਗ ਸ਼ਹਿਰ ਵਰਗੇ ਇਲਾਕਿਆਂ 'ਚ ਚੋਣ ਪ੍ਰਚਾਰ ਕੀਤਾ ਸੀ। ਹੁਣ ਕਾਂਗਰਸ ਦੇ ਸਿਆਸੀ ਸਮੀਕਰਨ ਅਚਾਨਕ ਬਦਲ ਗਏ ਹਨ, ਦੇਖਣਾ ਇਹ ਹੈ ਕਿ ਕਾਂਗਰਸ ਦੀ ਇਹ ਰਣਨੀਤੀ ਕਿੰਨੀ ਫਾਇਦੇਮੰਦ ਹੁੰਦੀ ਹੈ।


Related News