ਸ਼ਸ਼ੀ ''ਤੇ ਹਮਲਾ ਪ੍ਰਾਪਰਟੀ ਵਿਵਾਦ ਨੂੰ ਲੈ ਕੇ ਨਹੀਂ, ਸਗੋਂ ਪਰਦੇ ਦੇ ਪਿੱਛੇ ਹੈ ਕੁਝ ਹੋਰ

11/30/2018 4:50:16 PM

ਜਲੰਧਰ (ਰਮਨ)— ਬਹੁ-ਚਰਚਿਤ ਸ਼ਸ਼ੀ ਸ਼ਰਮਾ 'ਤੇ ਹੋਏ ਹਮਲੇ ਨੂੰ 48 ਘੰਟਿਆਂ ਤੋਂ ਵਧ ਦਾ ਸਮਾਂ ਬੀਤ ਚੁੱਕਾ ਹੈ। ਪੂਰੇ ਮਾਮਲੇ ਦੇ ਪਿਛੇ ਪ੍ਰਾਪਰਟੀ ਵਿਵਾਦ ਦੱਸਿਆ ਜਾ ਰਿਹਾ ਹੈ ਅਤੇ ਪੁਲਸ ਵੀ ਇਸੇ ਐਂਗਲ ਤੋਂ ਜਾਂਚ ਕਰ ਰਹੀ ਹੈ ਪਰ ਪਰਦੇ ਪਿਛਲੀ ਕਹਾਣੀ ਕੁਝ ਹੋਰ ਹੀ ਹੈ। ਜਿਸ ਤਰ੍ਹਾਂ ਸ਼ਸ਼ੀ ਸ਼ਰਮਾ ਨੂੰ ਬੁਰੀ ਤਰ੍ਹਾਂ ਕੱਟਿਆ ਗਿਆ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਉਸ ਵੱਲੋਂ ਤੰਗ ਕੀਤੇ ਅਤੇ ਸਤਾਏ ਹੋਏ ਲੋਕਾਂ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੀ ਜਲਦ ਪੂਰੇ ਮਾਮਲੇ ਦੀ ਕਹਾਣੀ ਦਾ ਰਾਜ਼ ਖੋਲ੍ਹਣਗੇ। ਦਰਅਸਲ ਸ਼ਸ਼ੀ ਵੱਲੋਂ ਸਤਾਏ ਹੋਏ ਲੋਕਾਂ ਦੀ ਲਿਸਟ ਬਹੁਤ ਲੰਬੀ ਹੈ ਅਤੇ ਇਹ ਲੋਕ ਹੀ ਹੁਣ ਸ਼ਸ਼ੀ ਦੇ ਕਾਰਨਾਮਿਆਂ ਤੋਂ ਪਰਦਾ ਚੁੱਕਣਗੇ।

ਦਲਬੀਰਾ ਨੇ ਦੋਸਤਾਂ ਦਾ ਬਦਲਾ ਲੈਣ ਲਈ ਕੀਤਾ ਹਮਲਾ : ਪਰਿਵਾਰਕ ਮੈਂਬਰ
ਜਾਣਕਾਰੀ ਅਨੁਸਾਰ ਸ਼ਸ਼ੀ ਸ਼ਰਮਾ ਅਤੇ ਉਸ ਦੇ ਬੇਟੇ 'ਤੇ ਹੋਏ ਹਮਲੇ 'ਚ ਨਾਮਜ਼ਦ ਲੋਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦਲਬੀਰਾ ਨੇ ਦੋਸਤਾਂ ਦਾ ਸਾਥ ਦੇ ਕੇ ਉਨ੍ਹਾਂ ਦਾ ਬਦਲਾ ਲਿਆ। ਦਲਬੀਰਾ ਨੇ ਆਪਣੇ ਦੋਸਤਾਂ ਨੂੰ ਇਨਸਾਫ ਦਿਵਾਉਣ ਲਈ ਸ਼ਸ਼ੀ 'ਤੇ ਹਮਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸ਼ਸ਼ੀ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਨਹੀਂ ਕੀਤਾ ਗਿਆ, ਉਸ ਨੂੰ ਸਬਕ ਸਿਖਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

'ਜਗ ਬਾਣੀ' ਨਾਲ ਸੰਪਰਕ ਕਰਕੇ ਖੁਦ ਦੇ ਨਾਲ ਹੋਈ ਧੱਕੇਸ਼ਾਹੀ, ਨਾਇਨਸਾਫੀ ਬਾਰੇ ਦੱਸਿਆ। ਸ਼ਸ਼ੀ ਅਤੇ ਉਸ ਦੇ ਭਰਾ ਤੋਂ ਤੰਗ ਵਿਅਕਤੀਆਂ ਨੇ ਜਗ ਬਾਣੀ ਨਾਲ ਸੰਪਰਕ ਕਰਕੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਧੱਕੇਸ਼ਾਹੀ ਕਰਕੇ ਉਨ੍ਹਾਂ ਤੋਂ ਲੱਖਾਂ ਰੁਪਏ ਲੁੱਟੇ ਹਨ ਅਤੇ ਕਈ ਜਗ੍ਹਾ 'ਤੇ ਜ਼ਬਰਦਸਤ ਹਸਤਾਖਰ ਕਰਵਾ ਕੇ ਕਬਜ਼ੇ ਕੀਤੇ ਹਨ, ਜਿਸ ਦਾ ਖੁਲਾਸਾ ਉਹ ਜਲਦ ਕਰਨਗੇ ਅਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਦੱਸਿਆ ਕਿ ਗੁੰਡਾਗਰਦੀ ਕਰਕੇ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਧਮਕਾ ਕੇ ਕਬਜ਼ਾ ਕਰ ਰਿਹਾ ਸੀ, ਜਿਸ ਦਾ ਅੰਤ ਜਲਦੀ ਹੋਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਨੂੰ ਅਜਿਹੇ ਲੋਕਾਂ ਦੇ ਕਾਰਨਾਮਿਆਂ ਨੂੰ ਬਾਹਰ ਕੱਢ ਕੇ ਲੋਕਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ, ਜਿਸ ਨਾਲ ਜਨਤਾ ਦਾ ਜ਼ਿਲਾ ਪ੍ਰਸ਼ਾਸਨ ਅਤੇ ਸਰਕਾਰ 'ਤੇ ਵਿਸ਼ਵਾਸ ਮਜ਼ਬੂਤ ਹੋਵੇਗਾ।

1-2 ਦਿਨਾਂ 'ਚ ਹਾਈ ਪ੍ਰੋਫਾਈਲ ਪ੍ਰੈੱਸ ਕਾਨਫਰੰਸ ਕਰ ਕੇ ਹੋਵੇਗਾ ਖੁਲਾਸਾ
ਸੂਤਰ ਦੱਸਦੇ ਹਨ ਕਿ ਸ਼ਸ਼ੀ ਸ਼ਰਮਾ ਵਿਵਾਦ ਮਾਮਲੇ ਵਿਚ ਪਰਚੇ ਵਿਚ ਨਾਮਜ਼ਦ ਲੋਕ ਅਤੇ ਹੋਰ ਕਈ ਲੋਕ ਆਉਣ ਵਾਲੇ ਦਿਨਾਂ 'ਚ ਹਾਈ ਪ੍ਰੋਫਾਈਲ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕਰ ਸਕਦੇ ਹਨ ਅਤੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਣਗੇ। ਫਿਲਹਾਲ ਸਮਾਂ ਨਹੀਂ ਦੱਸਿਆ ਕਿ ਕਿਸ ਜਗ੍ਹਾ 'ਤੇ ਪ੍ਰੈੱਸ ਕਾਨਫਰੰਸ ਹੋਵੇਗੀ।

ਥੱਕ ਹਾਰ ਕੇ ਇਨਸਾਫ ਨਾ ਮਿਲਣ 'ਤੇ ਚੁੱਕਿਆ ਇਹ ਕਦਮ
ਸੂਤਰ ਦੱਸਦੇ ਹਨ ਕਿ ਪਰਚੇ 'ਚ ਨਾਮਜ਼ਦ ਲੋਕਾਂ ਨੇ ਪੁਲਸ ਨੂੰ ਉਕਤ ਵਿਭਾਗ ਸਬੰਧੀ ਸਾਰੀ ਜਾਣਕਾਰੀ ਦਿੱਤੀ ਹੈ ਕਿ ਇਹ ਵਿਵਾਦ ਪ੍ਰਾਪਰਟੀ ਨਾਲ ਜੁੜਿਆ ਹੋਇਆ ਨਹੀਂ ਹੈ, ਸਗੋਂ ਕਿ ਥੱਕ ਹਾਰ ਕੇ ਇਨਸਾਫ ਨਾ ਮਿਲਣ 'ਤੇ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਸ਼ੀ ਵੱਲੋਂ ਉਨ੍ਹਾਂ ਦੇ ਦੋਸਤਾਂ ਤੋਂ ਜ਼ਬਰਦਸਤੀ ਕਬਜ਼ੇ ਅਤੇ ਲੱਖਾਂ ਰੁਪਏ ਲੁੱਟੇ ਸਨ ਜੋ ਅੱਜ ਦਰ-ਦਰ ਲਈ ਭਟਕ ਰਹੇ ਹਨ, ਜਿਨ੍ਹਾਂ ਦਾ ਕੋਈ ਘਰ ਟਿਕਾਣਾ ਨਹੀਂ ਹੈ। ਪੁਲਸ ਦੀ ਮਿਲੀਭੁਗਤ ਕਾਰਨ ਉਨ੍ਹਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਜਾਂਦਾ ਰਿਹਾ। ਜਿਨ੍ਹਾਂ ਨੂੰ ਪਰੇਸ਼ਾਨ ਹੁੰਦਾ ਦੇਖ ਉਨ੍ਹਾਂ ਨੇ ਇਨਸਾਫ ਲਈ ਇਹ ਕਦਮ ਚੁੱਕਿਆ।

ਡਾ. ਵਾਲੀਆ ਨਾਲ ਹੋਈ ਧੱਕੇਸ਼ਾਹੀ ਦੀ ਜਾਂਚ ਕਰਵਾਈ ਜਾਵੇਗੀ
ਪੀੜਤ ਲੋਕਾਂ ਨੇ ਮੰਗ ਕੀਤੀ ਹੈ ਕਿ ਪਿਛਲੀ ਦਿਨੀਂ ਬੱਸ ਸਟੈਂਡ ਦਫਤਰ ਵਿਚ ਜੋ ਡਾ. ਵਾਲੀਆ ਅਤੇ ਉਸ ਦੇ ਬੇਟੇ ਅਤੇ ਡਰਾਈਵਰ ਨਾਲ ਸ਼ਸ਼ੀ ਸ਼ਰਮਾ ਅਤੇ ਉਸ ਦੇ ਸਾਥੀਆਂ ਨੇ ਧੱਕੇਸ਼ਾਹੀ ਕਰ ਕੇ ਕੁੱਟਿਆ ਅਤੇ ਜ਼ਲੀਲ ਕੀਤਾ ਹੈ। ਉਸ ਦੀ ਜਾਂਚ ਕਰਵਾਈ ਜਾਵੇਗੀ। ਉਕਤ ਮਾਮਲੇ 'ਚ ਡਾ. ਵਾਲੀਆ ਵੱਲੋਂ ਬੱਸ ਸਟੈਂਡ ਚੌਕੀ ਪੁਲਸ ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਉਨ੍ਹਾਂ ਦੀ ਸ਼ਿਕਾਇਤ 'ਤੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਉਨ੍ਹਾਂ ਨੂੰ ਹੀ ਚੁੱਪ-ਚਾਪ ਖਿਸਕ ਜਾਣ ਲਈ ਕਿਹਾ ਸੀ। ਜੇ ਉੱਚ ਅਧਿਕਾਰੀ ਇਸਦੀ ਗੰਭੀਰਤਾ ਨਾਲ ਜਾਂਚ ਕਰਨਗੇ ਤਾਂ ਸੱਚਾਈ ਸਾਹਮਣੇ ਆ ਜਾਵੇਗੀ।


shivani attri

Content Editor

Related News