ਗੰਧਲੀ ਸਿਆਸਤ ਕਾਰਨ ਸ਼ਾਂਤੀ ਹਾਲ ਬਣਿਆ ਸਫੈਦ ਹਾਥੀ

03/17/2018 12:12:54 PM

ਭੁੱਚੋ ਮੰਡੀ (ਨਾਗਪਾਲ)-ਭੁੱਚੋ ਮੰਡੀ-ਲਹਿਰਾ ਬੇਗਾ ਸੜਕ 'ਤੇ ਰਾਮ ਬਾਗ ਦੇ ਸਾਹਮਣੇ ਕਰੀਬ 5 ਸਾਲ ਪਹਿਲਾਂ ਇਲਾਕੇ ਦੇ ਲੋਕਾਂ ਦੇ ਵਿਆਹ ਅਤੇ ਭੋਗ ਆਦਿ ਦੇ ਸਮਾਗਮਾਂ ਲਈ ਸ਼ੁਰੂ ਹੋਇਆ ਸ਼ਾਂਤੀ ਹਾਲ ਮੁਕੰਮਲ ਹੋਣ ਦੇ ਬਾਵਜੂਦ ਬੰਦ ਪਿਆ ਹੈ। 17 ਅਕਤੂਬਰ 2012 ਨੂੰ ਨਗਰ ਕੌਂਸਲ ਦੀ ਉਸ ਸਮੇਂ ਦੀ ਪ੍ਰਧਾਨ ਸੁਨੀਤਾ ਰਾਣੀ ਬਾਂਸਲ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ। ਕਰੀਬ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਬੀਬਾ ਸੁਰਿੰਦਰ ਕੌਰ ਬਾਦਲ ਦੀ ਯਾਦ 'ਚ ਬਣਾਇਆ ਇਹ ਸ਼ਾਂਤੀ ਹਾਲ ਮੁਕੰਮਲ ਹੋਣ ਦੇ ਬਾਵਜੂਦ ਆਪਣੀ ਕਿਸਮਤ 'ਤੇ ਹੰਝੂ ਵਹਾ ਰਿਹਾ ਹੈ।
ਇਸ ਦੇ ਚਾਲੂ ਨਾ ਹੋਣ ਕਰ ਕੇ ਮੰਡੀ ਨਿਵਾਸੀ ਇਸ ਸ਼ਾਂਤੀ ਹਾਲ ਤੋਂ ਕੋਈ ਲਾਭ ਨਹੀਂ ਉਠਾ ਰਹੇ ਬਲਕਿ ਬੰਦ ਪਏ ਇਸ ਸ਼ਾਂਤੀ ਹਾਲ ਦੀ ਸੰਭਾਲ ਨਾ ਹੋਣ ਕਾਰਨ ਇਹ ਸਫੈਦ ਹਾਥੀ ਬਣਦਾ ਜਾ ਰਿਹਾ ਹੈ। ਸਾਢੇ ਪੰਜ ਕਨਾਲ ਵਿਚ ਬਣੇ ਇਸ ਸ਼ਾਂਤੀ ਹਾਲ ਵਿਚ 60 ਗੁਣਾ 100 ਫੁੱਟ ਦਾ ਇਕ ਵੱਡਾ ਹਾਲ, ਲੰਗਰ ਲਈ 30 ਗੁਣਾ 90 ਫੁੱਟ ਵੱਡਾ ਹਾਲ, ਹਲਵਾਈਆਂ ਲਈ ਕਮਰਾ ਅਤੇ ਬਾਥਰੂਮ ਆਦਿ ਤਿਆਰ ਹੋ ਚੁੱਕੇ ਹਨ ਪਰ ਅਜੇ ਤੱਕ ਇਸ ਨੂੰ ਨਗਰ ਕੌਂਸਲ ਨੇ ਚਾਲੂ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ, ਜਦਕਿ ਇਸ ਸਮੇਂ ਮੰਡੀ ਵਿਚ ਅਜਿਹੇ ਹਾਲ ਦੀ ਭਾਰੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। 
ਦਰਅਸਲ ਇਸ ਸਮੇਂ ਨਗਰ ਕੌਂਸਲ ਦਾ ਪ੍ਰਧਾਨ ਅਕਾਲੀ ਦਲ ਦਾ ਹੈ ਅਤੇ ਸੂਬੇ ਵਿਚ ਸਰਕਾਰ ਕਾਂਗਰਸ ਦੀ ਹੈ, ਜਿਸ ਕਾਰਨ ਇਸ ਸ਼ਾਂਤੀ ਹਾਲ ਦਾ ਕਰੈਡਿਟ ਲੈਣ ਲਈ ਦੋਨੋਂ ਪਾਰਟੀਆਂ ਦੀ ਸਿਆਸਤ ਕਾਰਨ ਇਹ ਸ਼ਾਂਤੀ ਹਾਲ ਚਾਲੂ ਨਹੀਂ ਹੋ ਰਿਹਾ, ਜਿਸ ਦਾ ਖਮਿਆਜ਼ਾ ਮੰਡੀ ਨਿਵਾਸੀ ਭੁਗਤ ਰਹੇ ਹਨ।
ਸਥਾਨਕ ਨਗਰ ਕੌਂਸਲ ਦੀ ਆਰਥਿਕ ਹਾਲਤ ਮਾੜੀ ਹੋਣ ਕਰ ਕੇ ਉਹ ਇਸ ਨੂੰ ਚਲਾਉਣ 'ਚ ਦਿਲਚਸਪੀ ਨਹੀਂ ਲੈ ਰਹੀ ਕਿਉਂਕਿ ਇਸ ਨੂੰ ਚਾਲੂ ਕਰਨ ਲਈ ਕੁਝ ਹੋਰ ਫੰਡ ਦੀ ਜ਼ਰੂਰਤ ਪਵੇਗੀ। ਇਸ ਸ਼ਾਂਤੀ ਹਾਲ ਨੂੰ ਠੇਕੇ 'ਤੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨੂੰ ਸੰਭਾਲ ਕੇ ਚਲਾਉਣ ਦੀਆਂ ਗੱਲਾਂ ਵੀ ਚੱਲ ਰਹੀਆਂ ਹਨ ਪਰ ਨਿੱਜੀ ਹਿੱਤਾਂ ਕਾਰਨ ਅਜਿਹਾ ਨਹੀਂ ਕੀਤਾ ਜਾ ਰਿਹਾ।  ਮੰਡੀ ਨਿਵਾਸੀਆਂ ਵੱਲੋਂ ਸ਼ਾਂਤੀ ਹਾਲ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਮੰਡੀ ਨਿਵਾਸੀ ਇਸ ਦਾ ਸਾਭ ਉਠਾ ਸਕਣ ਅਤੇ ਪ੍ਰਾਈਵੇਟ ਆਰਥਿਕ ਲੁੱਟ ਤੋਂ ਬਚ ਸਕਣ।


Related News