ਹਿਮਾਚਲ ’ਚ ਕਾਂਗਰਸ ਦੇ ਸਾਰੇ ਉਮੀਦਵਾਰ ਐਲਾਨ ਹੋਣ ਮਗਰੋਂ ਸਿਆਸਤ ਭਖੀ
Saturday, May 04, 2024 - 02:04 PM (IST)
ਨੈਸ਼ਨਲ ਡੈਸਕ- ਹਿਮਾਚਲ ਦੀਆਂ ਚਾਰੇ ਲੋਕ ਸਭਾ ਸੀਟਾਂ ’ਤੇ ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਸਿਆਸੀ ਜੰਗ ਤੇਜ਼ ਹੋ ਗਈ ਹੈ। ਕਾਂਗਰਸ ਨੇ ਕਾਂਗੜਾ ’ਚ 71 ਸਾਲਾ ਆਨੰਦ ਸ਼ਰਮਾ ਨੂੰ ਭਾਜਪਾ ਦੇ ਡਾ. ਰਾਜੀਵ ਭਾਰਦਵਾਜ ਦੇ ਖ਼ਿਲਾਫ ਖੜ੍ਹਾ ਕੀਤਾ ਹੈ, ਜੋ ਪਹਿਲੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਡਾ. ਰਾਜੀਵ ਭਾਰਦਵਾਜ ਨੂੰ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੇ ਕਰੀਬੀ ਮੰਨਿਆ ਜਾਂਦਾ ਹੈ। ਉਥੇ ਊਨਾ ਦੇ ਸਾਬਕਾ ਵਿਧਾਇਕ ਰਾਏਜ਼ਾਦਾ ਦਾ ਮੁਕਾਬਲਾ 3 ਵਾਰ ਹਮੀਰਪੁਰ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨਾਲ ਹੋ ਚੁੱਕਿਆ ਹੈ।
ਮੰਡੀ ਲੋਕ ਸਭਾ ਸੀਟ ਤੋਂ ਜਿੱਥੇ ਅਦਾਕਾਰਾ ਕੰਗਨਾ ਰਾਣੌਤ ਨੇ ਭਾਜਪਾ ਉਮੀਦਵਾਰ ਵਜੋਂ ਆਪਣੀ ਸਿਆਸੀ ਸ਼ੁਰੂਆਤ ਕੀਤੀ ਸੀ ਉਥੇ ਕਾਂਗਰਸ ਨੇ ਉਸ ਦੇ ਖਿਲਾਫ ਸੂਬੇ ਦੇ ਪੀ. ਡਬਲਯੂ. ਡੀ. ਮੰਤਰੀ ਅਤੇ ਮੌਜੂਦਾ ਸ਼ਿਮਲਾ (ਦਿਹਾਤੀ) ਵਿਧਾਇਕ ਵਿਕਰਮਾਦਿੱਤਿਆ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ। ਹਿਮਾਚਲ ’ਚ 4 ਲੋਕ ਸਭਾ ਹਲਕਿਆਂ ਵਿਚੋਂ ਹਰੇਕ ਵਿਚ 17 ਵਿਧਾਨ ਸਭਾ ਸੀਟਾਂ ਸ਼ਾਮਲ ਹਨ। ਕਾਂਗੜਾ ਅਤੇ ਸ਼ਿਮਲਾ ਲੋਕ ਸਭਾ ਹਲਕਿਆਂ ਵਿਚ ਕਾਂਗਰਸ ਦਾ ਦਬਦਬਾ ਹੈ, ਜਦਕਿ ਮੰਡੀ ਅਤੇ ਹਮੀਰਪੁਰ ਸੰਸਦੀ ਹਲਕਿਆਂ ’ਚ ਭਾਜਪਾ ਦਾ ਦਬਦਬਾ ਹੈ। ਹਮੀਰਪੁਰ ਵਿਚ ਭਾਜਪਾ ਇਕ ਵਾਰ ਫਿਰ ਕਾਂਗਰਸ ਦੇ ਵਚਨਬੱਧ ਨੇਤਾ ਰਾਏਜ਼ਾਦਾ ਖਿਲਾਫ ਤਿੰਨ ਵਾਰ ਦੇ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ’ਤੇ ਨਿਰਭਰ ਹਨ। ਇਸ ਤੋਂ ਪਹਿਲਾਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਜਾਂ ਉਨ੍ਹਾਂ ਦੀ ਧੀ ਨੂੰ ਹਮੀਰਪੁਰ ਤੋਂ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ। ਸ਼ਿਮਲਾ ਸੰਸਦੀ ਹਲਕੇ ’ਚ ਕਸੌਲੀ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਵਿਨੋਦ ਸੁਲਤਾਨਪੁਰੀ ਅਤੇ ਭਾਜਪਾ ਦੇ ਮੌਜੂਦਾ ਸੰਸਦ ਸੁਰੇਸ਼ ਕਸ਼ਯਪ ਵਿਚਾਲੇ ਮੁਕਾਬਲਾ ਹੈ। ਕਾਂਗਰਸ ਨੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਸ਼ਯਪ ’ਤੇ ਸ਼ਿਮਲਾ ਹਲਕੇ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਹੈ। ਕਾਂਗਰਸ ਦਾ ਇਲਜ਼ਾਮ ਹੈ ਕਿ ਪਿਛਲੇ ਸਾਲ ਕੁਦਰਤੀ ਆਫ਼ਤ ਦੌਰਾਨ ਕਸ਼ਯਪ ਐੱਮ. ਪੀ. ਫੰਡ ਦਾ ਪੈਸਾ ਖਰਚ ਨਹੀਂ ਕਰ ਸਕੇ ਸਨ।
ਦਿਲਚਸਪ ਗੱਲ ਇਹ ਹੈ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਉਪ ਮੁੱਖ ਮੰਤਰੀ ਅਗਨੀਹੋਤਰੀ ਹਮੀਰਪੁਰ ਸੰਸਦੀ ਹਲਕੇ ਅਧੀਨ ਆਉਣ ਵਾਲੇ 2 ਵਿਧਾਨ ਸਭਾ ਹਲਕਿਆਂ ਨਾਦੌਨ ਅਤੇ ਹਰੋਲੀ ਤੋਂ ਆਉਂਦੇ ਹਨ, ਜਿਥੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਪੁੱਤਰ ਅਤੇ ਭਾਜਪਾ ਦੇ ਅਨੁਰਾਗ ਠਾਕੁਰ ਨੇ ਲਗਾਤਾਰ ਤਿੰਨ ਵਾਰ ਜਿੱਤ ਹਾਸਲ ਕੀਤੀ। ਤੁਹਾਨੂੰ ਦੱਸ ਦੇਈਏ ਕਿ ਰਾਜ ਵਿਚ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 7 ਮਈ ਤੋਂ ਸ਼ੁਰੂ ਹੋਵੇਗੀ ਅਤੇ ਫਾਰਮ ਭਰਨ ਦੀ ਆਖਰੀ ਮਿਤੀ 14 ਮਈ ਹੈ।