''ਸ਼ਨੀ'' ਤੋਂ ਬਚਣ ਲਈ ਮੰਤਰੀ ਤੇ ਅਧਿਕਾਰੀਆਂ ਨੇ ਅਪਣਾਇਆ ਇਹ ਰਸਤਾ, ਖਾ ਰਹੇ ਨੇ ਜੇਲ ਦੀ ਰੋਟੀ

12/31/2019 2:11:17 PM

ਚੰਡੀਗੜ੍ਹ— ਸ਼ਨੀ ਦੇਵ ਦੇ ਮਾੜੇ ਪ੍ਰਭਾਵ ਅਤੇ ਜੀਵਨ 'ਚ ਸੁੱਖ-ਸ਼ਾਂਤੀ ਲਈ ਮੰਤਰੀ, ਆਈ. ਏ. ਐੱਸ, ਆਈ. ਪੀ. ਐੱਸ. ਅਤੇ ਹੋਰ ਅਧਿਕਾਰੀ ਵੀ ਮਾਡਲ ਟਾਊਨ ਜੇਲ ਬੁੜੈਲ ਦਾ ਖਾਣਾ ਖਾਂਦੇ ਹਨ। ਪੰਡਿਤਾਂ ਦੀ ਮੰਨੀਏ ਤਾਂ ਕਈ ਰਸੂਖਦਾਰ ਵੀ ਜੇਲ ਦਾ ਖਾਣਾ ਇਸ ਲਈ ਖਾਂਦੇ ਹਨ ਤਾਂ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਸ਼ਨੀ ਗ੍ਰਹਿ ਤੋਂ ਪੈਦਾ ਹੋਣ ਵਾਲੇ ਪ੍ਰਭਾਵ ਨਾ ਆਉਣ। ਜੇਲ ਅਧਿਕਾਰੀਆਂ ਮੁਤਾਬਕ ਹਰ ਮਹੀਨੇ ਕਈ ਮੰਤਰੀ ਅਤੇ ਅਧਿਕਾਰੀ ਜੇਲ ਦਾ ਖਾਣਾ ਖਾਣ ਲਈ ਲੈ ਕੇ ਜਾਂਦੇ ਹਨ। ਅਜਿਹਾ ਮੰਨਣਾ ਹੈ ਕਿ ਜੇਲ ਦਾ ਖਾਣਾ ਖਾਣ ਨਾਲ ਲੋਕਾਂ ਦੇ ਜੀਵਨ 'ਚ ਆਉਣ ਵਾਲੇ ਸੰਕਟ ਜਾਂ ਸ਼ਨੀ ਦੇ ਮਾੜੇ ਪ੍ਰਭਾਵ ਤੋਂ ਛੁਟਕਾਰਾ ਮਿਲਦਾ ਹੈ। ਜੇਲ ਸੁਪਰਡੈਂਟ ਵਿਰਾਟ ਨੇ ਇਕ ਅਖਬਾਰ ਨੂੰ ਦੱਸਿਆ ਕਿ ਉਹ ਇਹ ਤਾਂ ਨਹੀਂ ਜਾਣਦੇ ਕਿ ਕਿਸ ਕਾਰਨ ਸ਼ਹਿਰ 'ਚ ਰਹਿਣ ਵਾਲੇ ਮੰਤਰੀ, ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀ ਜੇਲ ਦਾ ਖਾਣਾ ਖਾਣ ਆਉਂਦੇ ਹਨ ਜਾਂ ਆਪਣੇ ਘਰ ਮੰਗਵਾਉਂਦੇ ਹਨ। ਇਹ ਗੱਲ ਜ਼ਰੂਰ ਹੈ ਕਿ ਜੇਲ ਦੇ ਕੈਦੀਆਂ ਵੱਲੋਂ ਬਣਾਇਆ ਜਾਣ ਵਾਲਾ ਖਾਣਾ ਸ਼ਹਿਰ ਦੇ ਕਈ ਲੋਕ ਮੰਗਵਾਉਂਦੇ ਹਨ। ਇਨ੍ਹਾਂ 'ਚ ਨੇਤਾ, ਮੰਤਰੀ, ਆਈ. ਪੀ. ਐੱਸ. ਅਤੇ ਹੋਰ ਅਧਿਕਾਰੀ ਵੀ ਸ਼ਾਮਲ ਹਨ।

38,743 ਲੋਕ ਖਾ ਚੁੱਕੇ ਨੇ ਹੁਣ ਤੱਕ ਜੇਲ ਦਾ ਖਾਣਾ
ਬੁੜੈਲ ਸਥਿਤ ਮਾਡਲ ਟਾਊਨ ਜੇਲ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ 2017 'ਚ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦੇ ਤਹਿਤ ਕੈਦੀਆਂ ਵੱਲੋਂ ਬਣਾਏ ਜਾਣ ਵਾਲੇ ਭੋਜਨ ਨੂੰ ਲੋਕਾਂ ਨੇ ਵੇਚਣਾ ਸ਼ੁਰੂ ਕਰ ਦਿੱਤਾ ਸੀ। ਅਪ੍ਰੈਲ 2017 ਤੋਂ ਦਸੰਬਰ 2019 ਤੱਕ 38,743 ਲੋਕ ਜੇਲ ਦਾ ਖਾਣਾ ਖਾ ਚੁੱਕੇ ਹਨ। ਇੰਨੀਆਂ ਥੈਲੀਆਂ ਜੇਲ ਤੋਂ ਲੋਕਾਂ ਨੂੰ ਵੇਚੀਆਂ ਜਾ ਚੁੱਕੀਆਂ ਹਨ। ਇਸ ਨਾਲ ਜੇਲ ਪ੍ਰਸ਼ਾਸਨ ਨੂੰ 54.86 ਲੱਖ ਰੁਪਏ ਦੀ ਕਮਾਈ ਹੋ ਚੁੱਕੀ ਹੈ। ਕੈਦੀਆਂ ਵੱਲੋਂ ਬਣਾਏ ਗਏ ਭੋਜਨ ਨੂੰ ਵੇਚ ਕੇ ਪ੍ਰਸ਼ਾਸਨ ਜੋ ਪੈਸਾ ਕਮਾਉਂਦਾ ਹੈ, ਉਸ ਨੂੰ ਕੈਦੀਆਂ ਦੇ ਕਲਿਆਣ 'ਤੇ ਖਰਚ ਕੀਤਾ ਜਾਂਦਾ ਹੈ।

18,948 ਰਿਫ੍ਰੈਸ਼ਮੈਂਟ ਦੇ ਵੇਚੇ ਪੈਕੇਟ
ਦੱਸਣਯੋਗ ਹੈ ਕਿ ਬੁੜੈਲ ਜੇਲ 'ਚ ਬੰਦ ਕੈਦੀਆਂ ਵੱਲੋਂ ਨਾ ਸਿਰਫ ਖਾਣਾ ਬਣਾਇਆ ਜਾਂਦਾ ਹੈ ਸਗੋਂ ਰਿਫ੍ਰੈਸ਼ਮੈਂਟ ਦੇ ਤੌਰ 'ਤੇ ਸਮੋਸਾ, ਚਾਹ, ਬਿਸਕੁਟ ਵੀ ਬਣਾਏ ਜਾਂਦੇ ਹਨ। ਹੁਣ ਤੱਕ ਕੈਦੀਆਂ ਵੱਲੋਂ ਬਣਾਏ ਗਏ 18,948 ਰਿਫ੍ਰੈਸ਼ਮੈਂਟ ਪੈਕੇਟ ਵੇਚੇ ਜਾ ਚੁੱਕੇ ਹਨ। ਇਸ ਨਾਲ ਜੇਲ ਪ੍ਰਸ਼ਾਸਨ 8.14 ਲੱਖ ਰੁਪਏ ਦੀ ਕਮਾਈ ਕਰ ਚੁੱਕਾ ਹੈ। ਇਨ੍ਹਾਂ ਪੈਸਿਆਂ ਨੂੰ ਕੈਦੀਆਂ ਦੇ ਵੈੱਲਫੇਅਰ 'ਤੇ ਖਰਚ ਕੀਤਾ ਜਾਂਦਾ ਹੈ। ਮਾਡਲ ਜੇਲ ਪ੍ਰਸ਼ਾਸਨ ਨੂੰ ਖਾਣ ਦੀ ਥਾਲੀ ਅਤੇ ਰਿਫ੍ਰੈਸ਼ਮੈਂਟ ਪੈਕੇਟ ਭੇਜ ਕੇ ਹੁਣ ਤੱਕ 63 ਲੱਖ ਰੁਪਏ ਦੀ ਕੁੱਲ ਕਮਾਈ ਹੋਈ ਹੈ। ਐਡੀਸ਼ਨਲ ਆਈ. ਜੀ. ਜੇਲ ਕਮ ਸੁਪਰਡੈਂਟ ਮਾਡਲ ਟਾਊਨ ਜੇਲ ਵਿਰਾਟ ਨੇ ਕਿਹਾ ਕਿ ਜੇਲ ਦੇ ਖਾਣੇ ਦੀ ਡਿਮਾਂਡ ਪਿਛਲੇ ਇਕ ਸਾਲ 'ਚ ਵਧੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਰਹਿਣ ਵਾਲੇ ਕਈ ਅਫਸਰ, ਮੰਤਰੀ ਅਤੇ ਕਰਮਚਾਰੀ ਵੀ ਜੇਲ ਦਾ ਖਾਣਾ ਮੰਗਵਾਉਂਦੇ ਹਨ।


shivani attri

Content Editor

Related News