ਪੰਜਾਬੀ ਟਰੱਕ ਡਰਾਈਵਰ ਦੀ ਧੀ ਨੇ ਚਮਕਾਇਆ ਨਾਂ, ਨਿਊਜ਼ੀਲੈਂਡ ਪੁਲਸ 'ਚ ਹੋਈ ਭਰਤੀ

Saturday, Oct 07, 2017 - 03:40 PM (IST)

ਸ਼ਾਹਕੋਟ/ਆਕਲੈਂਡ, (ਬਿਊਰੋ)— ਮਾਂ-ਬਾਪ ਦੀ ਜ਼ਿੰਦਗੀ 'ਚ ਉਹ ਦਿਨ ਬਹੁਤ ਖਾਸ ਹੁੰਦਾ ਹੈ, ਜਦ ਉਨ੍ਹਾਂ ਦਾ ਬੱਚਾ ਆਪਣੀ ਮਿੱਥੀ ਹੋਈ ਮੰਜ਼ਲ 'ਤੇ ਪੁੱਜ ਜਾਂਦਾ ਹੈ। ਹਰ ਮਾਂ-ਬਾਪ ਆਪਣੇ ਬੱਚੇ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਾ ਹੈ। 19 ਸਾਲਾ ਪ੍ਰਭਦੀਪ ਦੇ ਮਾਂ-ਬਾਪ ਦੀ ਖੁਸ਼ੀ ਸੱਤਵੇਂ ਆਸਮਾਨ 'ਤੇ ਹੈ। ਪ੍ਰਭਦੀਪ ਨੇ ਨਿਊਜ਼ੀਲੈਂਡ ਪੁਲਸ 'ਚ ਸ਼ਾਮਲ ਹੋ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੀ ਧੀ ਨਿਊਜ਼ੀਲੈਂਡ ਦੀ ਪੁਲਸ 'ਚ ਭਰਤੀ ਹੋਈ ਹੈ ਅਤੇ ਇਸ ਖਬਰ ਨਾਲ ਹਰ ਧੀ ਦੇ ਮਾਂ-ਬਾਪ ਨੂੰ ਖੁਸ਼ੀ ਮਿਲੀ ਹੈ। ਬਹੁਤ ਸਾਰੇ ਲੋਕਾਂ ਦੀ ਸੋਚ ਹੈ ਕਿ ਮੁੰਡੇ ਹੀ ਸਭ ਕੁੱਝ ਕਰ ਸਕਦੇ ਹਨ ਅਤੇ ਧੀਆਂ ਤਾਂ ਕਮਜ਼ੋਰ ਹੁੰਦੀਆਂ ਹਨ। ਅਜਿਹੇ 'ਚ ਬਾਜਵਾ ਕਲਾਂ ਦੇ ਪਿੰਡ ਦੀ ਪ੍ਰਭਦੀਪ ਸਭ ਧੀਆਂ ਲਈ ਉਦਾਹਰਣ ਬਣ ਕੇ ਸਾਹਮਣੇ ਆਈ ਹੈ। ਉਸ ਨੇ ਸਾਬਤ ਕਰ ਦਿੱਤਾ ਕਿ ਧੀਆਂ ਕਿਸੇ ਵੀ ਪੱਖੋਂ ਮੁੰਡਿਆਂ ਨਾਲੋਂ ਪਿੱਛੇ ਨਹੀਂ ਹਨ। 
ਪ੍ਰਭਦੀਪ ਦੇ ਪਿਤਾ ਲਹਿੰਬਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਸ਼ਾਹਕੋਟ 'ਚ ਟਰੱਕ ਚਲਾਉਂਦੇ ਸਨ ਅਤੇ ਸਾਲ 2000 'ਚ ਉਹ ਨਿਊਜ਼ੀਲੈਂਡ ਚਲੇ ਗਏ ਜਦ ਪ੍ਰਭਦੀਪ ਦੋ ਸਾਲਾਂ ਦੀ ਹੀ। ਉੱਥੇ ਵੀ ਉਹ ਹਵਾਈ ਅੱਡੇ ਤਕ ਟਰੱਕ ਚਲਾਉਂਦੇ ਰਹੇ ਅਤੇ ਮਾਲ ਢੋਂਦੇ ਰਹੇ। ਇਸ ਮਗਰੋਂ ਉਨ੍ਹਾਂ ਨੇ ਫਲਾਂ ਅਤੇ ਸਬਜ਼ੀਆਂ ਦੀ ਦੁਕਾਨ ਵੀ ਖੋਲ੍ਹੀ। ਹੁਣ ਉਹ ਬੱਚਿਆਂ ਦੇ ਕੰਮ 'ਤੇ ਲੱਗਣ ਮਗਰੋਂ ਪਿੰਡ 'ਚ ਆਰਾਮ ਦੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਿਹਨਤ ਸਫਲ ਸਿੱਧ ਹੋਈ ਹੈ।

ਤੁਹਾਨੂੰ ਦੱਸ ਦਈਏ ਕਿ ਪ੍ਰਭਦੀਪ ਦੀ ਪੋਸਟਿੰਗ 'ਕਾਊਂਟੀਜ਼ ਮੈਨੁਕਾਓ ਪੁਲਸ ਸਟੇਸ਼ਨ' ਅਧੀਨ ਹੋਈ ਹੈ ਅਤੇ 9 ਅਕਤੂਬਰ ਤੋਂ ਉਹ ਪੰਜਾਬੀ ਪੁਲਸ ਅਫਸਰ ਦੇ ਤੌਰ 'ਤੇ ਲੋਕਾਂ ਦੀ ਸੁਰੱਖਿਆ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦੇਵੇਗੀ। ਇਸ ਸਾਰੀ ਪ੍ਰਾਪਤੀ ਦਾ ਸਿਹਰਾ ਉਹ ਆਪਣੀ ਮਾਂ ਹਰਦੀਪ ਕੌਰ ਨੂੰ ਦਿੰਦੀ ਹੈ। ਪਿਤਾ ਲਹਿੰਬਰ ਸਿੰਘ ਤੇ ਮਾਤਾ ਹਰਦੀਪ ਕੌਰ ਦੀ ਇਹ ਲਾਡਲੀ ਬੇਟੀ ਪਿੰਡ ਬਾਜਵਾ ਕਲਾਂ (ਜਲੰਧਰ) ਤੋਂ ਇਥੇ 2 ਕੁ ਸਾਲਾਂ ਦੀ ਉਮਰ 'ਚ ਆਪਣੇ ਮਾਪਿਆਂ ਨਾਲ ਆਈ ਸੀ। ਇਸ ਨੇ ਇੱਥੇ ਆ ਕੇ ਸਕੂਲੀ ਪੜ੍ਹਾਈ ਕਰਨ ਉਪਰੰਤ ਨਿਊਜ਼ੀਲੈਂਡ ਪੁਲਸ ਵਿਚ ਜਾਣ ਦਾ ਮਨ ਬਣਾ ਲਿਆ। ਪੁਲਸ ਦੀ ਨੀਲੀ ਵਰਦੀ ਪਾਉਣ 'ਚ ਉਸ ਨੂੰ ਲਗਪਗ ਇਕ ਸਾਲ ਦਾ ਸਮਾਂ ਲੱਗ ਗਿਆ ਪਰ ਉਸ ਦੀ ਮਿਹਨਤ ਰੰਗ ਲਿਆਈ ।ਇਸ ਨੇ 12 ਮਿੰਟ 'ਚ 2.4 ਕਿਲੋਮੀਟਰ ਦੀ ਦੌੜ ਅਤੇ 50 ਮੀਟਰ ਦੀ ਤੈਰਾਕੀ 50 ਸਕਿੰਟਾਂ ਵਿਚ ਕਰਕੇ ਅਗਲੀ ਟ੍ਰੇਨਿੰਗ ਰਾਇਲ ਨਿਊਜ਼ੀਲੈਂਡ ਪੁਲਸ ਕਾਲਜ ਵਲਿੰਗਟਨ ਵਿਖੇ ਇਕ ਤਰ੍ਹਾਂ ਪੱਕੀ ਕਰ ਲਈ । ਚਾਰ ਮਹੀਨਿਆਂ ਦੀ ਸਖਤ ਟਰੇਨਿੰਗ ਤੋਂ ਬਾਅਦ ਬੀਤੀ 28 ਸਤੰਬਰ ਨੂੰ ਇਸ ਨੇ ਗ੍ਰੈਜੂਏਸ਼ਨ ਪਾਸ ਕਰ ਲਈ ਅਤੇ 9 ਅਕਤੂਬਰ ਤੋਂ ਉਹ ਆਪਣੀ ਡਿਊਟੀ ਸ਼ੁਰੂ ਕਰੇਗੀ। 
ਨਿਊਜ਼ੀਲੈਂਡ ਪੁਲਸ 'ਚ ਆਉਣ ਦਾ ਇਸ ਕੁੜੀ ਦਾ ਮੁੱਖ ਮਕਸਦ ਔਰਤਾਂ ਖਾਸ ਕਰ ਪੰਜਾਬੀ ਕੁੜੀਆਂ ਪ੍ਰਤੀ ਲੋਕਾਂ ਦਾ ਮਾਨ-ਸਨਮਾਨ ਹੋਰ ਵਧਾਉਣਾ ਹੈ। ਇਸ ਦਾ ਮੰਨਣਾ ਹੈ ਕਿ ਜੇਕਰ ਪੰਜਾਬੀ ਕੁੜੀਆਂ ਨਿਊਜ਼ੀਲੈਂਡ ਪੁਲਸ 'ਚ ਜ਼ਿਆਦਾ ਗਿਣਤੀ ਵਿਚ ਹੋਣਗੀਆਂ ਤਾਂ ਲੋੜ ਪੈਣ 'ਤੇ ਭਾਰਤੀ ਜਾਂ ਪੰਜਾਬੀ ਮਹਿਲਾਵਾਂ ਜ਼ਿਆਦਾ ਵਿਸ਼ਵਾਸ ਅਤੇ ਖੁੱਲ੍ਹ ਕੇ ਆਪਣੀ ਗੱਲ ਕਰ ਸਕਦੀਆਂ ਹਨ ਤਾਂਕਿ ਸਮਾਜ 'ਚ ਉਨ੍ਹਾਂ ਦਾ ਕੱਦ ਮਰਦਾਂ ਦੇ ਬਰਾਬਰ ਬਣਿਆ ਰਹੇ। ਪ੍ਰਭਦੀਪ ਦੇ ਘਰ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਵਧਾਈਆਂ ਦੇ ਰਿਹਾ ਹੈ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਬੇਟਾ ਜਗਦੀਪ ਸਿੰਘ ਅਮਰੀਕੀ ਫੁੱਟਬਾਲ ਰਗਬੀ 'ਚ ਪਹਿਲਾ ਅਤੇ ਇਕਲੌਤਾ ਸਰਦਾਰ ਸਟਾਰ ਖਿਡਾਰੀ ਹੈ। ਉਨ੍ਹਾਂ ਦੀ ਇਕ ਹੋਰ ਧੀ ਸਿਮਰਨ ਆਪਣੀ ਕਾਰ ਰਾਹੀਂ ਏਅਰਪੋਰਟ ਤੋਂ ਹੋਟਲ ਤਕ ਯਾਤਰੀਆਂ ਨੂੰ ਲੈ ਜਾਣ ਅਤੇ ਛੱਡਣ ਦਾ ਕੰਮ ਕਰਦੀ ਹੈ ਅਤੇ ਛੋਟੀ ਧੀ ਪ੍ਰਭਦੀਪ ਨੇ ਨਿਊਜ਼ੀਲੈਂਡ ਦੀ ਪੁਲਸ 'ਚ ਭਰਤੀ ਹੋ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ।  


Related News