ਸ਼ਹੀਦ ਊਧਮ ਸਿੰਘ ਨੂੰ ਪਾਕਿ 'ਚ ਅੱਜ ਦਿੱਤੀ ਜਾਵੇਗੀ ਸ਼ਰਧਾਂਜਲੀ, ਬਾਦਲ ਜੋੜੇ ਨੂੰ ਵੀ ਸੱਦਾ

07/31/2019 12:44:08 PM

ਹੁਸ਼ਿਆਰਪੁਰ (ਅਮਰਿੰਦਰ)— ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇ 79 ਸਾਲਾਂ ਬਾਅਦ ਬੁੱਧਵਾਰ ਦੇ ਦਿਨ (31 ਜੁਲਾਈ ਨੂੰ) ਪਹਿਲੀ ਵਾਰ ਸ਼ਹੀਦ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਵੱਲੋਂ ਲਾਹੌਰ ਹਾਈ ਕੋਰਟ ਦੇ ਡੈਮੋਕਰੇਟਿਕ ਹਾਲ ਵਿਚ ਪਹਿਲੀ ਵਾਰ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਬਾਰੇ ਫੋਨ 'ਤੇ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਚੇਅਰਮੈਨ ਇੰਤੀਯਾਜ ਰਾਸ਼ਿਦ ਕੁਰੈਸ਼ੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ 'ਚ ਸ਼ਮੂਲੀਅਤ ਲਈ ਭਾਰਤ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਨ੍ਹ੍ਹਾਂ ਦੇ ਪਤੀ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਇਹ ਸੰਯੋਗ ਹੀ ਹੈ ਕਿ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਵਾਲੇ ਦਿਨ ਵੀ ਬੁੱਧਵਾਰ ਸੀ ਅਤੇ ਕੱਲ ਜਦੋਂ ਉਸ ਨੂੰ ਪਹਿਲੀ ਵਾਰ 79 ਸਾਲਾਂ ਬਾਅਦ ਲਾਹੌਰ 'ਚ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਸ ਦਿਨ ਵੀ ਬੁੱਧਵਾਰ ਹੋਵੇਗਾ।

ਸ਼ਹੀਦ ਊਧਮ ਸਿੰਘ ਦੇ ਜੀਵਨ 'ਚ ਬੁੱਧਵਾਰ ਦਾ ਦਿਨ ਅਹਿਮ  

ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਦੇ ਜੀਵਨ ਵਿਚ ਬੁੱਧਵਾਰ ਦਾ ਦਿਨ ਬੇਹੱਦ ਅਹਿਮ ਰਿਹਾ ਹੈ। ਉਸ ਨੇ 13 ਮਾਰਚ 1940 ਨੂੰ ਬੁੱਧਵਾਰ ਦੇ ਦਿਨ ਲੰਡਨ ਦੇ ਕੈਕਸਟਨ ਹਾਲ 'ਚ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਮਾਰਿਆ ਸੀ। ਲੰਡਨ ਦੀ ਪੇਂਟਨਵਿਲੇ ਜੇਲ 'ਚ 31 ਜੁਲਾਈ 1940 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਉਸ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਸ਼ਹਾਦਤ ਦੇ 34 ਸਾਲਾਂ ਬਾਅਦ ਭਾਰਤ ਸਰਕਾਰ ਦੀ ਕੋਸ਼ਿਸ਼ 'ਤੇ ਗਿਆਨੀ ਜ਼ੈਲ ਸਿੰਘ ਨੇ ਪੰਜਾਬ ਦਾ ਮੁੱਖ ਮੰਤਰੀ ਹੁੰਦਿਆਂ ਸ਼ਹੀਦ ਊਧਮ ਦੀ ਪਵਿੱਤਰ ਮ੍ਰਿਤਕ ਦੇਹ ਲੰਡਨ ਤੋਂ ਇੱਜ਼ਤ ਸਹਿਤ ਮੰਗਵਾਈ ਸੀ ਅਤੇ ਉਲੰਪਿਕ ਸਟੇਡੀਅਮ ਵਿਚ 31 ਜੁਲਾਈ 1974 ਨੂੰ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਦਿਨ ਵੀ ਬੁੱਧਵਾਰ ਹੀ ਸੀ।

ਅਬਦੁੱਲ ਰਾਸ਼ਿਦ ਕੁਰੈਸ਼ੀ ਦੀ ਅਗਵਾਈ 'ਚ ਕੀਤਾ ਜਾਵੇਗਾ ਕੈਂਡਲ ਮਾਰਚ : ਫਾਊਂਡੇਸ਼ਨ ਦੇ ਚੇਅਰਮੈਨ ਇੰਤੀਯਾਜ ਰਾਸ਼ਿਦ ਕੁਰੈਸ਼ੀ ਨੇ ਦੱਸਿਆ ਕਿ ਅੱਜ ਡੈਮੋਕਰੇਟਿਕ ਹਾਲ ਵਿਚ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਪਾਕਿਸਤਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਬਦੁੱਲ ਰਾਸ਼ਿਦ ਕੁਰੈਸ਼ੀ ਕਰਨਗੇ। ਕੈਂਡਲ ਮਾਰਚ ਵਿਚ ਪਾਕਿਸਤਾਨ ਸੁਪਰੀਮ ਕੋਰਟ ਅਤੇ ਲਾਹੌਰ ਹਾਈ ਕੋਰਟ ਦੇ ਵਕੀਲ ਰਾਜਾ ਜੁਲਕਰਨੈਨ, ਸਈਅਦ ਮੰਜੂਰ ਅਲੀ ਗਿਲਾਨੀ, ਸਈਅਦ ਅਲਮਸ ਹੈਦਰ ਕਾਜ਼ਮੀ, ਮੀਆਂ ਮੁਹੰਮਦ ਬਸ਼ੀਰ, ਜਲੀਲ ਅਹਿਮਦ ਖਾਨ, ਅੱਲਾਬਖਸ਼ ਗੌਂਡਲ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ।


shivani attri

Content Editor

Related News