'ਕੋਰੋਨਾ ਵਾਇਰਸ' ਕਾਰਣ 29 ਮਾਰਚ ਨੂੰ ਹੋਣ ਵਾਲਾ 117ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਰੱਦ
Saturday, Mar 21, 2020 - 02:01 PM (IST)
ਜਲੰਧਰ (ਧਵਨ) : ਦੇਸ਼ 'ਚ 'ਕੋਰੋਨਾ ਵਾਇਰਸ' ਦੇ ਕਾਰਨ ਪੰਜਾਬ ਸਮੇਤ ਕਈ ਸੂਬਿਆਂ 'ਚ ਬੰਦ ਹੋਈ ਬੱਸ ਸੇਵਾ ਅਤੇ ਦੂਰ-ਦੁਰਾਡਿਆਂ ਦੇ ਇਲਾਕਿਆਂ 'ਚ ਅੱਤਵਾਦ ਪੀੜਤ ਪਰਿਵਾਰਾਂ ਨੂੰ ਸਮਾਰੋਹ 'ਚ ਪਹੁੰਚਣ ਵਿਚ ਹੋਣ ਵਾਲੀ ਮੁਸ਼ਕਲ ਨੂੰ ਧਿਆਨ ਵਿਚ ਰੱਖਦਿਆਂ 'ਪੰਜਾਬ ਕੇਸਰੀ ਗਰੁੱਪ' ਵਲੋਂ 'ਸ਼ਹੀਦ ਪਰਿਵਾਰ ਫੰਡ ਸਮਾਰੋਹ' ਰੱਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦੇ ਕਾਰਨ 29 ਮਾਰਚ 2020 ਨੂੰ ਹਿੰਦ ਸਮਾਚਾਰ ਗਰਾਊਂਡ ਜਲੰਧਰ 'ਚ ਆਯੋਜਿਤ ਕੀਤਾ ਜਾਣ ਵਾਲਾ 117ਵਾਂ 'ਸ਼ਹੀਦ ਪਰਿਵਾਰ ਫੰਡ ਸਮਾਰੋਹ' ਰੱਦ ਕਰ ਦਿੱਤਾ ਗਿਆ ਹੈ।
ਇਸ ਸਮਾਰੋਹ ਵਿਚ ਅੱਤਵਾਦ ਤੋਂ ਪ੍ਰਭਾਵਿਤ 126 ਪਰਿਵਾਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਵਿਚ 63 ਲੱਖ ਰੁਪਏ ਦੀ ਮਾਲੀ ਸਹਾਇਤਾ ਤੇ ਘਰੇਲੂ ਵਰਤੋਂ ਦਾ ਸਾਮਾਨ ਵੰਡਿਆ ਜਾਣਾ ਸੀ। 'ਕੋਰੋਨਾ ਵਾਇਰਸ' ਦੇ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਕ ਸਥਾਨ 'ਤੇ 20 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਅਤੇ ਮੌਜੂਦਾ ਹਾਲਾਤ ਵਿਚ ਅਜਿਹੇ ਸਮਾਰੋਹ ਦਾ ਆਯੋਜਨ ਕੀਤਾ ਜਾਣਾ ਇਨਸਾਨੀਅਤ ਦੇ ਨਜ਼ਰੀਏ ਨਾਲ ਸਹੀ ਨਹੀਂ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਕਾਰਨ ਸ੍ਰੀ ਰਾਮਨੌਮੀ ਉਤਸਵ ਕਮੇਟੀ ਨੇ ਇਸ ਸਾਲ ਸ੍ਰੀ ਰਾਮਨੌਮੀ ਸ਼ੋਭਾ ਯਾਤਰਾ ਦਾ ਆਯੋਜਨ ਨਾ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਕਹਿਰ, ਸ੍ਰੀ ਰਾਮਨੌਮੀ ਮੌਕੇ ਨਹੀਂ ਨਿਕਲੇਗੀ ਸ਼ੋਭਾ ਯਾਤਰਾ
ਕਮੇਟੀ ਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਇਹ ਫੈਸਲਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਰਾਸ਼ਟਰ ਦੇ ਨਾਂ ਦਿੱਤੇ ਉਸ ਸੰਦੇਸ਼ ਤੋਂ ਬਾਅਦ ਲਿਆ ਗਿਆ, ਜਿਸ 'ਚ ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ਤ੍ਰਾਸਦੀ ਨਾਲ ਲੜਨ ਲਈ ਸਹਿਯੋਗ ਦੀ ਅਪੀਲ ਕੀਤੀ ਸੀ, ਜਿਸ 'ਚ ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਬੀਮਾਰੀ ਦਾ ਵਿਸ਼ਵ 'ਚ ਕੋਈ ਇਲਾਜ ਨਹੀਂ ਹੈ। ਮੀਟਿੰਗ 'ਚ ਮੌਜੂਦ ਅਹੁਦੇਦਾਰਾਂ ਦਾ ਮੰਨਣਾ ਸੀ ਕਿ ਪ੍ਰਧਾਨ ਮੰਤਰੀ ਦੀ ਉਸ ਅਪੀਲ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਜਲੰਧਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਜੀ. ਐੱਸ. ਭੁੱਲਰ ਨੇ ਵੀ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸ਼ੋਭਾ ਯਾਤਰਾ ਨਾ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ ਵਾਇਰਸ' ਨੇ ਮਚਾਈ ਤੜਥੱਲੀ, 7 ਕੇਸਾਂ ਦੀ ਪੁਸ਼ਟੀ, ਇਕ ਦੀ ਮੌਤ