ਸ਼ਹੀਦ ਜਵਾਨ ਗੁਰਤੇਜ ਸਿੰਘ ਦੀਆਂ ਅਸਥੀਆਂ ਕੀਤੀਆਂ ਗਈਆਂ ਜਲ ਪ੍ਰਵਾਹ
Sunday, Jun 21, 2020 - 03:17 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਗਲਵਾਨ ਘਾਟੀ 'ਚ ਸ਼ਹੀਦ ਹੋਏ ਭਾਰਤੀ ਫੌਜ ਦੇ ਜਵਾਨ ਗੁਰਤੇਜ ਸਿੰਘ (23) ਦੀਆਂ ਅਸਥੀਆਂ ਬੀਤੇ ਦਿਨ ਪਰਿਵਾਰਕ ਮੈਂਬਰਾਂ, ਸਾਕ ਸਬੰਧੀਆਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਨਜ਼ਦੀਕ ਬਣੇ ਅਸਤ ਘਾਟ ਤੋਂ ਸਤਲੁਜ ਦਰਿਆ 'ਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸ਼ਹੀਦ ਗੁਰਤੇਜ ਸਿੰਘ ਦੀਆਂ ਅਸਥੀਆਂ ਪਿੰਡ ਬੀਰੇਵਾਲਾ ਡੋਗਰਾ ਜ਼ਿਲਾ ਮਾਨਸਾ ਤੋਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਇਕ ਕਾਫਲੇ ਦੇ ਰੂਪ 'ਚ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਲਿਆਂਦੀਆਂ ਗਈਆਂ। ਇਸ ਮੌਕੇ ਗ੍ਰੰਥੀ ਸਿੰਘ ਪ੍ਰਦੀਪ ਸਿੰਘ ਵੱਲੋਂ ਅਰਦਾਸ ਕੀਤੀ ਗਈ। ਉਪਰੰਤ ਅਸਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ ਸਾਰਿਆਂ ਨੇ ਗੁਰਦੁਆਰਾ ਪਤਾਲਪੁਰੀ ਸਾਹਿਬ ਮੱਥਾ ਟੇਕਿਆ ਅਤੇ ਕੀਰਤਨ ਸਰਬਣ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਦੇ ਪਿਤਾ ਵਿਰਸਾ ਸਿੰਘ ਨੂੰ ਸਿਰੋਪਾਓ ਭੇਟ ਕੀਤਾ ਗਿਆ।
ਸ਼ਹੀਦ ਦੇ ਪਿਤਾ ਵਿਰਸਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਅਪਾਹਜ ਹੈ ਅਤੇ ਦੋ ਢਾਈ ਕਿਲ੍ਹੇ ਜ਼ਮੀਨ 'ਚ ਖੇਤੀਬਾੜੀ ਕਰਦਾ ਹੈ। ਉਸ ਦੇ ਤਿੰਨ ਲੜਕੇ ਹਨ ਅਤੇ ਸ਼ਹੀਦ ਗੁਰਤੇਜ ਸਿੰਘ ਸਭ ਤੋਂ ਛੋਟਾ ਸੀ ਅਤੇ ਅਜੇ ਕੁਆਰਾ ਸੀ। ਜਿਸ ਨੇ ਬਾਰ੍ਹਵੀਂ ਨਾਨ ਮੈਡੀਕਲ ਨਾਲ ਪਾਸ ਕੀਤੀ ਸੀ। ਉਹ ਕਬੱਡੀ ਪੰਜਾਬ ਸਟਾਈਲ ਦਾ ਵੀ ਖਿਡਾਰੀ ਸੀ। ਵਿਰਸਾ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਗੁਰਤੇਜ ਸਿੰਘ ਦਾ ਸਸਕਾਰ ਆਪਣੀ ਜ਼ਮੀਨ ਵਿਚ ਕੀਤਾ ਗਿਆ, ਜਿੱਥੇ ਸਾਡੇ ਵੱਲੋਂ ਉਸ ਦੀ ਯਾਦਗਾਰ ਬਣਾਈ ਜਾਵੇਗੀ। ਇਸ ਕੰਮ ਲਈ ਸਰਕਾਰ ਸਾਡੀ ਮਦਦ ਕਰੇ ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਦੋਵੇਂ ਬੇਰੁਜ਼ਗਾਰ ਲੜਕਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਵਿਰਸਾ ਸਿੰਘ ਨੇ ਦੱਸਿਆ ਕਿ ਗੁਰਤੇਜ ਸਿੰਘ ਅੰਮ੍ਰਿਤਧਾਰੀ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਪੂਰਾ ਕਰਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਸ਼ਹੀਦ ਗੁਰਤੇਜ ਸਿੰਘ ਲਈ ਕੁਝ ਕਰਨਾ ਚਾਹੀਦਾ ਹੈ। ਅਸਤੀਆਂ ਜਲ ਪ੍ਰਵਾਹ ਕਰਨ ਮੌਕੇ ਸ਼ਹੀਦ ਦੇ ਪਿਤਾ ਤੋਂ ਇਲਾਵਾ ਬਲਵੀਰ ਕੌਰ ਦਾਦੀ, ਬਲਵਿੰਦਰ ਕੌਰ ਮਾਸੀ, ਤਰਲੋਕ ਸਿੰਘ, ਗੁਰਪ੍ਰੀਤ ਸਿੰਘ ਭਰਾ, ਬਲਵੀਰ ਸਿੰਘ ਚਾਚਾ ਅਤੇ ਸਮੂਹ ਪਿੰਡ ਦੇ ਨੌਜਵਾਨਾਂ ਤੋਂ ਇਲਾਵਾ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੇਨੈਜਰ ਭਾਈ ਬਲਵਿੰਦਰ ਸਿੰਘ, ਸੁਰਿੰਦਰ ਸਿੰਘ ਰਿਕਾਰਡ ਕੀਪਰ, ਫਤਿਹ ਸਿੰਘ, ਅਮਰਦੀਪ ਸਿੰਘ, ਅਜਾਇਬ ਸਿੰਘ ਆਦਿ ਹਾਜ਼ਰ ਸਨ।