ਸ਼੍ਰੋਮਣੀ ਕਮੇਟੀ ਨੇ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ : ਭਾਈ ਲੌਂਗੋਵਾਲ

Saturday, Apr 04, 2020 - 03:22 PM (IST)

ਸ਼੍ਰੋਮਣੀ ਕਮੇਟੀ ਨੇ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ : ਭਾਈ ਲੌਂਗੋਵਾਲ

ਅੰਮ੍ਰਿਤਸਰ (ਦੀਪਕ) : ਕੋਰੋਨਾ ਮਹਾਮਾਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਲੋੜਵੰਦਾਂ ਲਈ ਵੱਡੀ ਰਾਹਤ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਕਰਫਿਊ ਕਾਰਣ ਘਰ ਬੈਠੇ ਲੋੜਵੰਦਾਂ ਨੂੰ ਜਿਥੇ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਮੁਹੱਈਆ ਕਰਵਾਉਣ ਦੀ ਸੇਵਾ ਜਾਰੀ ਰੱਖੀ ਹੋਈ ਹੈ, ਉਥੇ ਹੀ ਮੈਡੀਕਲ ਸੇਵਾਵਾਂ ਲਈ ਵੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪ੍ਰਬੰਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਇਸ ਹਸਪਤਾਲ 'ਚ 300 ਬੈੱਡ ਅਤੇ 10 ਵੈਂਟੀਲੇਟਰ ਰਾਖਵੇਂ ਰੱਖੇ ਗਏ ਹਨ। ਇਸ ਦੇ ਨਾਲ ਹੀ ਸਰਾਵਾਂ 'ਚ ਵੀ ਅਲਹਿਦਗੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਨੂੰ ਜ਼ੋਨ ਪੱਧਰ 'ਤੇ ਲੰਗਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਮਾਝਾ, ਮਾਲਵਾ ਅਤੇ ਦੋਆਬਾ ਜ਼ੋਨਾਂ 'ਚ ਪੈਂਦੇ ਇਤਿਹਾਸਕ ਗੁਰੂ ਘਰਾਂ ਤੋਂ ਰੋਜ਼ਾਨਾ 3 ਲੱਖ ਤੋਂ ਵੱਧ ਲੋਕ ਲੰਗਰ ਛਕ ਰਹੇ ਹਨ ਅਤੇ ਇਸ ਦੀ ਲਗਾਤਾਰਤਾ ਬਣੀ ਹੋਈ ਹੈ।

ਇਹ ਵੀ ਪੜ੍ਹੋ ► ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ’ਚ ਵਿਸਾਖੀ ਨੂੰ ਲੈ ਕੇ ਲਿਆ ਗਿਆ ਅਹਿਮ ਫੈਸਲਾ

ਮਾਝਾ ਜ਼ੋਨ ਦੀ ਦੇਖ-ਰੇਖ ਕਰ ਰਹੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਜ਼ੋਨ 'ਚ ਕੁੱਲ 27 ਗੁਰਦੁਆਰੇ ਹਨ, ਜਿਥੋਂ ਲੰਗਰ ਵਰਤਾਉਣ ਲਈ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਖੁਦ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੱਕ ਪੁੱਜ ਰਹੇ ਹਨ। ਬੇਸ਼ੱਕ ਲੋਕਾਂ ਤੱਕ ਲੰਗਰ ਪਹੁੰਚਾਉਣ ਲਈ ਇਹ ਸਮਾਂ ਮੁਸ਼ਕਲਾਂ ਭਰਿਆ ਹੈ ਪਰ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਸਾਵਧਾਨੀ ਨਾਲ ਜੁਟੇ ਹੋਏ ਹਨ। ਲੋੜਵੰਦਾਂ ਨੂੰ ਲੰਗਰ ਬਿਨਾਂ ਭੇਦਭਾਵ ਦੇ ਛਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 9 ਕੇਂਦਰਾਂ ਤੱਕ ਲੰਗਰ ਭੇਜਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਗੁ. ਸ਼ਹੀਦ ਬਾਬਾ ਦੀਪ ਸਿੰਘ ਤੋਂ ਵੀ ਵੱਡੀ ਗਿਣਤੀ 'ਚ ਲੰਗਰ ਸੇਵਾ ਦਿੱਤੀ ਜਾ ਰਹੀ ਹੈ। ਇਕੱਲੇ ਅੰਮ੍ਰਿਤਸਰ ਤੋਂ ਹੀ 40 ਹਜ਼ਾਰ ਤੋਂ ਵੱਧ ਲੋੜਵੰਦਾਂ ਤੱਕ ਲੰਗਰ ਪਹੁੰਚ ਰਿਹਾ ਹੈ।

PunjabKesari

ਭਾਈ ਮਹਿਤਾ ਨੇ ਦੱਸਿਆ ਕਿ ਮਾਝਾ ਜ਼ੋਨ ਦੇ 27 ਗੁਰਦੁਆਰੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਜਲੰਧਰ ਅਤੇ ਕਪੂਰਥਲਾ ਜ਼ਿਲੇ ਨਾਲ ਸਬੰਧਤ ਹਨ। ਮਾਝਾ ਖੇਤਰ ਦੇ ਬਿਲਕੁਲ ਨਾਲ ਲੱਗਦੇ ਹੋਣ ਕਾਰਣ ਜਲੰਧਰ ਦੇ ਗੁਰਦੁਆਰਾ ਥੰਮ੍ਹ ਜੀ ਸਾਹਿਬ ਕਰਤਾਰਪੁਰ ਅਤੇ ਕਪੂਰਥਲਾ ਦੇ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਗੁਰੂ ਘਰ ਦੇ ਮੈਨੇਜਰ ਪ੍ਰਸ਼ਾਸਨ ਨਾਲ ਸੰਪਰਕ 'ਚ ਹਨ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ ► ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਵਾਲਿਆਂ ਨੂੰ ਸਿੱਖ ਪੰਥ ਤੋਂ ਬਾਹਰ ਕੀਤਾ ਜਾਵੇ : ਸੋਮ ਪ੍ਰਕਾਸ਼

PunjabKesari


author

Anuradha

Content Editor

Related News