10 ਸਾਲਾਂ 'ਚ ਪਹਿਲੀ ਵਾਰ SGPC ਨੇ ਪਾਕਿ ਨੂੰ ਜਥਿਆਂ ਲਈ ਨਹੀਂ ਭੇਜੀ ਕੋਈ ਵੀਜ਼ਾ ਬੇਨਤੀ

05/24/2023 4:44:50 PM

ਅੰਮ੍ਰਿਤਸਰ- ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੀਤੇ ਦਿਨ ਮਨਾਇਆ ਗਿਆ। ਪਿਛਲੇ 10 ਸਾਲਾਂ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗੁਆਂਢੀ ਮੁਲਕ ਜਾਣ ਵਾਲੇ ਜਥਿਆਂ ਲਈ ਪਾਕਿਸਤਾਨੀ ਦੂਤਘਰ ਨੂੰ ਕੋਈ ਵੀਜ਼ਾ ਬੇਨਤੀ ਨਹੀਂ ਭੇਜੀ ਹੈ।  ਦਰਅਸਲ ਸਾਲ 2014 ਤੋਂ ਪਾਕਿਸਤਾਨ ਨੇ ਭਾਰਤ ਦੀ ਸਰਵਉੱਚ ਗੁਰਦੁਆਰਾ ਸੰਸਥਾ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਵਿਚਕਾਰ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਵਿਵਾਦ ਕਾਰਨ ਐੱਸ. ਜੀ. ਪੀ. ਸੀ. ਵੱਲੋਂ ਯੋਜਨਾਬੱਧ ਜਥਿਆਂ ਨੂੰ ਵੀਜ਼ਾ ਨਹੀਂ ਦਿੱਤਾ ਹੈ। ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਦੀ ਨਿਗਰਾਨੀ ਕਰਨ ਵਾਲੇ ਮੈਨੇਜਰ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਹਰ ਸਾਲ ਸ਼ਰਧਾਲੂਆਂ ਦੇ ਪਾਸਪੋਰਟ ਇਕੱਠੇ ਕਰਦੇ ਸੀ ਪਰ ਪਾਕਿਸਤਾਨੀ ਦੂਤਘਰ ਨੇ ਸਾਡੀ ਬੇਨਤੀ 'ਤੇ ਵਿਚਾਰ ਨਹੀਂ ਕਰਦੀ ਸੀ। ਇਹ ਪ੍ਰਥਾ 2014 ਤੋਂ ਜਾਰੀ ਹੈ। ਇਸ ਲਈ ਇਸ ਸਾਲ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਸਾਨੂੰ ਵੀਜ਼ਾ ਬੇਨਤੀ ਨਾ ਭੇਜਣ ਲਈ ਕਿਹਾ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਦ ਸਪਸ਼ਟ ਹੈ ਕਿ ਪਾਕਿਸਤਾਨ ਦੂਤਘਰ ਨੇ ਇਸ ਨੂੰ ਅਸਵੀਕਾਰ ਹੀ ਕਰਨਾ ਹੈ। 

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਉਲੀਕੇ ਗਏ ਜਥੇ ਇਕ ਸਾਲ ਵਿੱਚ ਚਾਰ ਵਾਰ ਸ਼ਿਮਲਾ ਸਮਝੌਤੇ ਤਹਿਤ ਪਾਕਿਸਤਾਨ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਵਿਸਾਖੀ ਮਨਾਉਣ ਲਈ ਵੱਧ ਤੋਂ ਵੱਧ 3 ਹਜ਼ਾਰ ਸ਼ਰਧਾਲੂ ਪਾਕਿਸਤਾਨ ਜਾ ਸਕਦੇ ਹਨ। ਹੋਰ 1,000 ਸਿੱਖ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਜਾ ਸਕਦੇ ਹਨ ਜਦਕਿ 500 ਹੋਰ ਸਿੱਖ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਹੈ। ਦੱਸਣਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਨਨਕਾਣਾ ਸਾਹਿਬ ਵਿੱਚ ਹੋਇਆ ਸੀ ਅਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿੱਚ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ - ਸ੍ਰੀ ਅਨੰਦਪੁਰ ਸਾਹਿਬ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਧੜ ਤੋਂ ਵੱਖ ਹੋਈ ਨੌਜਵਾਨ ਦੀ ਧੌਣ

ਐੱਸ. ਜੀ. ਪੀ. ਸੀ. ਵੱਲੋਂ ਉਲੀਕੇ ਸਿੱਖ ਜਥੇ ਨੂੰ ਵੀਜ਼ਾ ਦੇਣ ਤੋਂ ਪਾਕਿ ਕਿਉਂ ਕਰ ਰਿਹੈ ਇਨਕਾਰ 
ਪਾਕਿਸਤਾਨ ਨੇ ਸਭ ਤੋਂ ਪਹਿਲਾਂ 2014 ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗੁਆਂਢੀ ਦੇਸ਼ ਜਾਣ ਵਾਲੇ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕਲੰਡਰ 2003 ਦੇ ਸੰਸਕਰਣ ਅਨੁਸਾਰ ਹਰ ਸਾਲ 16 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੀ ਹੈ। ਹਾਲਾਂਕਿ ਸ਼੍ਰੋਮਣੀ ਕਮੇਟੀ ਇਸ ਨੂੰ 2013 ਵਿਚ ਸੋਧੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਂਦੀ ਹੈ। ਸੋਧੇ ਹੋਏ ਕੈਲੰਡਰ ਅਨੁਸਾਰ ਸ਼ਹੀਦੀ ਦਿਹਾੜਾ ਮਈ ਦੇ ਅਖੀਰਲੇ ਦੋ ਹਫ਼ਤਿਆਂ ਜਾਂ ਜੂਨ ਦੇ ਪਹਿਲੇ ਹਫ਼ਤੇ ਆਉਂਦਾ ਹੈ। ਸੋਧੇ ਹੋਏ ਨਾਨਕਸ਼ਾਹੀ ਕਲੰਡਰ ਮੁਤਾਬਕ ਸ਼ਹੀਦੀ ਦਿਹਾੜਾ ਇਸ ਸਾਲ 22 ਮਈ ਨੂੰ ਸੀ।

ਪਾਕਿਸਤਾਨ ਦੂਤਘਰ ਪੀ. ਐੱਸ. ਜੀ. ਪੀ. ਸੀ. ਦੁਆਰਾ ਪਾਲਣ ਕੀਤੇ ਜਾ ਰਹੇ ਕੈਲੰਡਰ ਅਨੁਸਾਰ ਵੀਜ਼ਾ ਬੇਨਤੀਆਂ 'ਤੇ ਵਿਚਾਰ ਕਰਦਾ ਹੈ। ਇਸ ਲਈ ਇਹ ਨਾਨਕਸ਼ਾਹੀ ਕੈਲੰਡਰ ਦੇ 2003 ਦੇ ਸੰਸਕਰਣ ਨੂੰ ਛੱਡ ਕੇ ਹੋਰ ਕਿਸੇ ਵੀ ਤਾਰੀਖ਼ ਲਈ ਐੱਸ.ਜੀ.ਪੀ.ਸੀ. ਵੀਜ਼ਾ ਬੇਨਤੀਆਂ ਨੂੰ ਇਨਕਾਰ ਕਰਦੀ ਰਹੀ ਹੈ। ਸ਼ੁਰੂਆਤ ਵਿਚ ਐੱਸ. ਜੀ. ਪੀ. ਸੀ. ਹੀ ਜੱਥਿਆਂ ਨੂੰ ਪਾਕਿਸਤਾਨ ਭੇਜਦੀ ਸੀ। ਸਮਾਂ ਬੀਤਣ ਅਤੇ 1999 ਵਿਚ ਪੀ. ਐੱਸ. ਜੀ. ਪੀ. ਐੱਸ. ਦੀ ਸਥਾਪਨਾ ਦੇ ਨਾਲ ਕਈ ਹੋਰ ਛੋਟੇ ਸਿੱਖ ਸੰਗਠਨ ਉਬਰੇ, ਜਿਨ੍ਹਾਂ ਨੇ ਸ਼ਿਮਲਾ ਸਮਝੌਤੇ ਦੇ ਮੁਤਾਬਕ ਪਾਕਿਸਤਾਨ ਦੇ ਗੁਰਦੁਆਰਿਆਂ ਵਿਚ ਜੱਥੇ ਭੇਜਣੇ ਸ਼ੁਰੂ ਕਰ ਦਿੱਤੇ।  ਇਥੇ ਇਹ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ), ਭਾਈ ਮਰਦਾਨਾ ਯਾਦਗਾਰੀ ਸੋਸਾਇਟੀ, ਸੁਖਮਣੀ ਸਾਹਿਬ ਸੇਵਾ ਸੁਸਾਇਟੀ (ਹਰਿਆਣਾ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੁਝ ਹੋਰ ਸੰਗਠਨਾਂ ਦੇ ਨਾਲ ਜੱਥਿਆਂ ਨੂੰ ਪਾਕਿਸਤਾਨ ਭੇਜਦੀ ਹੈ। ਇਨ੍ਹਾਂ ਵਿਚ ਕਈ ਸੰਗਠਨ 16 ਜੂਨ ਨੂੰ ਆਪਣਾ ਜੱਥਾ ਭੇਜਣਗੇ। 

ਇਹ ਵੀ ਪੜ੍ਹੋ - ਲਤੀਫ਼ਪੁਰਾ ’ਚ ਬੇਘਰ ਹੋਏ ਲੋਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News