SGPC ਨੇ ਪਾਸ ਕੀਤਾ 9 ਅਰਬ 12 ਕਰੋੜ 59 ਲੱਖ ਰੁਪਏ ਦਾ ਬਜਟ, ਜਾਣੋ ਕੀ ਹੈ ਖ਼ਾਸ

Tuesday, Mar 30, 2021 - 07:08 PM (IST)

ਅੰਮ੍ਰਿਤਸਰ (ਬਿਊਰੋ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਬਜਟ ਇਜਲਾਸ ਦੌਰਾਨ ਸਾਲ 2021-2022 ਲਈ ਸ਼੍ਰੋਮਣੀ ਕਮੇਟੀ ਦਾ 9 ਅਰਬ 12 ਕਰੋੜ 59 ਲੱਖ 26 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ। ਇਜਲਾਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ 86 ਮੈਂਬਰ ਹਾਜ਼ਰ ਸਨ। ਬਜਟ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ। ਉਨ੍ਹਾਂ ਆਪਣੇ ਬਜਟ ਭਾਸ਼ਣ ਦੌਰਾਨ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਰਾਖਵੀਂ ਰੱਖੀ ਗਈ ਰਾਸ਼ੀ ਦਾ ਵਿਸਥਾਰ ਦਿੱਤਾ ਅਤੇ ਆਮਦਨ ਦੇ ਸਰੋਤਾਂ ਦੇ ਨਾਲ ਹੋਣ ਵਾਲੇ ਖਰਚਿਆਂ ਦੀ ਤਫ਼ਸੀਲ ਸਾਂਝੀ ਕੀਤੀ। ਪਾਸ ਕੀਤੇ ਗਏ ਬਜਟ ਮੁਤਾਬਕ ਅਨੁਮਾਨਤ ਖਰਚਿਆਂ ਦੇ ਮੁਕਾਬਲਤਨ ਸਾਲ 2021-22 ਦੀ ਕੁਲ ਆਮਦਨ 8 ਅਰਬ 71 ਕਰੋੜ 93 ਲੱਖ 24 ਹਜ਼ਾਰ ਰੁਪਏ ਦੇ ਕਰੀਬ ਹੋਵੇਗੀ। ਇਸ ਤਰ੍ਹਾਂ ਪਾਸ ਕੀਤੇ ਗਏ ਬਜਟ ਅਨੁਸਾਰ ਆਮਦਨ ਨਾਲੋਂ 40 ਕਰੋੜ 66 ਲੱਖ ਰੁਪਏ ਦੇ ਕਰੀਬ ਵੱਧ ਖ਼ਰਚਾ ਹੋਣ ਦਾ ਅੰਦਾਜ਼ਾ ਹੈ। 

ਪੜ੍ਹੋ ਇਹ ਵੀ ਖ਼ਬਰ - SGPC ਦੇ ਜਨਰਲ ਬਜਟ ਇਜਲਾਸ ਦੌਰਾਨ ਪਾਸ ਕੀਤੇ ਗਏ ਅਹਿਮ ਮਤੇ, ਜੈਕਾਰਿਆਂ ਦੀ ਗੂੰਜ ’ਚ ਦਿੱਤੀ ਪ੍ਰਵਾਨਗੀ

ਬਜਟ ਸਬੰਧੀ ਵੇਰਵੇ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਸਬੰਧੀ ਪਾਇਆ ਜਾਂਦਾ ਵੱਡਾ ਭੁਲੇਖਾ ਦੂਰ ਕਰਨ ਦਾ ਇਸ ਵਾਰ ਯਤਨ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬਾਨ ਵਿਖੇ ਸੰਗਤ ਵੱਲੋਂ ਚੜ੍ਹਾਵੇ ਦੇ ਰੂਪ ਵਿਚ ਆਉਂਦੀ ਰਾਸ਼ੀ ਵਿੱਚੋਂ 30 ਫੀਸਦੀ ਦੇ ਕਰੀਬ ਵੱਖ-ਵੱਖ ਵਿਭਾਗਾਂ ਲਈ ਸ਼੍ਰੋਮਣੀ ਕਮੇਟੀ ਨੂੰ ਫੰਡ ਪ੍ਰਾਪਤ ਹੁੰਦੇ ਹਨ। ਬੀਤੇ ਸਮੇਂ ਦੌਰਾਨ ਇਹ ਰਾਸ਼ੀ ਮੁੜ ਆਮਦਨ ਦਾ ਹਿੱਸਾ ਬਣਾ ਦੇਣ ਨਾਲ ਬਜਟ ਵਿਚ ਵੱਡਾ ਅੰਤਰ ਪੈਦਾ ਹੋ ਗਿਆ, ਕਿਉਂਕਿ ਗੁਰਦੁਆਰਿਆਂ ਦੇ ਬਜਟ ਨਾਲ ਜਦੋਂ ਸ਼੍ਰੋਮਣੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦਾ ਬਜਟ ਪੇਸ਼ ਕੀਤਾ ਸੀ ਤਾਂ ਉਹ ਮੁੜ ਆਮਦਨ ਵਿਚ ਸ਼ਾਮਲ ਹੁੰਦਾ ਸੀ। ਇਸ ਵਾਰ ਇਸ ਨੂੰ ਦਰੁੱਸਤ ਕਰਦਿਆਂ ਬਜਟ ਪੇਸ਼ ਕੀਤਾ ਗਿਆ ਹੈ। ਭਾਵੇਂ ਇਸ ਨਾਲ ਪਹਿਲਾਂ ਪਾਸ ਕੀਤੇ ਜਾਂਦੇ ਰਹੇ ਬਜਟ ਤੋਂ ਇਸ ਵਾਰ ਦਾ ਬਜਟ ਘੱਟ ਹੈ ਪਰ ਇਹ ਸੋਧ ਕਰਨੀ ਬਹੁਤ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਦੇ ਬਜਟ ਸੰਗਤ ਦੀ ਸ਼ਰਧਾ ’ਤੇ ਅਧਾਰਿਤ ਹੁੰਦੇ ਹਨ ਅਤੇ ਇਸ ਸਬੰਧ ਵਿਚ ਕੇਵਲ ਅਨੁਮਾਨਤ ਬਜਟ ਹੀ ਪੇਸ਼ ਕੀਤਾ ਜਾਂਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ’ਚ ਫਟਿਆ ‘ਕੋਰੋਨਾ ਬੰਬ’ : 44 ਮਹਿਲਾ ਕੈਦੀਆਂ ਦੀ ਰਿਪੋਰਟ ਆਈ ਪਾਜ਼ੇਟਿਵ

ਬੀਤੇ ਸਾਲ ਕੋਰੋਨਾ ਕਾਰਨ ਆਮਦਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ। ਜਗੀਰ ਕੌਰ ਨੇ ਕਿਹਾ ਕਿ ਆਮਦਨ ਨਾਲੋਂ ਖਰਚੇ ਵਧੇਰੇ ਹਨ, ਜਿਨ੍ਹਾਂ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਸੰਗਤ ਨੂੰ ਪ੍ਰੇਰਣਾ ਕਰਨ ਦੇ ਨਾਲ-ਨਾਲ ਆਪਣੀਆਂ ਬੱਚਤਾਂ ਵਿੱਚੋਂ ਖ਼ਰਚ ਕਰੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਤਿਹਾਸਕ ਗੁਰਦੁਆਰਾ ਸਾਹਿਬਾਨ, ਜਿਨ੍ਹਾਂ ਦੀ ਸੇਵਾ ਸੰਭਾਲ ਸੈਕਸ਼ਨ 85 ਤਹਿਤ ਕੀਤੀ ਜਾਂਦੀ ਹੈ, ਤੋਂ ਸਾਲ 2021-22 ਦੌਰਾਨ 6 ਅਰਬ 47 ਕਰੋੜ 25 ਲੱਖ ਤੋਂ ਆਮਦਨ ਦੀ ਸੰਭਾਵਨਾ ਹੈ, ਜਦਕਿ 6 ਅਰਬ 52 ਕਰੋੜ 37 ਲੱਖ ਖ਼ਰਚਿਆਂ ਦਾ ਅੰਦਾਜ਼ਾ ਹੈ। ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਤੋਂ ਇਸ ਸਾਲ 1 ਅਰਬ 89 ਕਰੋੜ 17 ਲੱਖ ਰੁਪਏ ਦੇ ਕਰੀਬ ਆਮਦਨ ਅਤੇ 2 ਅਰਬ 23 ਕਰੋੜ 18 ਲੱਖ ਦੇ ਲਗਭਗ ਖ਼ਰਚੇ ਹੋਣਗੇ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਬਜਟ ਵਿਚ ਘਾਟੇ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਫਿਲਹਾਲ 16 ਕਰੋੜ 55 ਲੱਖ ਰੁਪਏ ਦੇ ਕਰੀਬ ਰੱਖੇ ਗਏ ਹਨ। 

ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਨੂੰ ਲੀਹਾਂ ’ਤੇ ਲਿਆਂਦਾ ਜਾ ਸਕੇ। ਬੀਤੇ 4 ਮਹੀਨਿਆਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਖ਼ਰਚਿਆਂ ਨੂੰ ਘਟਾਉਣ ਲਈ ਵੱਡੇ ਯਤਨ ਕੀਤੇ ਗਏ ਹਨ। ਇਸ ਦੇ ਨਾਲ ਹੀ ਸੰਗਤ ਨੂੰ ਵੱਖ-ਵੱਖ ਕਾਰਜ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਇਕ ਪ੍ਰੇਮੀ ਵੱਲੋਂ 9 ਕਰੋੜ ਤੋਂ ਵੱਧ ਭੇਟਾ ਸ੍ਰੀ ਦਰਬਾਰ ਸਾਹਿਬ ਦੀ ਗੋਲਕ ਵਿਚ ਪਾਈ ਗਈ ਹੈ। ਇਸੇ ਤਰ੍ਹਾਂ ਸੋਲਰ ਪਲਾਂਟ ਅਤੇ ਭਾਫ਼ ਵਿਧੀ ਦੁਆਰਾ ਲੰਗਰ ਤਿਆਰ ਕਰਨ ਲਈ ਵੀ ਸੰਗਤਾਂ ਸੇਵਾ ਕਰਵਾ ਰਹੀਆਂ ਹਨ। ਵੱਖ-ਵੱਖ ਹੋਰ ਸੇਵਾਵਾਂ ਲਈ ਵੀ ਸੰਗਤਾਂ ਨੂੰ ਪ੍ਰੇਰਿਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੱਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਇਆ ਭੇਟਾ ਕਰਨ ਵਾਲੀਆਂ ਸੰਗਤਾਂ ਨੂੰ ਟੈਕਸ ਤੋਂ ਛੋਟ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੇ ਸਨ ਪਰ ਇਸੇ ਦੌਰਾਨ ਆਰ.ਟੀ.ਆਈ. ਤਹਿਤ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਹਿਲਾਂ ਤੋਂ 1965 ਵਿਚ ਸ੍ਰੀ ਦਰਬਾਰ ਸਾਹਿਬ ਲਈ ਏ.ਟੀ.ਜੀ. ਮਿਲ ਚੁੱਕੀ ਹੈ। ਇਸ ਤਹਿਤ ਹੁਣ ਸੰਗਤਾਂ ਟੈਕਸ ਤੋਂ ਛੋਟ ਪ੍ਰਾਪਤ ਕਰ ਸਕਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਬਜਟ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਜਾਹੋ-ਜਲਾਲ ਨਾਲ ਮਨਾਉਣ ਲਈ 14 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਕੁਦਰਤੀ ਆਫ਼ਤਾਂ ਲਈ 86 ਲੱਖ ਰੁਪਏ, ਭੇਟਾ ਰਹਿਤ ਗੁਰਮਤਿ ਸਾਹਿਤ ਛਪਵਾਉਣ ਸਮੇਤ ਧਾਰਮਿਕ ਪਰਚਿਆਂ ਅਤੇ ਧਾਰਮਿਕ ਪ੍ਰੀਖਿਆ ਪੱਤਰ ਵਿਹਾਰ ਕੋਰਸ, ਗੁਰਮਤਿ ਵਿਦਿਆਲਿਆਂ ਲਈ 27 ਕਰੋੜ 31 ਲੱਖ ਰੁਪਏ ਖ਼ਰਚੇ ਜਾਣਗੇ। ਹਾਲ ਹੀ ਵਿਚ ਸਥਾਪਿਤ ਕੀਤੀ ਗਈ ਕੁੜੀਆਂ ਦੀ ਖੇਡ ਅਕੈਡਮੀ ਲਈ 2 ਕਰੋੜ ਰੁਪਏ ਤੱਕ ਖ਼ਰਚ ਕਰਨ ਲਈ ਰਾਸ਼ੀ ਰੱਖੀ ਗਈ ਹੈ। ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਨਾਲ-ਨਾਲ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਗੁਰਦੁਆਰਾ ਸਾਹਿਬਾਨ, ਧਾਰਮਿਕ, ਪੰਥਕ ਤੇ ਸਮਾਜ ਸੇਵੀ ਸੰਸਥਾਵਾਂ ਆਦਿ ਲਈ 9 ਕਰੋੜ 50 ਲੱਖ ਰੁਪਏ, ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫਿਆਂ ਲਈ 2 ਕਰੋੜ, ਬੱਚਿਆਂ ਨੂੰ ਪ੍ਰਤੀਯੋਗੀ ਮੁਕਾਬਲਿਆਂ ਰਾਹੀਂ ਗੁਰਮਤਿ ਨਾਲ ਜੋੜਨ ਲਈ 3 ਕਰੋੜ ਰੁਪਏ ਰਾਖਵੇਂ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵਿਦਿਅਕ ਦੇ ਪ੍ਰਚਾਰ ਪ੍ਰਸਾਰ ਲਈ ਬਜਟ ਵਿਚ ਖਾਸ ਹਿੱਸਾ ਰੱਖਿਆ ਗਿਆ ਹੈ। ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਨਵੀਆਂ ਪੁਸਤਕਾਂ ਛਪਵਾਉਣ ਲਈ ਵੀ ਰਾਸ਼ੀ ਰਾਖਵੀਂ ਰੱਖੀ ਗਈ ਹੈ। ਧਰਮੀ ਫੌਜੀਆਂ ਲਈ 1 ਕਰੋੜ, ਧਰਮ ਅਰਥ ਫੰਡ ਲਈ 1 ਕਰੋੜ 80 ਲੱਖ ਰੁਪਏ ਹੋਣਗੇ। ਇਸੇ ਤਰ੍ਹਾਂ ਹੋਰ ਵੱਖ-ਵੱਖ ਕਾਰਜਾਂ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਕਈ ਵਿਧਾਇਕਾਂ ਦੀਆਂ ਕੱਟੀਆਂ ਜਾਣਗੀਆਂ ਟਿਕਟਾਂ, ਨਵੇਂ ਚਿਹਰੇ ਹੋਣਗੇ ਸ਼ਾਮਲ

ਬਜਟ ਵਿਚ ਸਪੱਸ਼ਟਤਾ ਲਿਆਉਣ ਲਈ ਮੌਜੂਦਾ ਹਾਊਸ ਵਧਾਈ ਦਾ ਹੱਕਦਾਰ : ਗਿਆਨੀ ਹਰਪ੍ਰੀਤ ਸਿੰਘ
ਬਜਟ ਇਜਲਾਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਜਿਥੇ ਸਰਬਸੰਮਤੀ ਨਾਲ ਬਜਟ ਪਾਸ ਕੀਤੇ ਜਾਣ ’ਤੇ ਵਧਾਈ ਦਿੱਤੀ, ਉਥੇ ਹੀ ਬਜਟ ਵਿਚ ਇਸ ਵਾਰ ਸਪੱਸ਼ਟਤਾ ਲਿਆਉਣ ਲਈ ਬੀਬੀ ਜਗੀਰ ਕੌਰ ਤੇ ਸਮੁੱਚੇ ਹਾਊਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੁੱਚੇ ਸਿੱਖਾਂ ਦੀ ਸੰਸਥਾ ਹੈ ਪਰ ਦੁੱਖਤ ਪਹਿਲੂ ਹੈ ਕਿ ਇਸ ਨੂੰ ਤੋੜਨ ਦੀ ਸਾਜ਼ਿਸ਼ਾਂ ਸ਼ੁਰੂ ਤੋਂ ਹੁੰਦੀਆਂ ਰਹੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣਾ ਜ਼ਰੂਰੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੀ ਮਾਣ-ਮਰਯਾਦਾ ਨੂੰ ਬਣਾਈ ਰੱਖਣ ਅਤੇ ਇਨ੍ਹਾਂ ਦੀ ਸਲਾਮਤੀ ਲਈ ਸਮੁੱਚੀ ਸਿੱਖ ਕੌਮ ਨੂੰ ਸੁਹਿਰਦਤਾ ਨਾਲ ਯਤਨ ਕਰਨਾ ਚਾਹੀਦਾ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਪਿੰਡਾਂ ਵਿਚ ਵੱਧ ਤੋਂ ਵੱਧ ਧਰਮ ਪ੍ਰਚਾਰ ਕਰਨ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 

ਬਜਟ ਇਜਲਾਸ ਦੌਰਾਨ ਵੱਖ-ਵੱਖ ਮੈਂਬਰਾਂ ਨੇ ਕੀਤਾ ਸੰਬੋਧਨ
ਸ਼੍ਰੋਮਣੀ ਕਮੇਟੀ ਦੇ ਅੱਜ ਹੋਏ ਬਜਟ ਇਜਲਾਸ ਦੌਰਾਨ ਵੱਖ-ਵੱਖ ਮੈਂਬਰਾਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਬੀਬੀ ਜਗੀਰ ਕੌਰ ਨੇ ਹਰ ਮੈਂਬਰ ਨੂੰ ਬੋਲਣ ਦਾ ਮੌਕਾ ਦਿੱਤਾ, ਜਿਸ ’ਤੇ ਸਭ ਨੇ ਸੰਤੁਸ਼ਟੀ ਪ੍ਰਗਟ ਕੀਤੀ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬਜਟ ਇਜਲਾਸ ਦੀ ਆਰੰਭਤਾ ਕਰਦਿਆਂ ਬੀਬੀ ਜਗੀਰ ਕੌਰ ਨੂੰ ਕਾਰਵਾਈ ਆਰੰਭ ਕਰਨ ਦਾ ਸੱਦਾ ਦਿੱਤਾ, ਜਿਸ ’ਤੇ ਕੁਝ ਮੈਂਬਰਾਂ ਨੇ ਬੋਲਣ ਦਾ ਸਮਾਂ ਮੰਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਜਟ ਪਾਸ ਕਰਨ ਮਗਰੋਂ ਜਿਹੜੇ ਵੀ ਮੈਂਬਰ ਬੋਲਣਾ ਚਾਹੁਣਗੇ, ਉਨ੍ਹਾਂ ਨੂੰ ਸਮਾਂ ਦਿੱਤਾ ਜਾਵੇਗਾ। ਬਜਟ ਪਾਸ ਹੋਣ ਮਗਰੋਂ ਮੁੱਖ ਸਕੱਤਰ ਨੇ ਵੱਖ-ਵੱਖ ਮੈਂਬਰਾਂ ਨੂੰ ਬੋਲਣ ਦਾ ਸੱਦਾ ਦਿੱਤਾ, ਜਿਸ ਤਹਿਤ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਸੁਖਦੇਵ ਸਿੰਘ ਭੌਰ, ਸ. ਬਲਵਿੰਦਰ ਸਿੰਘ ਬੈਂਸ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਸ. ਮਿੱਠੂ ਸਿੰਘ ਕਾਹਨੇਕੇ, ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਕਿਰਨਜੋਤ ਕੌਰ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਨੇ ਵੱਖ-ਵੱਖ ਸਿੱਖ ਮਸਲਿਆਂ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬਜਟ ਦੀ ਸ਼ਲਾਘਾ ਕੀਤੀ। ਇਨ੍ਹਾਂ ਬੁਲਾਰਿਆਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਵਾਗਤ ਕਰਦਿਆਂ ਸਹਿਯੋਗ ਦੇਣ ਲਈ ਸਭ ਦਾ ਧੰਨਵਾਦ ਕੀਤਾ। ਬਜਟ ਇਜਲਾਸ ਦੌਰਾਨ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ ਅਤੇ ਹੁਕਮਨਾਮਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਰਵਣ ਕਰਵਾਇਆ।

ਪੜ੍ਹੋ ਇਹ ਵੀ ਖਬਰ -  ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਸੁਣੋ ਜ਼ਮੀਨ ਤੇ ਘਰ ਵਿਕਣ ਦੀ ਕਹਾਣੀ MLA ‘ਦਲਬੀਰ ਗੋਲਡੀ’ ਦੀ ਜ਼ੁਬਾਨੀ 

ਜਨਰਲ ਹਾਊਸ ਦੌਰਾਨ ਹਾਜ਼ਰ ਰਹੇ ਮੈਂਬਰ ਸਾਹਿਬਾਨ
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ 86 ਮੈਂਬਰ ਹਾਜ਼ਰ ਸਨ। ਇਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਸ. ਬਲਦੇਵ ਸਿੰਘ ਚੂੰਘਾਂ, ਸ. ਸਤਵਿੰਦਰ ਸਿੰਘ ਟੌਹੜਾ, ਸ. ਅਜਮੇਰ ਸਿੰਘ ਖੇੜਾ, ਸ. ਹਰਭਜਨ ਸਿੰਘ ਮਸਾਣਾਂ, ਸ. ਮਿੱਠੂ ਸਿੰਘ ਕਾਹਨੇਕੇ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਅਮਰੀਕ ਸਿੰਘ ਜਨੈਤਪੁਰ, ਸ. ਹਰਪਾਲ ਸਿੰਘ, ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਬੀਬੀ ਕਿਰਨਵੀਰ ਕੌਰ, ਸ. ਕੌਰ ਸਿੰਘ, ਬੀਬੀ ਪ੍ਰਮਿੰਦਰ ਕੌਰ, ਸ. ਦਰਸ਼ਨ ਸਿੰਘ ਬਰਾੜ, ਸ. ਪ੍ਰੀਤਮ ਸਿੰਘ ਮਲਸੀਹਾਂ, ਸ. ਬਲਵਿੰਦਰ ਸਿੰਘ ਭੰਮਾਂਲੰਡਾ, ਸ. ਸਤਪਾਲ ਸਿੰਘ ਤਲਵੰਡੀ ਭਾਈ, ਬੀਬੀ ਨਰਿੰਦਰ ਕੌਰ, ਸ. ਗੁਰਮੇਲ ਸਿੰਘ ਸੰਗਤਪੁਰਾ, ਬੀਬੀ ਗੁਰਿੰਦਰ ਕੌਰ, ਬੀਬੀ ਜਸਪਾਲ ਕੌਰ, ਬੀਬੀ ਜੋਗਿੰਦਰ ਕੌਰ, ਸ. ਸੁਰਜੀਤ ਸਿੰਘ ਰਾਏਪੁਰ, ਬੀਬੀ ਪਰਮਜੀਤ ਕੌਰ ਆਦਿ ਮੌਜੂਦ ਸਨ। 

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼


rajwinder kaur

Content Editor

Related News