ਗੁਰਦੁਆਰਿਆਂ ''ਤੇ ਕਬਜ਼ਾ ਕਰਨ ਦਾ ਕੈਪਟਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ: ਲੌਂਗੋਵਾਲ
Thursday, May 09, 2019 - 09:38 AM (IST)

ਪਟਿਆਲਾ (ਜੋਸਨ)—ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿੱਖ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦਾ ਸੁਪਨਾ ਕਦੇ ਵੀ ਸਿੱਖ ਕੌਮ ਪੂਰਾ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਅਮਰਿੰਦਰ ਦੇ ਐੱਸ. ਜੀ. ਪੀ. ਸੀ. ਚੋਣਾਂ ਕਾਂਗਰਸ ਪਾਰਟੀ ਵੱਲੋਂ ਲੜਨ ਦੇ ਬਿਆਨ ਨੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਸਿੱਖ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਫਿਰਾਕ ਵਿਚ ਹੈ। ਐੱਸ. ਜੀ. ਪੀ. ਸੀ. ਮੁਖੀ ਲੌਂਗੋਵਾਲ ਅੱਜ ਇਥੇ 'ਪੰਥ ਰਤਨ' ਜਥੇਦਾਰ ਟੌਹੜਾ ਦੇ ਗ੍ਰਹਿ ਵਿਖੇ ਗੱਲਬਾਤ ਕਰ ਰਹੇ ਸਨ। ਇਸ ਮੌਕੇ ਸਾਬਕਾ ਹਰਮੇਲ ਸਿੰਘ ਟੌਹੜਾ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ ਅਤੇ ਬੀਬੀ ਕੁਲਦੀਪ ਕੌਰ ਟੌਹੜਾ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ।
ਐੱਸ. ਜੀ. ਪੀ. ਸੀ. ਪ੍ਰਧਾਨ ਲੌਂਗੋਵਾਲ ਨੇ ਆਖਿਆ ਕਿ ਅਸੀਂ ਤਾਂ ਸ਼ੁਰੂ ਤੋਂ ਹੀ ਇਹ ਕਹਿੰਦੇ ਆ ਰਹੇ ਹਾਂ ਕਿ ਕਾਂਗਰਸ ਦੇ ਮਨਸੂਬੇ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੇ ਹਨ। ਉਨ੍ਹਾਂ ਆਖਿਆ ਕਿ ਇਕ ਪਾਸੇ ਅਮਰਿੰਦਰ ਇਹ ਕਹਿੰਦੇ ਹਨ ਕਿ ਕਾਂਗਰਸ ਸੈਕੂਲਰ ਪਾਰਟੀ ਹੈ ਅਤੇ ਕਿਸੇ ਵੀ ਧਰਮ ਵਿਚ ਦਖ਼ਲਅੰਦਾਜ਼ੀ ਨਹੀਂ ਕਰਦੀ, ਦੂਜੇ ਪਾਸੇ ਸ਼ਰੇਆਮ ਅਜਿਹੇ ਬਿਆਨਾਂ ਨੇ ਕਾਂਗਰਸ ਦੀ ਅਸਲੀਅਤ ਦੇ ਪਾਜ ਉਧੇੜ ਦਿੱਤੇ ਹਨ। ਲੌਂਗੋਵਾਲ ਨੇ ਆਖਿਆ ਕਿ ਸਮੁੱਚੇ ਸੰਸਾਰ ਦੇ ਸਿੱਖ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸਿੱਖ ਪੰਥ ਦੀ ਅਸਲ ਜਮਾਤ ਸਮਝਦੇ ਹਨ। ਉਨ੍ਹਾਂ ਨੇ ਕਦੇ ਵੀ ਅਕਾਲੀ ਦਲ ਦੇ ਉਮੀਦਵਾਰਾਂ ਤੋਂ ਬਿਨਾਂ ਕਿਸੇ ਵੀ ਪਾਰਟੀ ਨੂੰ ਐੱਸ. ਜੀ. ਪੀ. ਸੀ. ਦੇ ਪ੍ਰਬੰਧਾਂ ਦੀ ਕਮਾਂਡ ਕਦੇ ਨਹੀਂ ਸੌਂਪੀ। ਨਾ ਹੀ ਕਦੇ ਇਸ ਤਰ੍ਹਾਂ ਹੋਵੇਗਾ।
ਭਾਈ ਲੌਂਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਭਾਵੇਂ ਐੱਸ. ਜੀ. ਪੀ. ਸੀ. ਚੋਣਾਂ ਵਿਚ ਕਾਂਗਰਸ ਸਿੱਧੇ ਤੌਰ 'ਤੇ ਆਪਣੇ ਉਮੀਦਵਾਰ ਖੜ੍ਹਾ ਲਵੇ, ਫਿਰ ਵੀ ਸਿੱਖ ਪੰਥ ਕਾਂਗਰਸ ਨੂੰ ਕਦੇ ਸਫ਼ਲ ਨਹੀਂ ਹੋਣ ਦੇਵੇਗਾ। ਉਨ੍ਹਾਂ ਆਖਿਆ ਕਿ ਅਜੇ ਐੱਸ. ਜੀ. ਪੀ. ਸੀ. ਚੋਣਾਂ ਸਬੰਧੀ ਕੋਈ ਵੀ ਸਮਾਂ ਜਾਂ ਤਾਰੀਖ ਸਾਹਮਣੇ ਨਹੀਂ ਆ ਰਹੀ, ਫਿਰ ਵੀ ਅਮਰਿੰਦਰ ਦੇ ਅਜਿਹੇ ਬਿਆਨ ਸਿੱਖ ਕੌਮ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਐੱਸ. ਜੀ. ਪੀ. ਸੀ. ਚੀਫ਼ ਲੌਂਗੋਵਾਲ ਨੇ ਆਖਿਆ ਕਿ ਬਰਗਾੜੀ ਮੋਰਚਾ ਕਾਂਗਰਸ ਦੇ ਦੇਣ ਸੀ। ਕਾਂਗਰਸ ਨੇ ਇਹ ਮੋਰਚਾ ਲੁਆਇਆ ਸੀ ਅਤੇ ਆਪ ਹੀ ਚੁਕਵਾ ਦਿੱਤਾ। ਉਨ੍ਹਾਂ ਆਖਿਆ ਕਿ ਅਸਲ 'ਚ ਬਰਗਾੜੀ ਮੋਰਚੇ 'ਤੇ ਕਾਂਗਰਸ ਰਾਜਨੀਤੀ ਕਰ ਰਹੀ ਹੈ ਪਰ ਲੋਕ ਸਭ ਕੁਝ ਜਾਣਦੇ ਹਨ।
ਭਾਈ ਲੌਂਗੋਵਾਲ ਨੇ ਆਖਿਆ ਕਿ ਇਸ ਸਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਗੁਰਪੁਰਬ ਹੈ। ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਇਹ ਗੁਰਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਹੀ ਹੈ। ਇਸ ਵਿਚ ਸਮੁੱਚੇ ਸੰਸਾਰ ਤੋਂ ਹਰੇਕ ਵਰਗ ਹਿੱਸਾ ਲੈ ਰਿਹਾ ਹੈ। ਉਨ੍ਹਾਂ ਆਖਿਆ ਕਿ ਐੱਸ. ਜੀ. ਪੀ. ਸੀ. ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕਰ ਰਹੀ ਹੈ ਕਿ ਉਹ ਵੀ ਇਕ ਸਟੇਜ 'ਤੇ ਹੀ ਆਉਣ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸਾਂਝੇ ਤੌਰ 'ਤੇ ਮਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਥੇ. ਗੁਰਚਰਨ ਸਿੰਘ ਟੌਹੜਾ ਦੀ ਸਿੱਖ ਪੰਥ ਨੂੰ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।