ਦੇਹ ਵਪਾਰ ਕਾਂਡ: ਦੋ ਸਹਾਇਕ ਥਾਣੇਦਾਰ ਬਰਖਾਸਤ, 5 ਕਥਿਤ ਦੋਸ਼ੀ ਜੁਡੀਸ਼ੀਅਲ ਹਿਰਾਸਤ ਭੇਜੇ
Friday, May 22, 2020 - 12:04 PM (IST)
ਨਿਹਾਲ ਸਿੰਘ ਵਾਲਾ (ਬਾਵਾ): ਬਹੁਚਰਚਿਤ ਨਿਹਾਲ ਸਿੰਘ ਵਾਲਾ ਦੇਹ ਵਪਾਰ 'ਚ ਸ਼ਾਮਲ ਗ੍ਰਿਫਤਾਰ ਕੀਤੇ ਪੰਜਾਬ ਪੁਲਸ ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਸਹਾਇਕ ਥਾਣੇਦਾਰਾਂ ਨੂੰ ਜ਼ਿਲਾ ਪੁਲਸ ਮੁਖੀ ਵਲੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।ਇਸ ਸੈਕਸ ਰੈਕਟ ਵਿਚ ਸ਼ਾਮਲ ਦੋ ਸਹਾਇਕ ਥਾਣੇਦਾਰਾਂ ਸਹਾਇਕ ਥਾਣੇਦਾਰ ਚਮਕੌਰ ਸਿੰਘ ਅਤੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਤੋਂ ਇਲਾਵਾ ਦੋਵੇਂ ਔਰਤਾਂ ਜਸਵੰਤ ਕੌਰ ਅਤੇ ਸੀਮਾ ਰਾਣੀ ਅਤੇ ਇਕ ਵਿਅਕਤੀ ਹਰਜਿੰਦਰ ਸਿੰਘ ਨੂੰ ਅੱਜ ਨਿਹਾਲ ਸਿੰਘ ਵਾਲਾ ਦੇ ਡੀ. ਐੱਸ. ਪੀ. ਮਨਜੀਤ ਸਿੰਘ ਢੇਸੀ ਅਤੇ ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਵਧੀਕ ਥਾਣਾ ਮੁਖੀ ਬੇਅੰਤ ਸਿੰਘ ਭੱਟੀ ਦੀ ਅਗਵਾਈ ਹੇਠ ਅੱਜ ਪੁਲਸ ਰਿਮਾਂਡ ਖਤਮ ਹੋਣ 'ਤੇ ਨਿਹਾਲ ਸਿੰਘ ਵਾਲਾ ਦੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਅਮਨਦੀਪ ਕੌਰ ਵਲੋਂ ਜੁਡੀਸ਼ੀਅਲ ਹਿਰਾਸਤ 'ਚ ਬਰਨਾਲਾ ਜੇਲ ਵਿਖੇ ਭੇਜ ਦਿੱਤਾ ਗਿਆ।ਪੇਸ਼ੀ ਨੂੰ ਲੈ ਕੇ ਅੱਜ ਮਾਨਯੋਗ ਅਦਾਲਤ 'ਚ ਸੁਰੱਖਿਆ ਦੇ ਭਾਰੀ ਇੰਤਜ਼ਾਮ ਕੀਤੇ ਗਏ ਸਨ।ਇਸ ਮੌਕੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਇਸ ਦੇਹ ਵਪਾਰ ਨੂੰ ਚਲਾਉਣ ਵਾਲੇ ਪੰਜਾਂ ਵਿਅਕਤੀਆਂ ਪਾਸੋਂ ਪੁਲਸ ਰਿਮਾਂਡ ਦੌਰਾਨ ਦੋ ਗੱਡੀਆਂ, ਇਕ ਲੱਖ ਅਠਾਈ ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਪਿੰਡ ਬਿਲਾਸਪੁਰ ਅਤੇ ਪੱਤੋ ਹੀਰਾ ਸਿੰਘ ਦੇ 2 ਵਿਅਕਤੀਆਂ ਪਾਸੋਂ ਵੀ ਇਨ੍ਹਾਂ ਨੇ ਇਕ ਲੱਖ ਰੁਪਏ ਅਤੇ 70 ਹਜ਼ਾਰ ਰੁਪਏ ਬਟੋਰਨਾ ਵੀ ਮੰਨਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੇਹ ਵਪਾਰ 'ਚ ਸ਼ਾਮਲ ਦੋਵੇਂ ਸਹਾਇਕ ਥਾਣੇਦਾਰਾਂ ਚਮਕੌਰ ਸਿੰਘ ਅਤੇ ਦਰਸ਼ਨ ਸਿੰਘ ਨੂੰ ਪੁਲਸ ਵਿਭਾਗ 'ਚੋਂ ਆਪਣੇ ਹੁਕਮਾਂ ਰਾਹੀਂ ਬਰਖਾਸਤ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਧੰਦੇ ਕਰਨ ਵਾਲੇ ਵਿਅਕਤੀਆਂ ਖਿਲਾਫ ਜਿੱਥੇ ਪੁਲਸ ਵਿਭਾਗ ਆਪਣੇ ਵਲੋਂ ਪੂਰੀ ਸਖਤੀ ਨਾਲ ਨਿਪਟਣ ਲਈ ਤਿਆਰ ਹੈ ਉੱਥੇ ਲੋਕ ਵੀ ਅਜਿਹੇ ਧੰਦੇ ਕਰਨ ਵਾਲੇ ਲੋਕਾਂ ਖਿਲਾਫ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਦੇਣ। ਜ਼ਿਕਰਯੋਗ ਹੈ ਕਿ 2007 'ਚ ਮੋਗਾ ਵਿਖੇ ਵੱਡਾ ਦੇਹ ਵਪਾਰ ਸਾਹਮਣੇ ਆਇਆ ਸੀ, ਜਿਸ ਵਿਚ ਸੀਨੀਅਰ ਪੁਲਸ ਅਫਸਰ ਅਤੇ ਵੱਡੇ ਸਿਆਸੀ ਆਗੂਆਂ ਦੀ ਸਮੂਲੀਅਤ ਪਾਈ ਗਈ ਸੀ। ਜਿਸ ਦੀ ਜਾਂਚ ਅੱਜ ਵੀ.ਸੀ.ਬੀ.ਆਈ ਵਲੋਂ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੇ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਕਿਹਾ ਕਿ ਜੇਕਰ ਮੋਗਾ ਦੇਹ ਵਪਾਰ 'ਚ ਲਿਪਤ ਅਫਸਰਾਂ ਅਤੇ ਸਿਆਸੀ ਆਗੂਆਂ ਨੂੰ ਜੇਕਰ ਸਮੇਂ ਸਿਰ ਸਖਤ ਸਜਾ ਮਿਲ ਜਾਂਦੀ ਤਾਂ ਅਜਿਹੀ ਘਟਨਾ ਮੁੜ ਨਹੀਂ ਸੀ ਵਾਪਰਨੀ। ਉਨ੍ਹਾਂ ਨਿਹਾਲ ਸਿੰਘ ਵਾਲਾ ਦੇਹ ਵਪਾਰ ਦੀ ਵੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ। ਤਾਂ ਕਿ ਇਸ 'ਚ ਸ਼ਾਮਲ ਲੋਕਾਂ ਦੇ ਕਿਰਦਾਰ ਨੂੰ ਨੰਗਾ ਕੀਤਾ ਜਾ ਸਕੇ।