ਸੀਵਰੇਜ ਦਾ ਠੱਪ ਹੋਇਆ ਕੰਮ ਸ਼ਹਿਰ ਵਾਸੀਆਂ ਲਈ ਬਣਿਆ ਜਾਨ ਦਾ ਖੌਅ

Tuesday, Jul 04, 2017 - 11:55 AM (IST)

ਹਰਿਆਣਾ(ਆਨੰਦ)— ਕਸਬਾ ਹਰਿਆਣਾ ਵਿਖੇ ਪਿਛਲੇ ਕਰੀਬ 6 ਮਹੀਨਿਆਂ ਤੋਂ ਚੱਲ ਰਿਹਾ ਸੀਵਰੇਜ ਪਾਉਣ ਦਾ ਕੰਮ ਹੁਣ ਠੱਪ ਹੋ ਕੇ ਰਹਿ ਗਿਆ ਹੈ। ਇਸ ਕੰਮ 'ਤੇ 8.74 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਅਤੇ ਇਸ ਦੇ ਨਿਰਮਾਣ ਦਾ ਠੇਕਾ 'ਰਾਜੇਸ਼ ਕੰਸਟਰੱਕਸ਼ਨ ਕੰਪਨੀ' ਨੂੰ ਦਿੱਤਾ ਗਿਆ ਹੈ ਪਰ ਸੀਵਰੇਜ ਦਾ ਠੱਪ ਹੋਇਆ ਕੰਮ ਸ਼ਹਿਰ ਵਾਸੀਆਂ ਲਈ ਹੀ ਨਹੀਂ ਸਗੋਂ ਰਾਹਗੀਰਾਂ ਲਈ ਵੀ ਇਕ ਬਹੁਤ ਵੱਡੀ ਪਰੇਸ਼ਾਨੀ ਅਤੇ ਚੁਣੌਤੀ ਬਣ ਕੇ ਰਹਿ ਗਿਆ ਹੈ। ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ 'ਚ ਪਾਏ ਜਾ ਰਹੇ ਸੀਵਰੇਜ ਤੋਂ ਬਾਅਦ ਸੜਕਾਂ ਤੇ ਗਲੀਆਂ ਦੀ ਹੋਈ ਦੁਰਦਸ਼ਾ ਤੋਂ ਤੌਬਾ ਕਰ ਰਹੇ ਲੋਕ ਸੀਵਰੇਜ ਬੋਰਡ ਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਅਣਦੇਖੀ ਨੂੰ ਜਮ ਕੇ ਨਿੰਦ ਰਹੇ ਹਨ। ਸ਼ਾਮਚੁਰਾਸੀ ਸੜਕ ਤੋਂ ਸੀਕਰੀ ਰੋਡ ਤੱਕ ਹੋਏ ਸੀਵਰੇਜ ਦੇ ਕੰਮ ਤੋਂ ਬਾਅਦ ਸੜਕ ਡੂੰਘੇ ਟੋਇਆਂ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀਆਂ ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।    
ਕੀ ਕਹਿੰਦੇ ਹਨ ਸ਼ਹਿਰ ਵਾਸੀ: 
ਇਸ ਸਬੰਧੀ ਜਨਕ ਰਾਜ ਕਾਲੀਆ, ਰਾਕੇਸ਼ ਦੱਤ, ਹੰਸ ਰਾਜ, ਕੀਮਤੀ ਰਾਏ, ਨੰਦ ਸਿੰਘ, ਪਰਸ ਰਾਮ, ਅਮਨਦੀਪ, ਅਮਿਤ, ਪਰਮਜੀਤ, ਮਿੰਟੂ, ਵਿੱਕੀ, ਅਸ਼ੋਕ ਕੁਮਾਰ, ਹਰੀ ਦਾਸ, ਬਲਵਿੰਦਰ ਰਾਮ, ਸਾਬਕਾ ਐੱਮ. ਸੀ. ਹਰਬੰਸ ਕੌਰ, ਐੱਮ. ਸੀ. ਗੁਰਦੇਵ ਕੌਰ ਆਦਿ ਨੇ ਉਕਤ ਸਮੱਸਿਆ ਸਬੰਧੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ 'ਚ ਅੱਧੇ- ਅਧੂਰੇ ਪਏ ਸੀਵਰੇਜ ਦਾ ਕੰਮ ਹੁਣ ਪਤਾ ਨਹੀਂ ਕਿਉਂ ਠੱਪ ਹੋ ਕੇ ਰਹਿ ਗਿਆ ਹੈ। ਸੀਵਰੇਜ ਲਈ ਪਾਈਆਂ ਗਈਆਂ ਪਾਈਪਾਂ ਤੋਂ ਬਾਅਦ ਗਲੀਆਂ ਅਤੇ ਸੜਕਾਂ ਨੂੰ ਠੀਕ ਢੰਗ ਨਾਲ ਬਰਾਬਰ ਨਾ ਕੀਤੇ ਜਾਣ ਕਾਰਨ ਰਾਹਗੀਰਾਂ ਨੂੰ ਆਉਣ-ਜਾਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਤ ਸਮੇਂ ਰਾਹਗੀਰ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਹਾਲ ਹੀ 'ਚ ਪਏ ਭਾਰੀ ਮੀਂਹ ਕਾਰਨ ਸ਼ਾਮਚੁਰਾਸੀ ਸੜਕ ਤੋਂ ਸੀਕਰੀ ਰੋਡ ਤੱਕ ਵਾਹਨ 'ਤੇ ਤਾਂ ਕੀ ਪੈਦਲ ਚੱਲਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਲਈ ਪਾਈਆਂ ਜਾ ਰਹੀਆਂ ਪਾਈਪਾਂ ਬਹੁਤ ਛੋਟੀਆਂ ਹਨ, ਜਿਨ੍ਹਾਂ 'ਚੋਂ ਪਾਣੀ ਦੀ ਨਿਕਾਸੀ ਅਸੰਭਵ ਹੈ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ, ਉਸ ਤੋਂ ਇੰਝ ਲੱਗਦਾ ਹੈ ਕਿ ਸ਼ਹਿਰ ਨੂੰ ਗੰਦਗੀ ਦੇ ਢੇਰ 'ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 
ਇਸ ਸੜਕ 'ਤੇ ਪੈਂਦੇ ਗੁੱਗਾ ਜ਼ਾਹਰ ਪੀਰ ਦਰਬਾਰ 'ਤੇ 2 ਰੋਜ਼ਾ ਮੇਲੇ ਦਾ ਆਯੋਜਨ ਕੀਤਾ ਜਾਣਾ ਹੈ। ਮੇਲੇ ਨੂੰ ਲੈ ਕੇ ਲੋਕ ਭਾਰੀ ਚਿੰਤਾ 'ਚ ਪਏ ਹੋਏ ਹਨ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਫਿਰ ਉਨ੍ਹਾਂ ਦਾ ਆਉਣਾ-ਜਾਣਾ ਔਖਾ ਹੋ ਜਾਵੇਗਾ। ਉਨ੍ਹਾਂ ਇਸ ਸੜਕ ਦੀ ਦੁਰਦਸ਼ਾ ਨੂੰ ਵੇਖਦਿਆਂ ਜਲਦ ਤੋਂ ਜਲਦ ਠੀਕ ਕੀਤੇ ਜਾਣ ਦੀ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ।  
ਕੀ ਕਹਿੰਦੇ ਹਨ ਕੰਪਨੀ ਦੇ ਸੰਚਾਲਕ:
'ਰਾਜੇਸ਼ ਕੰਸਟਰੱਕਸ਼ਨ ਕੰਪਨੀਜ਼' ਦੇ ਰਾਜੇਸ਼ ਬਾਂਸਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਸੀਵਰੇਜ ਪਾਉਣ ਦੇ ਕੰਮ 'ਤੇ ਹੁਣ ਤੱਕ ਕਰੀਬ 2 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਪਰ ਵਿਭਾਗ ਵੱਲੋਂ ਅਜੇ ਇਕ ਕੌਡੀ ਵੀ ਨਸੀਬ ਨਹੀਂ ਹੋਈ, ਜਿਸ ਕਾਰਨ ਕੰਮ ਠੱਪ ਪਿਆ ਹੋਇਆ ਹੈ। ਹੁਣ ਫੰਡ ਜਾਰੀ ਹੋਣ ਤੋਂ ਬਾਅਦ ਹੀ ਕੰਮ ਸ਼ੁਰੂ ਹੋ ਸਕੇਗਾ, ਕਦੋਂ ਤੱਕ ਆਪਣੇ ਪੱਲਿਓਂ ਪੈਸੇ ਖਰਚ ਕਰੀ ਜਾਈਏ। ਗਲੀਆਂ ਅਤੇ ਸੜਕਾਂ ਦੀ ਹੋਈ ਦੁਰਦਸ਼ਾ ਸਬੰਧੀ ਉਨ੍ਹਾਂ ਕਿਹਾ ਕਿ ਫੰਡ ਜਾਰੀ ਹੋਣ 'ਤੇ ਹੀ ਇਨ੍ਹਾਂ ਕੰਮਾਂ ਨੂੰ ਅੰਜਾਮ ਦਿੱਤਾ ਜਾ ਸਕੇਗਾ। ਸੀਵਰੇਜ ਦਾ ਕੰਮ ਤਾਂ ਪੂਰੀ ਤਰ੍ਹਾਂ ਠੀਕ ਢੰਗ ਨਾਲ ਹੀ ਚਲਾਇਆ ਜਾ ਰਿਹਾ ਹੈ। ਜ਼ਰੂਰਤ ਅਨੁਸਾਰ ਹੀ ਪਾਈਪਾਂ ਦੀ ਵਰਤੋਂ ਕੀਤੀ ਜਾ ਰਹੀ ਹੈ।


Related News