ਸ਼ਹਿਰ ਵਾਸੀਆਂ ਨੂੰ 31 ਤੱਕ ਮਿਲੇਗੀ ਸੀਵਰੇਜ ਦੀ ਸਹੂਲਤ

Monday, Jul 10, 2017 - 11:27 AM (IST)

ਟਾਂਡਾ/ਜਾਜਾ(ਮੋਮੀ, ਸ਼ਰਮਾ)— ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਅੱਧ ਵਿਚਕਾਰ ਲਟਕੇ ਸੀਵਰੇਜ ਦੇ ਨਿਰਮਾਣ ਕਾਰਜ ਨੂੰ ਜਲਦ ਪੂਰਾ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ, ਜਿਸ 'ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ 31 ਜੁਲਾਈ ਤੱਕ ਨਿਰਮਾਣ ਕਾਰਜ ਪੂਰਾ ਕਰਨ ਦਾ ਵਾਅਦ ਕੀਤਾ ਹੈ। ਨਗਰ ਕੌਂਸਲ ਦਫਤਰ ਟਾਂਡਾ ਵਿਖੇ ਨਗਰ ਕੌਂਸਲਰਾਂ ਦੀ ਹਾਜ਼ਰੀ 'ਚ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਗਿਲਜੀਆਂ ਨੇ ਲੋਕਾਂ ਨੂੰ ਸੀਵਰੇਜ ਦੀ ਸਹੂਲਤ ਮਿਲਣ 'ਚ ਹੋ ਰਹੀ ਦੇਰੀ ਦਾ ਗੰਭੀਰ ਨੋਟਿਸ ਲਿਆ। 
ਸੀਵਰੇਜ ਬੋਰਡ ਦੇ ਐਕਸੀਅਨ ਅਸ਼ੀਸ਼ ਰਾਏ ਅਤੇ ਐੱਸ. ਡੀ. ਓ. ਡੀ. ਕੇ. ਭੰਡਾਰੀ ਨੇ ਸੀਵਰੇਜ ਪ੍ਰਾਜੈਕਟ ਸਬੰਧੀ ਰਹਿੰਦੇ ਕਾਰਜ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਕਰੋੜ 39 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਤਹਿਤ ਲਗਭਗ 37 ਕਿ. ਮੀ. ਸੀਵਰੇਜ ਲਾਈਨ ਪਾ ਦਿੱਤੀ ਗਈ ਹੈ ਅਤੇ ਜੂਨ ਮਹੀਨੇ ਦੌਰਾਨ ਪਿੰਡ ਪੁਲਪੁਖਤਾ ਨਜ਼ਦੀਕ ਬਣਾਏ ਗਏ ਵਾਟਰ ਟਰੀਟਮੈਂਟ ਪਲਾਂਟ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਟਾਂਡਾ ਪੁਲੀ, ਬਿਜਲੀ ਘਰ ਕਾਲੋਨੀ, ਪ੍ਰੀਤ ਨਗਰ, ਦਾਰਾਪੁਰ ਨਜ਼ਦੀਕ ਜਲਦ ਮੇਨ ਸੀਵਰੇਜ ਨਾਲ ਜੋੜ ਕੇ 31 ਜੁਲਾਈ ਤੱਕ ਚਾਲੂ ਕਰ ਦਿੱਤਾ ਜਾਵੇਗਾ। ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਤੇ ਕਾਂਗਰਸ ਨਾਲ ਸੰਬੰਧਤ ਕੌਂਸਲਰਾਂ ਨੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਦਾ ਧੰਨਵਾਦ ਕਰਦਿਆਂ ਸੀਵਰੇਜ ਕੰਮ ਦੇ ਪਹਿਲੇ ਹਿੱਸੇ ਨੂੰ ਚਲਾਉਣ ਦੇ ਨਾਲ-ਨਾਲ ਗੋਬਿੰਦ ਨਗਰ ਤੇ ਬਸਤੀ ਅੰਮ੍ਰਿਤਸਰੀਆਂ ਦੇ ਹਿੱਸੇ 'ਚ ਵੀ ਸੀਵਰੇਜ ਵਿਵਸਥਾ ਲਈ ਹੋਰ ਗ੍ਰਾਂਟ ਲਿਆਉਣ ਦੀ ਮੰਗ ਕੀਤੀ ਤਾਂ ਜੋ ਸ਼ਹਿਰ ਦੇ ਹਰੇਕ ਹਿੱਸੇ ਨੂੰ ਸੀਵਰੇਜ ਦੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ। 
ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਈ. ਓ. ਕਰਮਿੰਦਰਪਾਲ ਸਿੰਘ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਏ. ਐੱਮ. ਈ. ਹਰਜਿੰਦਰ ਸਿੰਘ ਸੇਠੀ, ਰਾਕੇਸ਼ ਬਿੱਟੂ, ਜਗਜੀਵਨ ਜੱਗੀ, ਦੇਸ ਰਾਜ ਡੋਗਰਾ, ਗੁਰਸੇਵਕ ਮਾਰਸ਼ਲ, ਦਵਿੰਦਰ ਬਿੱਲੂ ਸੈਣੀ, ਸੁਰਿੰਦਰਜੀਤ ਸਿੰਘ ਬਿੱਲੂ, ਅਨਿਲ ਪਿੰਕਾ, ਰਾਜ ਕੁਮਾਰ ਰਾਜੂ, ਠੇਕੇਦਾਰ ਪਰਮਿੰਦਰ ਸਿੰਘ, ਜੇ. ਈ. ਰਵਿੰਦਰ ਸਿੰਘ, ਜੇ. ਈ. ਦੀਪਕ, ਰਾਜੇਸ਼ ਲਾਡੀ, ਦਲਜੀਤ ਸਿੰਘ ਆਦਿ ਹਾਜ਼ਰ ਸਨ।


Related News