ਬੇਹੱਦ ਲਾਪਰਵਾਹੀ ਨਾਲ ਹੋ ਰਿਹੈ ਸੀਵਰ ਕਲੀਨਿੰਗ ਦਾ ਕੰਮ
Thursday, Mar 01, 2018 - 11:00 AM (IST)

ਜਲੰਧਰ (ਖੁਰਾਣਾ)— ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਹਿਰਾਂ ਦੇ ਸੀਵਰਾਂ ਦੀ ਸਫਾਈ ਦਾ ਕੰਮ ਸੁਪਰ ਸਕਸ਼ਨ ਮਸ਼ੀਨਾਂ ਨਾਲ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ, ਜਿਨ੍ਹਾਂ ਅਧੀਨ ਹੁਣ ਜਲੰਧਰ ਦੇ ਮੇਨ ਸੀਵਰ ਲਾਈਨਾਂ ਨੂੰ ਸਾਫ ਕਰਨ ਦਾ ਕੰਮ ਸੁਪਰ ਸਕਸ਼ਨ ਮਸ਼ੀਨਾਂ ਨਾਲ ਕੀਤਾ ਜਾ ਰਿਹਾ ਹੈ। ਅੱਜ-ਕੱਲ ਇਹ ਕੰਮ ਹੋਟਲ ਰਮਾਡਾ ਅਤੇ ਨਾਮਦੇਵ ਚੌਕ ਕੋਲ ਅਤੇ ਚੰਦਨ ਨਗਰ ਅੰਡਰਬ੍ਰਿਜ ਨੇੜੇ ਗਾਜੀ ਗੁੱਲਾ ਰੋਡ 'ਤੇ ਕੀਤਾ ਜਾ ਰਿਹਾ ਹੈ। ਇਹ ਕੰਮ ਇੰਨੀ ਲਾਪਰਵਾਹੀ ਨਾਲ ਕੀਤਾ ਜਾ ਰਿਹਾ ਹੈ ਕਿ ਹਜ਼ਾਰਾਂ ਲੋਕ ਟਰੈਫਿਕ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਕੰਪਨੀ 'ਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ। ਹੁਣ ਮੇਅਰ ਜਗਦੀਸ਼ ਰਾਜ ਰਾਜਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਸੁਪਰ ਸਕਸ਼ਨ ਪ੍ਰਾਜੈਕਟ ਦੀ ਡੇਲੀ ਰਿਪੋਰਟ ਮੰਗਵਾਈ ਹੈ ਤੇ ਕੰਪਨੀ ਨੂੰ ਵੀਰਵਾਰ ਨੂੰ ਆਪਣੇ ਦਫਤਰ ਤਲਬ ਕੀਤਾ ਹੈ।
ਰੋਜ਼ ਲਗਦੇ ਹਨ ਟਰੈਫਿਕ ਜਾਮ
ਪੋਸਟ ਆਫਿਸ ਚੌਕ ਤੋਂ ਨਾਮਦੇਵ ਚੌਕ ਤੱਕ ਕੰਪਨੀ ਨੇ ਵੱਡੀ-ਵੱਡੀ ਮਸ਼ੀਨਰੀ ਸੜਕ 'ਤੇ ਹੀ ਖੜ੍ਹੀ ਕੀਤੀ ਹੋਈ ਹੈ, ਜਿਸ ਕਾਰਨ ਟਰੈਫਿਕ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ। ਪਿਛਲੇ ਕਾਫੀ ਦਿਨਾਂ ਤੋਂ ਇਸ ਇਲਾਕੇ ਵਿਚ ਲੰਮੇ-ਲੰਮੇ ਜਾਮ ਲਗ ਰਹੇ ਹਨ, ਜਿਸ ਕਾਰਨ ਸਕੂਲੀ ਬੱਚਿਆਂ ਤੇ ਹੋਰਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਾਤ ਨੂੰ ਹੋਣਾ ਚਾਹੀਦਾ ਹੈ ਕੰਮ
ਅਸਲ ਵਿਚ ਕਿਸੇ ਵੀ ਸ਼ਹਿਰ ਵਿਚ ਅਜਿਹਾ ਕੰਮ ਰਾਤ ਵੇਲੇ ਕੀਤਾ ਜਾਣਾ ਚਾਹੀਦਾ ਹੈ, ਜਿਸ ਸਮੇਂ ਸੜਕਾਂ 'ਤੇ ਟਰੈਫਿਕ ਘੱਟ ਹੁੰਦਾ ਹੈ। ਜਲੰਧਰ ਵਿਚ ਇਸ ਦੇ ਉਲਟ ਹੀ ਹੋ ਰਿਹਾ ਹੈ। ਰਾਤ ਵੇਲੇ ਕੰਪਨੀ ਸੌਂ ਜਾਂਦੀ ਹੈ ਤੇ ਦਿਨ ਵੇਲੇ ਕੰਮ ਸ਼ੁਰੂ ਕਰਦੀ ਹੈ।
ਟਰੈਫਿਕ ਪੁਲਸ ਵੀ ਜ਼ਿੰਮੇਵਾਰੀ ਤੋਂ ਭੱਜੀ
ਪਤਾ ਲੱਗਾ ਹੈ ਕਿ ਨਿਗਮ ਕਮਿਸ਼ਨਰ ਨੇ ਸੁਪਰ ਸਕਸ਼ਨ ਮਸ਼ੀਨਾਂ ਦੇ ਕੰਮ ਕਾਰਨ ਟਰੈਫਿਕ ਨੂੰ ਆ ਰਹੀ ਪ੍ਰੇਸ਼ਾਨੀ ਲਈ ਪੁਲਸ ਕਮਿਸ਼ਨਰ ਤੇ ਟਰੈਫਿਕ ਪੁਲਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਪਰ ਟਰੈਫਿਕ ਪੁਲਸ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਨਜ਼ਰ ਆ ਰਹੀ ਹੈ। ਬੁੱਧਵਾਰ ਡਾਕ ਘਰ ਚੌਕ ਅਤੇ ਨਾਮਦੇਵ ਚੌਕ ਦੇ ਕੋਲ ਕਈ ਘੰਟੇ ਟ੍ਰੈਫਿਕ ਜਾਮ ਰਿਹਾ ਪਰ ਇਕ ਵੀ ਪੁਲਸ ਕਰਮਚਾਰੀ ਨਜ਼ਰ ਨਹੀਂ ਆਇਆ। ਇਸੇ ਤਰ੍ਹਾਂ ਗਾਜੀ ਗੁੱਲਾ ਰੋਡ 'ਤੇ ਵੀ ਰੋਜ਼ ਟਰੈਫਿਕ ਜਾਮ ਰਹਿੰਦਾ ਹੈ। ਉਥੇ ਵੀ ਕਦੀ ਪੁਲਸ ਕਰਮਚਾਰੀ ਨਹੀਂ ਦੇਖਿਆ ਗਿਆ।