ਪੰਜਾਬ ਦੇ 13 'ਚੋਂ '7 ਸੰਸਦ ਮੈਂਬਰ' ਸਿਆਸੀ ਪਰਿਵਾਰਾਂ 'ਚੋਂ

Tuesday, May 28, 2019 - 11:33 AM (IST)

ਪੰਜਾਬ ਦੇ 13 'ਚੋਂ '7 ਸੰਸਦ ਮੈਂਬਰ' ਸਿਆਸੀ ਪਰਿਵਾਰਾਂ 'ਚੋਂ

ਚੰਡੀਗੜ੍ਹ : ਜੇਕਰ ਖਾਨਦਾਨੀ ਸਿਆਸਤ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਉੱਪਰ ਪੰਜਾਬ ਦਾ ਨਾਂ ਆਉਂਦਾ ਹੈ। ਇਸ ਦੀ ਤਾਜ਼ਾ ਮਿਸਾਲ ਲੋਕ ਸਭਾ ਚੋਣਾਂ ਦੇ ਨਤੀਜੇ ਹਨ, ਜਿਸ ਮੁਤਾਬਕ ਪੰਜਾਬ ਦੇ 13 ਸੰਸਦੀ ਮੈਂਬਰਾਂ 'ਚੋਂ 7 ਸੰਸਦੀ ਮੈਂਬਰ ਸਿਆਸੀ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਸੰਸਦ 'ਚ ਕਾਂਗਰਸ ਦੇ 8 'ਚੋਂ 4 ਮੈਂਬਰ ਸਿਆਸੀ ਪਰਿਵਾਰਾਂ 'ਚੋਂ ਚੁਣੇ ਗਏ ਹਨ। ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ। ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਮਾਸਟਰ ਗੁਰਬੰਤਾ ਸਿੰਘ ਦੇ ਬੇਟੇ ਹਨ, ਜੋ ਕਿ ਦੋਆਬਾ ਤੋਂ ਕਾਂਗਰਸ ਦੇ ਮਸ਼ਹੂਰ ਦਲਿਤ ਨੇਤਾ ਰਹਿ ਚੁੱਕੇ ਹਨ। ਖਡੂਰ ਸਾਹਿਬ ਤੋਂ ਐੱਮ. ਪੀ. ਜਸਬੀਰ ਸਿੰਘ ਡਿੰਪਾ, ਸੰਤ ਸਿੰਘ ਲਿੱਧਰ ਦੇ ਬੇਟੇ ਹਨ, ਜੋ ਕਿ 2 ਵਾਰ ਬਿਆਸ ਤੋਂ ਵਿਧਾਇਕ ਰਹਿ ਚੁੱਕੇ ਸਨ ਅਤੇ 1986 'ਚ ਖਾਲਿਸਤਾਨੀ ਅੱਤਵਾਦੀਆਂ ਵਲੋਂ ਉਨ੍ਹਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ 2 ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੂੰਹ-ਪੁੱਤਰ ਹਨ, ਜਿਨ੍ਹਾਂ ਨੇ ਦਹਾਕਿਆਂ ਤੱਕ ਪੰਜਾਬ 'ਤੇ ਰਾਜ ਕੀਤਾ ਹੈ। ਭਾਰਤੀ ਜਨਤਾ ਪਾਰਟੀ ਵੀ ਇਸ ਤੋਂ ਪਿੱਛੇ ਨਹੀਂ ਹੈ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਫਿਲਮ ਅਦਾਕਾਰ ਧਰਮਿੰਦਰ ਦੇ ਬੇਟੇ ਹਨ, ਜੋ ਕਿ ਬੀਕਾਨੇਰ ਤੋਂ ਸੰਸਦ ਮੈਂਬਰ ਸਨ ਅਤੇ ਸੰਨੀ ਦਿਓਲ ਦੀ ਮਾਂ ਹੇਮਾ ਮਾਲਣੀ ਮਥੁਰਾ ਤੋਂ ਸੰਸਦ ਮੈਂਬਰ ਚੁਣੀ ਗਈ ਹੈ। ਸੂਬੇ 'ਚ ਸਿਰਫ 'ਆਮ ਆਦਮੀ ਪਾਰਟੀ' ਹੀ ਇਸ ਰੁਝਾਨ ਦੇ ਖਿਲਾਫ ਦਿਖਾਈ ਦਿੰਦੀ ਹੈ ਕਿਉਂਕਿ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦਾ ਕੋਈ ਵੀ ਸਿਆਸੀ ਪਿਛੋਕੜ ਨਹੀਂ ਹੈ।
 


author

Babita

Content Editor

Related News