ਮਾਮਲਾ ਵਿਆਹੁਤਾ ਨਾਲ ਗੈਂਗਰੇਪ ਕਰਨ ਦਾ, 2 ਨੂੰ 20-20 ਸਾਲ ਕੈਦ, 7 ਬਰੀ

Tuesday, Aug 08, 2017 - 12:50 PM (IST)

ਫਿਰੋਜ਼ਪੁਰ (ਕੁਮਾਰ)—ਜ਼ਿਲਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਐੱਸ. ਕੇ. ਅਗਰਵਾਲ ਨੇ ਗੈਂਗਰੇਪ ਦੇ ਇਕ ਮੁਕੱਦਮੇ ਵਿਚ ਫੈਸਲਾ ਸੁਣਾਉਂਦੇ ਹੋਏ 2 ਦੋਸ਼ੀਆਂ ਨੂੰ 20-20 ਸਾਲ ਕੈਦ ਅਤੇ 20-20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਤੇ ਜੁਰਮਾਨੇ ਦੀ ਰਾਸ਼ੀ ਜਮ੍ਹਾ ਨਾ ਕਰਵਾਉਣ 'ਤੇ ਉਨ੍ਹਾਂ ਨੂੰ 20-20 ਮਹੀਨੇ ਦੀ ਹੋਰ ਸਜ਼ਾ ਕੱਟਣੀ ਪਵੇਗੀ। ਮਾਣਯੋਗ ਅਦਾਲਤ ਨੇ ਇਸ ਕੇਸ ਵਿਚ 7 ਲੋਕਾਂ ਨੂੰ ਬੇਗੁਨਾਹ ਮੰਨਦੇ ਹੋਏ ਬਰੀ ਕਰ ਦਿੱਤਾ ਹੈ। 
ਥਾਣਾ ਗੁਰੂਹਰਸਹਾਏ ਵਿਚ 19 ਸਤੰਬਰ 2014 ਨੂੰ ਇਕ ਵਿਆਹੁਤਾ ਨੇ ਆਪਣੇ ਬਿਆਨਾਂ ਵਿਚ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ 'ਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਥਿਤ ਰੂਪ ਵਿਚ ਜਬਰ-ਜ਼ਨਾਹ ਕਰਨ ਅਤੇ ਮੋਬਾਇਲ ਫੋਨ 'ਤੇ ਵੀਡੀਓ ਬਣਾਉਣ ਦੇ ਦੋਸ਼ ਲਾਉਂਦੇ ਹੋਏ ਮੁਕੱਦਮਾ ਦਰਜ ਕਰਵਾਇਆ ਸੀ। ਪੀੜਤ ਵਿਆਹੁਤਾ ਦੇ ਅਨੁਸਾਰ ਜਦ ਉਹ ਆਪਣੇ ਪਤੀ ਦੇ ਨਾਲ ਮੋਟਰਸਾਈਕਲ 'ਤੇ ਪਿੰਡ ਚੱਕ ਨਿਧਾਨਾ ਤੋਂ ਆਪਣੇ ਪੇਕੇ ਪਿੰਡ ਪੰਜੇ ਕੇ ਵੱਲ ਜਾ ਰਹੀ ਸੀ ਤਾਂ ਨਾਮਜ਼ਦ ਵਿਅਕਤੀ ਆਪਣੇ ਸਾਥੀਆਂ ਦੇ ਨਾਲ ਆਏ ਅਤੇ ਉਨ੍ਹਾਂ ਨੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਤੇ ਕਥਿਤ ਰੂਪ ਵਿਚ ਜਬਰਦਸਤੀ ਉਸਨੂੰ ਮੋਟਰ 'ਤੇ ਲੈ ਗਏ, ਜਿਥੇ ਜਬਰਦਸਤੀ ਉਸਦੇ ਨਾਲ ਗੈਂਗਰੇਪ ਕਰ ਕੇ ਉਸਦੀ ਵੀਡੀਓ ਬਣਾਈ ਗਈ। ਮਾਣਯੋਗ ਅਦਾਲਤ ਵਿਚ ਉਹ ਵੀਡੀਓ ਵੀ ਪੇਸ਼ ਕੀਤੀ ਗਈ। 
ਜ਼ਿਲਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਐੱਸ.ਕੇ. ਅਗਰਵਾਲ ਨੇ ਮੁਦੱਈ ਅਤੇ ਦੋਸ਼ੀ ਪੱਖ ਦੇ ਵਕੀਲਾਂ ਦੀ ਬਹਿਸ ਸੁਣਨ ਦੇ ਬਾਅਦ ਸੰਦੀਪ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਕੈਦ ਤੇ ਜੁਰਮਾਨੇ ਦੀਆਂ ਸਜਾਵਾਂ ਸੁਣਾਈਆਂ ਤੇ 7 ਲੋਕਾਂ ਨੂੰ ਬਰੀ ਕਰ ਦਿੱਤਾ।


Related News