ਪ੍ਰੀਖਿਆਵਾਂ ਤੋਂ ਪਹਿਲਾਂ ਸਕੂਲਾਂ ਅੱਗੇ ਨਵੀਂ ਪ੍ਰੇਸ਼ਾਨੀ, ਨਹੀਂ ਕਰ ਪਾ ਰਹੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ

12/13/2019 2:33:08 PM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਰਵਰੀ 'ਚ 5ਵੀਂ ਅਤੇ 8ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਸਕੂਲਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਸੰਚਾਲਕਾਂ ਨੇ ਦੱਸਿਆ ਕਿ ਬੋਰਡ ਦੀ ਵੈੱਬਸਾਈਟ 'ਤੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਸਮੇਂ ਸਰਵਰ ਬੰਦ ਹੋ ਰਿਹਾ ਹੈ, ਜਿਸ ਨਾਲ ਡਾਟਾ ਭਰਨ ਤੋਂ ਬਾਅਦ 'ਚ ਹੀ ਫਸ ਰਿਹਾ ਹੈ। ਸਕੂਲਾਂ ਦੇ ਮੁਤਾਬਕ ਬੋਰਡ ਨੇ ਜੋ ਟੋਲ ਫ੍ਰੀ ਨੰਬਰ ਦੇ ਰੱਖੇ ਹਨ, ਉਨ੍ਹਾਂ 'ਤੇ ਵਾਰ-ਵਾਰ ਫੋਨ ਕਰਨ 'ਤੇ ਵੀ ਕੋਈ ਗੱਲ ਨਹੀਂ ਕਰ ਰਿਹਾ, ਜਿਸ ਕਾਰਨ ਸਕੂਲਾਂ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਹੋ ਰਹੀ ਹੈ।

ਸਕੂਲ ਸੰਚਾਲਕ ਠਾਕੁਰ ਆਨੰਦ ਸਿੰਘ ਅਤੇ ਵਰੁਣ ਰਾਏ ਨੇ ਦੱਸਿਆ ਕਿ ਫਰਵਰੀ 'ਚ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ। ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਬੋਰਡ ਨੇ ਸਕੂਲਾਂ ਨੂੰ 23 ਨਵੰਬਰ ਨੂੰ ਲਿੰਕ ਭੇਜਿਆ ਪਰ ਜਦੋਂ ਤੋਂ ਸਕੂਲਾਂ ਨੇ ਉਕਤ ਕਾਰਜ ਨੂੰ ਸ਼ੁਰੂ ਕੀਤਾ, ਉਦੋਂ ਤੋਂ ਹੀ ਉਹ ਅਟਕਿਆ ਹੋਇਆ ਹੈ ਕਿਉਂਕਿ ਬੋਰਡ ਦਾ ਸਰਵਰ ਵਾਰ-ਵਾਰ ਬੰਦ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਕਾਫੀ ਸਕੂਲ ਅਜਿਹੇ ਹਨ ਜੋ ਵਾਰ-ਵਾਰ ਯਤਨ ਕਰਨ ਦੇ ਬਾਵਜੂਦ ਆਪਣੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾ ਰਹੇ।
ਠਾਕੁਰ ਆਨੰਦ ਨੇ ਦੱÎਿਸਆ ਕਿ ਪੂਰਾ ਦਿਨ ਸਰਵਰ ਬੰਦ ਰਹਿਣ ਕਾਰਨ ਸਕੂਲ ਸੰਚਾਲਕਾਂ ਵਿਚ ਦੁਚਿੱਤੀ ਦਾ ਮਾਹੌਲ ਬਣਿਆ ਰਿਹਾ। ਬੋਰਡ ਨੇ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ 16 ਦਸੰਬਰ ਰੱਖੀ ਹੈ, ਜਿਸ ਕਾਰਨ ਹੁਣ ਸਕੂਲਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ ਪਰ ਬੋਰਡ 'ਚ ਕੋਈ ਇਸ ਸਮੱਸਿਆ ਦਾ ਹੱਲ ਕੱਢਣ ਲਈ ਤਿਆਰ ਨਹੀਂ ਹੈ। ਉਨ੍ਹਾਂ ਬੋਰਡ ਨੂੰ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਅਤੇ ਰਜਿਸਟ੍ਰੇਸ਼ਨ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਹੈ। ਵਰੁਣ ਰਾਏ ਨੇ ਕਿਹਾ ਕਿ ਬੋਰਡ ਨੂੰ ਆਪਣੀ ਸਾਈਟ ਅਤੇ ਸਰਵਰ ਵਿਚ ਆ ਰਹੀ ਖਾਮੀ ਦੂਰ ਕਰਨੀ ਚਾਹੀਦੀ ਹੈ ਤਾਂ ਕਿ ਸਕੂਲ ਸੰਚਾਲਕ ਸਹੀ ਸਮੇਂ 'ਚ ਕਾਰਜ ਮੁਕੰਮਲ ਕਰ ਸਕਣ।

ਉਧਰ, ਗੱਲ ਕਰਨ 'ਤੇ ਪੀ. ਐੱਸ. ਈ. ਬੀ. ਦੇ ਸਕੱਤਰ ਮੁਹੰਮਦ ਤਾਇਬ ਨੇ ਦੱਸਿਆ ਕਿ ਬੋਰਡ ਦੀ ਵੈੱਬਸਾਈਟ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਕੂਲਾਂ ਨੇ ਆਪਣੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਬੋਰਡ ਦੇ ਕੋਲ ਕਰਵਾ ਦਿੱਤੀ ਹੈ ਪਰ ਕੁਝ ਸਕੂਲ ਜੋ ਉਕਤ ਕਾਰਜ ਨੂੰ ਤੈਅ ਸਮੇਂ 'ਚ ਪੂਰਾ ਨਹੀਂ ਕਰ ਪਾ ਰਹੇ, ਉਹ ਜੁਰਮਾਨੇ ਤੋਂ ਬਚਣ ਲਈ ਸਰਵਰ ਬੰਦ ਹੋਣ ਦੀ ਗੱਲ ਕਹਿ ਰਹੇ ਹਨ।


Anuradha

Content Editor

Related News