ਸੁਲਤਾਨਪੁਰ ਲੋਧੀ ’ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ’ਚ ਕਤਲ
Thursday, Jun 16, 2022 - 08:12 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ, ਓਬਰਾਏ) : ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਮੁਹੱਲਾ ਬਾਬਾ ਜਵਾਲਾ ਸਿੰਘ ਨਗਰ ਵਿਖੇ ਵੀਰਵਾਰ ਨੂੰ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਮੁਹੱਲੇ ’ਚ ਆਪਣੇ ਪੁੱਤ ਨਾਲ ਰਹਿ ਰਹੀ ਇਕ 80 ਸਾਲ ਦੀ ਵਿਧਵਾ ਔਰਤ ਕੁਲਵਿੰਦਰ ਕੌਰ ਦੀ ਲਾਸ਼ ਘਰ ’ਚੋਂ ਗਲੀ-ਸੜੀ ਹਾਲਤ ਵਿਚ ਪਈ ਮਿਲੀ। ਇਸ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਡੀ. ਕਪੂਰਥਲਾ ਜਗਜੀਤ ਸਿੰਘ ਸਰੋਆ, ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਤੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਘਟਨਾ ਸਥਾਨ ’ਤੇ ਪੁੱਜੇ ਤੇ ਮਾਮਲੇ ਦੀ ਪੜਤਾਲ ਆਰੰਭ ਕਰ ਦਿੱਤੀ ਹੈ। ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਮੁੱਢਲੀ ਜਾਂਚ ਪੜਤਾਲ ਤੋਂ ਇਹ ਕਤਲ ਦਾ ਮਾਮਲਾ ਲੱਗਦਾ ਹੈ ਤੇ ਕਤਲ ਦੇ ਸ਼ੱਕ ’ਚ ਮ੍ਰਿਤਕ ਔਰਤ ਦੇ ਇਕ ਪੁੱਤਰ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਕਤਲ ਸਬੰਧੀ ਕੇਸ ਦਰਜ ਕਰਕੇ ਅਗਲੀ ਜਾਂਚ ਆਰੰਭ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ ਤੇ ਸਖਤ ਸਜ਼ਾ ਦਿਵਾਉਣ ਲਈ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ’ਚ ਵੱਡਾ ਫੇਰਬਦਲ, ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ
ਐੱਸ. ਪੀ. ਸਰੋਆ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਮ੍ਰਿਤਕ ਬਜ਼ੁਰਗ ਔਰਤ ਕੁਲਵਿੰਦਰ ਕੌਰ ਨਿਵਾਸੀ ਪਿੰਡ ਬੂਸੋਵਾਲ, ਹਾਲ ਵਾਸੀ ਜਵਾਲਾ ਸਿੰਘ ਨਗਰ ਦੀ ਉਮਰ ਤਕਰੀਬਨ 80 ਸਾਲ ਹੈ ਤੇ ਉਹ ਆਪਣੇ ਪਤੀ ਲੇਟ ਜਸਵੰਤ ਸਿੰਘ ਦੀ ਮੌਤ ਉਪਰੰਤ ਆਪਣੇ ਇਕ ਪੁੱਤਰ ਨਾਲ ਆਪਣੇ ਘਰ ’ਚ ਰਹਿੰਦੀ ਸੀ ਅਤੇ ਉਸ ਦੇ ਘਰ ’ਚ ਕਿਰਾਏਦਾਰ ਪਰਿਵਾਰ ਵੀ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਕਿਰਾਏਦਾਰ ਪਿਛਲੇ ਕੁਝ ਦਿਨਾਂ ਤੋਂ ਬਾਹਰ ਘੁੰਮਣ ਗਏ ਸਨ ਤੇ ਅੱਜ ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਘਰ ’ਚੋਂ ਆ ਰਹੀ ਭੈੜੀ ਬਦਬੂ ਮਹਿਸੂਸ ਕੀਤੀ ਤਾਂ ਉਨ੍ਹਾਂ ਘਰ ਦੀ ਮਾਲਕਣ ਕੁਲਵਿੰਦਰ ਕੌਰ ਨੂੰ ਆਵਾਜ਼ ਮਾਰੀ ਅਤੇ ਉਸ ਨੇ ਮਾਲਕਣ ਨੂੰ ਕਮਰੇ ਦੀ ਫਰਸ਼ ’ਤੇ ਲੰਮੇ ਪਏ ਖੂਨ ਨਾਲ ਲਥਪਥ ਹਾਲਤ 'ਚ ਦੇਖਿਆ। ਆਵਾਜ਼ ਮਾਰਨ ’ਤੇ ਜਦੋਂ ਉਹ ਕੁਝ ਵੀ ਨਹੀਂ ਬੋਲੀ ਤਾਂ ਉਸ ਨੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਨੇ ਘਰ ਆ ਕੇ ਦੇਖਿਆ ਕਿ ਕੁਲਵਿੰਦਰ ਕੌਰ ਕਮਰੇ ’ਚ ਇਕ ਪਾਸੇ ਨੂੰ ਲੇਟੀ ਹੋਈ ਅਤੇ ਖੂਨ ਨਾਲ ਲੱਥਪੱਥ ਸੀ, ਸਾਰੇ ਪਾਸੇ ਕਮਰੇ ’ਚ ਖੂਨ ਹੀ ਖੂਨ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਦੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਔਰਤ ਦਾ ਕਤਲ 5-6 ਦਿਨ ਪਹਿਲਾਂ ਹੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਕੌਰ ਦੇ ਬੇਟੇ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਸ. ਪੀ. ਸਰੋਆ ਨੇ ਦੱਸਿਆ ਕਿ ਮ੍ਰਿਤਕ ਔਰਤ ਦਾ ਇਕ ਲੜਕਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਤੇ ਪਹਿਲਾਂ ਵੀ ਲੋਕਾਂ ਨਾਲ ਲੜਾਈ ਝਗੜਾ ਕਰ ਚੁੱਕਾ ਹੈ, ਜੋ ਨਸ਼ੇ ਦਾ ਵੀ ਆਦੀ ਵੀ ਹੈ ਤੇ ਸਾਢੇ 3 ਸਾਲ ਪਹਿਲਾਂ ਇੰਗਲੈਂਡ ਤੋਂ ਡਿਪੋਰਟ ਹੋ ਕੇ ਆਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਦੇ ਪੁੱਤਰ ਨੇ ਇੰਗਲੈਂਡ ’ਚ ਗੋਰੀ ਨਾਲ ਵਿਆਹ ਕਰਵਾਇਆ ਹੋਇਆ ਸੀ ਤੇ ਬੱਚੇ ਵੀ ਸਨ। ਇੰਗਲੈਂਡ ’ਚ ਆਪਣੇ ਬੱਚੇ ਤੇ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਕਾਰਨ ਹੀ ਉਸ ਨੂੰ ਇੰਗਲੈਂਡ ਤੋਂ ਡਿਪੋਰਟ ਕੀਤਾ ਗਿਆ ਸੀ। ਹੋਰ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਦੇ ਪਿੰਡ ਬੂਸੋਵਾਲ ’ਚ ਰਹਿੰਦੇ ਦੂਜੇ ਪੁੱਤਰ ਨੇ ਵੀ ਆਪਣੇ ਭਰਾ ’ਤੇ ਮਾਂ ਨੂੰ ਕਤਲ ਕਰਨ ਦਾ ਦੋਸ਼ ਲਗਾਇਆ ਹੈ ਪਰ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਪੂਰੇ ਮਾਮਲੇ ਦੌਰਾਨ ਇਕ ਹੋਰ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਪਿਛਲੇ ਮਹੀਨੇ ਹੀ ਪਹਿਲਾਂ ਮ੍ਰਿਤਕ ਬਜ਼ੁਰਗ ਬੀਬੀ ਦੇ ਪੁੱਤਰ ਨੇ ਇਕ ਭਿਖਾਰੀ ਦੀ ਕੁੱਟਮਾਰ ਕਰ ਦਿੱਤੀ ਸੀ, ਜਿਸ ’ਤੇ ਲੋਕਾਂ ਨੇ ਕਾਬੂ ਕਰਕੇ ਉਸ ਨੂੰ ਪੁਲਸ ਦੇ ਹਵਾਲੇ ਕੀਤਾ ਸੀ ਪਰ ਇਸ ਦੀ ਮਾਂ ਹੀ ਆਪਣੇ ਬੇਟੇ ਨੂੰ ਇਹ ਕਹਿ ਕੇ ਪੁਲਸ ਤੋਂ ਛੁਡਵਾ ਕੇ ਲੈ ਗਈ ਸੀ ਕਿ ਉਸ ਦਾ ਬੇਟਾ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ ਤੇ ਮਾਂ ਨੇ ਹੀ ਭਿਖਾਰੀ ਦੇ ਪਰਿਵਾਰ ਦੀ ਮਿੰਨਤ ਕੀਤੀ ਸੀ।