ਸੱਸ ਕੱਢਣਾ ਚਾਹੁੰਦੀ ਸੀ ਨੂੰਹ ਨੂੰ ਘਰੋਂ ਬਾਹਰ, ਪਟੀਸ਼ਨ ਹੋਈ ਰੱਦ

02/22/2018 6:30:02 PM

 ਜਲੰਧਰ/ਫਿਲੌਰ— ਸੀਨੀਅਰ ਸਿਟੀਜ਼ਨ ਮੈਨਟੇਨੈਂਸ ਐਕਟ ਦੇ ਤਹਿਤ ਨੂੰਹ ਤੋਂ ਘਰ ਖਾਲੀ ਕਰਵਾਉਣ ਦਾ ਕੇਸ ਬੁੱਧਵਾਰ ਨੂੰ ਫਿਲੌਰ ਦੇ ਪਿੰਡ ਰਾਮਗੜ ਦੀ ਰਹਿਣ ਵਾਲੀ ਕੁਲਦੀਪ ਕੌਰ ਹਾਰ ਗਈ। ਡੀ. ਸੀ. ਨੇ ਨੂੰਹ ਸੁਖਵਿੰਦਰ ਕੌਰ ਦੇ ਪੱਖ 'ਚ ਫੈਸਲਾ ਸੁਣਾਇਆ। ਉਨ੍ਹਾਂ ਨੇ ਸੱਸ ਦੀ ਨੂੰਹ ਨੂੰ ਘਰੋਂ ਬਾਹਰ ਕਰਨ ਦੀ ਮੰਗ ਨੂੰ ਨਾਜਾਇਜ਼ ਠਹਿਰਾਇਆ। ਬੁੱਧਵਾਰ ਨੂੰ ਕੋਰਟ 'ਚ ਸੁਣਵਾਈ ਦੌਰਾਨ ਸੱਸ-ਨੂੰਹ ਦਾ ਆਹਮਣਾ-ਸਾਹਮਣਾ ਹੋਇਆ ਤਾਂ ਨੂੰਹ ਨੇ ਆਪਣੀ ਕਹਾਣੀ ਦੱਸੀ। ਸੁਖਵਿੰਦਰ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ 'ਚ ਰਹਿੰਦਾ ਹੈ। ਉਸ 'ਤੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਹੈ। ਬੇਟੀ ਬੀਮਾਰ ਹੋਈ ਤਾਂ ਕਰਜ਼ਾ ਲੈ ਕੇ ਲੁਧਿਆਣਾ ਦੇ ਡੀ. ਐੱਮ. ਸੀ. 'ਚ ਇਲਾਜ ਕਰਵਾਇਆ। ਉਸ ਨੇ ਦੱਸਿਆ ਪਤੀ ਜਿੰਨੇ ਪੈਸੇ ਕਮਾਉਂਦਾ ਹੈ, ਸੱਸ ਦੇ ਅਕਾਊਂਟ 'ਚ ਭੇਜਦਾ ਹੈ। ਉਹ ਆਪਣੇ ਖਰਚੇ 'ਤੇ ਦੋਵੇਂ ਬੱਚਿਆਂ ਨੂੰ ਪਾਲ ਰਹੀ ਹੈ। ਸੱਸ ਕੁਲਦੀਪ ਕੌਰ ਨੇ ਦੋਸ਼ ਲਗਾਇਆ ਕਿ ਨੂੰਹ ਤੰਗ ਕਰਦੀ ਹੈ। ਨੂੰਹ ਉਸ ਦੀ ਸੇਵਾ ਨਹੀਂ ਕਰਦੀ। ਇਸ ਲਈ ਉਸ ਨੂੰ ਘਰੋਂ ਬਾਹਰ ਕੱਢਿਆ ਜਾਵੇ। ਜਦਕਿ ਨੂੰਹ ਨੇ ਕਿਹਾ ਕਿ ਉਲਟਾ ਸੱਸ ਉਸ ਦੀ ਕੁੱਟਮਾਰ ਕਰਦੀ ਹੈ। ਦੋਵੇਂ ਪੱਖਾਂ ਨੂੰ ਸੁਣਨ ਦੇ ਬਾਅਦ ਡੀ. ਸੀ. ਨੇ ਕਿਹਾ ਕਿ ਸੁਖਵਿੰਦਰ ਕੌਰ ਦਾ ਪਤੀ ਵਿਦੇਸ਼ 'ਚ ਹੈ। ਉਸ 'ਤੇ ਦੋ ਬੱਚਿਆਂ ਦੀ ਜ਼ਿੰਮੇਵਾਰੀ ਹੈ। ਅਜਿਹੇ 'ਚ ਉਸ ਨੂੰ ਬਿਲਕੁਲ ਵੀ ਬਾਹਰ ਨਹੀਂ ਕੱਢਿਆ ਜਾ ਸਕਦਾ। ਉਹ ਦੋਵੇਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਵੇਗੀ। ਉਨ੍ਹਾਂ ਨੇ ਕੁਲਦੀਪ ਕੌਰ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।


Related News