ਸੁਖਜਿੰਦਰ ਸਿੰਘ ਰੰਧਾਵਾ ਵਲੋਂ ਬੀਜ ਘੋਟਾਲੇ ਦੀ ਜਾਂਚ ਦੇ ਆਦੇਸ਼
Tuesday, Jun 02, 2020 - 07:16 PM (IST)
ਚੰਡੀਗੜ੍ਹ: ਤਰਸਿੱਕਾ ਸਹਿਕਾਰੀ ਬੈਂਕ ਅਤੇ ਇਸ ਅਧੀਨ 5 ਸਹਿਕਾਰੀ ਸੁਸਾਇਟੀਆਂ ਵਿੱਚ ਹੋਏ ਘਪਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਹਿਕਾਰਤਾ ਵਿਭਾਗ ਦੀਆਂ ਉਚ ਪੱਧਰੀ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੀਆਂ, ਜਿਸ ਵਿੱਚ ਬਾਹਰਲੀਆਂ ਸੁਸਾਇਟੀਆਂ ਦੇ ਸੀਨੀਅਰ ਆਡੀਟਰ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ।
ਇਹ ਫੈਸਲਾ ਸਹਿਕਾਰਤਾ ਮੰਤਰੀ ਵੱਲੋਂ ਅੱਜ ਇੱਥੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ ਡੀ ਸ੍ਰੀ ਵਰੁਣ ਰੂਜ਼ਮ ਨਾਲ ਕੀਤੀ ਮੀਟਿੰਗ ਵਿੱਚ ਲਿਆ ਗਿਆ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਤਰਸਿੱਕਾ ਸਹਿਕਾਰੀ ਬੈਂਕ ਅਧੀਨ ਆਉਂਦੀਆ 5 ਸਹਿਕਾਰੀ ਸੁਸਾਇਟੀਆਂ ਤਰਸਿੱਕਾ, ਸੈਦੋਕੇ ਲਹਿਲ, ਭੱਟੀਕੇ, ਚੁਗਾਵਾਂ ਸਾਧਪੁਰ ਤੇ ਕੋਹਾਲਾ ਵਿੱਚ ਘੋਟਾਲਾ ਹੋਇਆ ਹੈ, ਜੋ ਸਾਲ 2012-13 ਤੋਂ ਚੱਲ ਰਿਹਾ ਹੈ। ਇਸ ਦੀ ਮੁੱਢਲੀ ਜਾਂਚ ਲਈ ਬੀਤੇ ਦਿਨ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ. ਡੀ. ਰੂਜ਼ਮ ਨੂੰ ਜ਼ਮੀਨੀ ਹਕੀਕਤ ਦੇਖਣ ਲਈ ਭੇਜਿਆ ਗਿਆ ਸੀ। ਰੂਜ਼ਮ ਵੱਲੋਂ ਕੀਤੇ ਮੁੱਢਲੇ ਨਿਰੀਖਣ ਵਿੱਚ ਘੋਟਾਲੇ ਦੀ ਪੁਸ਼ਟੀ ਹੋਈ ਹੈ। ਸਹਿਕਾਰਤਾ ਮੰਤਰੀ ਰੰਧਾਵਾ ਨੇ ਕਿਹਾ ਕਿ ਮੁੱਢਲੇ ਨਿਰੀਖਣ ਵਿੱਚ ਸਾਹਮਣੇ ਆਏ ਮਾਮਲੇ ਤੋਂ ਬਾਅਦ ਉਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।