ਪਟਵਾਰੀਆਂ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਖੇਤਾਂ 'ਚ ਜਾਣ ਤੋਂ ਕੀਤਾ ਇਨਕਾਰ, ਕੀਤੀ ਇਹ ਮੰਗ

Tuesday, Oct 13, 2020 - 12:28 PM (IST)

ਪਟਵਾਰੀਆਂ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਖੇਤਾਂ 'ਚ ਜਾਣ ਤੋਂ ਕੀਤਾ ਇਨਕਾਰ, ਕੀਤੀ ਇਹ ਮੰਗ

ਭਵਾਨੀਗੜ੍ਹ (ਕਾਂਸਲ): ਬੀਤੇ ਕੱਲ੍ਹ ਨੇੜਲੇ ਪਿੰਡ ਬਲਿਆਲ ਵਿਖੇ ਪਰਾਲੀ ਸਾੜਨ ਸਬੰਧੀ ਪੜਤਾਲ ਕਰਨ ਗਏ ਸਥਾਨਕ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਭਵਾਨੀਗੜ੍ਹ ਦੇ ਪ੍ਰਧਾਨ ਪਟਵਾਰੀ ਸੁਮਨਦੀਪ ਸਿੰਘ ਭੁੱਲਰ ਅਤੇ ਉਸ ਨਾਲ ਗਏ ਇਕ ਪੰਚਾਇਤ ਸਕੱਤਰ ਨੂੰ ਕਿਸਾਨਾਂ ਵਲੋਂ ਘਿਰਾਓ ਕਰਕੇ ਕਈ ਘੰਟੇ ਬੰਦੀ ਬਣਾਏ ਜਾਣ ਦੀ ਕਿਸਾਨਾਂ ਦੀ ਕਾਰਵਾਈ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ। ਸਥਾਨਕ ਤਹਿਸੀਲ ਕੰਪਲੈਕਸ ਵਿਖੇ ਰੈਵੀਨਿਊ ਪਟਵਾਰ ਯੂਨੀਅਨ ਵਲੋਂ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਭਵਾਨੀਗੜ੍ਹ ਦੇ ਪ੍ਰਧਾਨ ਪਟਵਾਰੀ ਸੁਮਨਦੀਪ ਸਿੰਘ ਭੁੱਲਰ ਵਲੋਂ ਕੀਤੀ ਗਈ ਮੀਟਿੰਗ 'ਚ ਉਕਤ ਮਸਲਾ ਬਹੁਤ ਹੀ ਗੰਭੀਰਤਾਂ ਨਾਲ ਵਿਚਾਰਿਆ ਗਿਆ।

ਇਹ ਵੀ ਪੜ੍ਹੋ: ਘੁਬਾਇਆ ਨੇ ਆਪਣੀ ਹੀ ਸਰਕਾਰ ਨੂੰ ਦਿਖਾਈਆਂ ਅੱਖਾਂ, ਕਿਹਾ ਸੁਣਵਾਈ ਨਾ ਹੋਈ ਤਾਂ ਦੇਵੇਗਾ ਧਰਨਾ

ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਨਮਦੀਪ ਸਿੰਘ ਭੁੱਲਰ ਨੇ ਦੱਸਿਆ ਉਹ ਅਤੇ ਇਕ ਪੰਚਾਇਤ ਸਕੱਤਰ ਸਰਕਾਰ ਅਤੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਜਦੋਂ ਪਿੰਡ ਬਲਿਆਲ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਗਏ ਤਾਂ ਉੱਥੇ ਇਕੱਠੇ ਹੋਏ ਕਿਸਾਨਾਂ ਨੇ ਉਨ੍ਹਾਂ ਦੇ ਘਿਰਾਓ ਕਰਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨਾਂ ਨੇ ਉਨ੍ਹਾਂ ਦਾ ਘਿਰਾਓ ਕੀਤਾ ਹੋਇਆ ਸੀ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਸਬ-ਡੀਵਜ਼ਨ ਦੇ ਐੱਸ.ਡੀ.ਐੱਮ. ਭਵਾਨੀਗੜ੍ਹ ਅਤੇ ਤਹਿਸੀਲਦਾਰ ਨੂੰ ਆਪਣੇ ਮੋਬਾਇਲ ਫੋਨ ਰਾਹੀਂ ਸੂਚਿਤ ਕਰਦਿਆਂ ਮਦਦ ਦੀ ਗੁਹਾਰ ਲਗਾਈ। ਪ੍ਰੰਤੂ ਕਿਸੇ ਵੀ ਅਧਿਕਾਰੀ ਨੇ ਸੰਕਟ 'ਚ ਫਸੇ ਆਪਣੇ ਮੁਲਾਜ਼ਮਾਂ ਨੂੰ ਛੁਡਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਜਿਸ ਕਰਕੇ ਉਨ੍ਹਾਂ ਨੂੰ ਕਈ ਘੰਟੇ ਕਿਸਾਨਾਂ ਵਲੋਂ ਬੰਦੀ ਬਣਾ ਕੇ ਰੱਖਿਆ ਗਿਆ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਮੌਕੇ ਜਦੋਂ ਆਪਣੇ ਆਪ ਨੂੰ ਪੂਰੀ ਮਸੀਬਤ 'ਚ ਅਤੇ ਅਣਸੁਰੱਖਿਅਤ ਮਹਿਸੂਸ ਕਰਨ ਕਰਕੇ ਤਣਾਅ 'ਚ ਸਨ ਤਾਂ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਵਲੋਂ ਹੌਂਸਲਾ ਦੇਣ ਦੀ ਥਾਂ ਰੱਵੀਆ ਠੀਕ ਨਹੀਂ ਸੀ।

ਇਹ ਵੀ ਪੜ੍ਹੋ: ਐੱਸ.ਜੀ.ਪੀ. ਸੀ. ਚੋਣਾਂ ਨੂੰ ਲੈ ਕੇ 'ਆਪ' ਵਿਧਾਇਕਾ ਬਲਜਿੰਦਰ ਕੌਰ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਦਾ ਕੰਮ ਸਿਵਲ ਪ੍ਰਸ਼ਾਸਨ ਦਾ ਨਹੀਂ ਹੈ ਅਤੇ ਪਟਵਾਰੀ ਦੀ ਇਸ ਮਾਮਲੇ ਸਿਰਫ਼ ਇਹ ਡਿਊਟੀ ਬਣਦੀ ਹੈ ਕਿ ਉਹ ਪਰਾਲੀ ਸਾੜਣ ਵਾਲੇ ਖੇਤ ਸਬੰਧੀ ਕਿਸਾਨ ਦਾ ਨਾਮ ਅਤੇ ਜ਼ਮੀਨ ਦੇ ਨੰਬਰ ਦੀ ਜਾਣਕਾਰੀ ਦੇਵੇ ਕਿ ਇਹ ਜ਼ਮੀਨ ਕਿਸ ਕਿਸਾਨ ਹੈ ਅਤੇ ਕਿਸਾਨਾਂ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਨ ਦੀ ਡਿਊਟੀ ਪੁਲਸ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਪਹਿਲਾਂ ਹੀ ਸੱਤਵੇਂ ਆਸਮਾਨ ਉਪਰ ਹੈ ਅਤੇ ਅਜਿਹੇ 'ਚ ਬਿਨਾਂ ਪੁਲਸ ਅਤੇ ਸੁਰੱਖਿਆ ਤੋਂ ਸਿਵਲ ਦੇ ਛੋਟੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਖੇਤਾਂ 'ਚ ਕੰਬਾਇਨਾਂ ਦੀ ਜਾਂਚ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਭੇਜ ਕੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕਮਰਚਾਰੀਆਂ ਨੂੰ ਅੱਗ 'ਚ ਝੋਕਿਆ ਜਾ ਰਿਹਾ ਹੈ। ਜੋ ਕਿ ਗਲਤ ਹੈ।ਉਨ੍ਹਾਂ ਕਿਹਾ ਕਿ ਪਟਵਾਰੀਆਂ ਦੇ ਰਿਕਾਰਡ ਵੀ ਹੁਣ ਸਰੱਖਿਅਤ ਨਹੀਂ ਹੈ। ਯੂਨੀਅਨ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਪਰਾਲੀ ਸਾੜਨ ਸਬੰਧੀ ਜਾਂਚ ਕਰਨ ਸਮੇਂ ਉਨ੍ਹਾਂ ਦੀ ਕਿਸੇ ਸੁਰੱਖਿਆ ਦੀ ਗਾਰੰਟੀ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਇਸ ਕੰਮ ਦਾ ਬਾਈਕਾਟ ਰੱਖਣਗੇ। ਮੀਟਿੰਗ 'ਚ ਮਨੀਸ਼ ਕੁਮਾਰ, ਮੰਗਤ ਰਾਏ, ਅਮਰਿੰਦਰ ਸਿੰਘ, ਭੁਪਿੰਦਰ ਕੌਰ, ਰਾਜ ਕੁਮਾਰ, ਕੁਲਵਿੰਦਰ ਸਿੰਘ, ਪ੍ਰੇਮ ਕੁਮਾਰ, ਮਨਜੀਤ ਸਿੰਘ, ਪਰਮਜੀਤ ਸਿੰਘ, ਸੁਰਿੰਦਰ ਸਿੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ ਅਤੇ ਹਰਦੀਪ ਸਿੰਘ ਹਾਜਰ ਸਨ।

ਇਹ ਵੀ ਪੜ੍ਹੋ:  ਨਵਾਂਸ਼ਹਿਰ 'ਚ ਹੈਰਾਨ ਕਰਦੀ ਘਟਨਾ, ਕੁੜੀ ਦਾ ਵਿਆਹ ਦੱਸ ਮਾਰਿਆ ਡਾਕਾ


author

Shyna

Content Editor

Related News