ਚੰਡੀਗੜ੍ਹ : ਸੈਕਟਰ-9 ਦਾ ਠੇਕਾ 7.56 ਕਰੋੜ ’ਚ ਹੋਇਆ ਅਲਾਟ

Wednesday, Jun 24, 2020 - 03:48 PM (IST)

ਚੰਡੀਗੜ੍ਹ : ਸੈਕਟਰ-9 ਦਾ ਠੇਕਾ 7.56 ਕਰੋੜ ’ਚ ਹੋਇਆ ਅਲਾਟ

ਚੰਡੀਗੜ੍ਹ (ਵਿਜੈ) : ਐਕਸਾਈਜ਼ ਪਾਲਿਸੀ 2020-21 ਤਹਿਤ ਯੂ. ਟੀ. ਦੇ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮੇ ਨੇ ਮੰਗਲਵਾਰ ਨੂੰ ਪਹਿਲੀ ਅਲਾਟਮੈਂਟ ਪ੍ਰਕਿਰਿਆ ਸ਼ੁਰੂ ਕੀਤੀ, ਜਿਸ 'ਚ ਸੈਕਟਰ-9 ਦੀ ਇੰਟਰਨਲ ਮਾਰਕਿਟ ਦਾ ਠੇਕਾ ਸਭ ਤੋਂ ਮਹਿੰਗਾ ਅਲਾਟ ਹੋਇਆ। ਅਲਾਟਮੈਂਟ ਪ੍ਰਕਿਰਿਆ ਦੌਰਾਨ ਬਿਡਰਜ਼ 'ਚ ਸਭ ਤੋਂ ਜ਼ਿਆਦਾ ਮੰਗ ਸੈਕਟਰ-9 ਦੀ ਇੰਟਰਨਲ ਮਾਰਕਿਟ ਦੇ ਠੇਕੇ ਲਈ ਵਿਖਾਈ ਦਿੱਤੀ। ਇਸ ਠੇਕੇ ਦੀ ਰਾਖਵੀਂ ਕੀਮਤ ਮਹਿਕਮੇ ਨੇ 4.12 ਕਰੋੜ ਰੁਪਏ ਤੈਅ ਕੀਤੀ ਸੀ, ਜਦੋਂ ਕਿ ਇਸ ਲਈ ਸਭ ਤੋਂ ਜ਼ਿਆਦਾ ਬੋਲੀ 7.56 ਕਰੋੜ ਲਾਈ ਗਈ। ਇਹ ਠੇਕਾ ਲਿਕਰ ਵਰਲਡ ਵੈਂਚਰ ਪ੍ਰਾਈਵੇਟ ਲਿਮਿਟਡ ਨੇ ਹਾਸਲ ਕੀਤਾ, ਜਦੋਂ ਕਿ ਦੂਜਾ ਸਭ ਤੋਂ ਜ਼ਿਆਦਾ ਕੀਮਤ ਦੇ ਕੇ ਅਲਾਟ ਹੋਣ ਵਾਲਾ ਠੇਕਾ ਧਨਾਸ ਦਾ ਰਿਹਾ। ਇਸ ਨੂੰ ਲਗਭਗ 7.50 ਕਰੋੜ ਰੁਪਏ 'ਚ ਐਲਕੋਪ੍ਰਾਈਮ ਡਿਸਟਲਰੀਜ਼ ਨੇ ਹਾਸਲ ਕੀਤਾ। ਠੇਕੇ ਦੀ ਰਾਖਵੀਂ ਕੀਮਤ ਲਗਭਗ 5.43 ਕਰੋੜ ਰੁਪਏ ਤੈਅ ਕੀਤੀ ਗਿਆ ਸੀ।
78 ਠੇਕਿਆਂ ਲਈ 157 ਬਿੱਡ
ਨਿਯਮਾਂ ਦੇ ਆਧਾਰ ’ਤੇ ਕਿਸੇ ਵੀ ਇਕ ਬਿਡਰ ਨੂੰ 8 ਤੋਂ ਜ਼ਿਆਦਾ ਠੇਕੇ ਅਲਾਟ ਨਹੀਂ ਹੋਏ। ਟੈਗੋਰ ਥੀਏਟਰ ਸੈਕਟਰ-18 'ਚ ਹੋਈ ਇਸ ਅਲਾਟਮੈਂਟ ਪ੍ਰਕਿਰਿਆ ਦੌਰਾਨ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮੇ ਨੂੰ 78 ਠੇਕਿਆਂ ਲਈ ਕੁੱਲ 157 ਬਿੱਡ ਮਿਲੀਆਂ। ਇਨ੍ਹਾਂ 78 'ਚੋਂ 8 ਠੇਕੇ ਬਜਾਜ਼ ਸਪੀਰਿਟਸ ਪ੍ਰਾਈਵੇਟ ਲਿਮਿਟਡ ਦੇ ਖਾਤੇ 'ਚ ਗਏ। ਹਾਲਾਂਕਿ ਮਹਿਕਮੇ ਨੇ ਕੁੱਲ 94 ਠੇਕਿਆਂ ਲਈ ਬਿੱਡ ਮੰਗੀ ਸੀ, ਜਿਸ ਲਈ 36 ਲਾਈਸੈਂਸੀ ਨੇ ਬਿੱਡ ਭਰੀ ਸੀ, ਜੋ ਠੇਕੇ ਅਲਾਟ ਹੋਏ ਉਨ੍ਹਾਂ ਦੀ ਰਾਖਵੀਂ ਕੀਮਤ 216.33 ਕਰੋੜ ਰੁਪਏ ਤੈਅ ਕੀਤੀ ਗਈ ਸੀ। ਅਲਾਟਮੈਂਟ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਮਹਿਕਮੇ ਨੂੰ ਕੁੱਲ 265.32 ਕਰੋੜ ਰੁਪਏ ਦਾ ਰੈਵੇਨਿਊ ਲਾਈਸੈਂਸ ਫੀਸ ਦੇ ਤੌਰ ’ਤੇ ਹਾਸਲ ਹੋਇਆ। ਰਾਖਵੀਂ ਕੀਮਤ ਦਾ ਕਰੀਬ 22.65 ਫ਼ੀਸਦੀ ਜ਼ਿਆਦਾ ਰਿਹਾ। ਇਸ ਦੇ ਨਾਲ ਹੀ 5.49 ਕਰੋੜ ਰੁਪਏ ਦੀ ਹਿੱਸੇਦਾਰੀ ਫੀਸ ਵੀ ਮਹਿਕਮੇ ਨੂੰ ਮਿਲੀ।
ਇਕ ਜੁਲਾਈ ਤੋਂ ਸ਼ੁਰੂ ਹੋਵੇਗੀ ਪਾਲਿਸੀ
ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ 2020-21 ਦੀ ਐਕਸਾਈਜ਼ ਪਾਲਿਸੀ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੇ ਹਨ। ਇਸ ਵਾਰ ਐਕਸਾਈਜ਼ ਪਾਲਿਸੀ 1 ਜੁਲਾਈ ਤੋਂ ਲੈ ਕੇ ਅਗਲੇ ਸਾਲ 31 ਮਾਰਚ ਤੱਕ ਲਈ ਲਾਗੂ ਹੋਵੇਗੀ। ਇਸ ਸਾਲ ਜਿੰਨੇ ਵੀ ਠੇਕੇ ਅਲਾਟ ਹੋਏ ਹਨ, ਉਨ੍ਹਾਂ ਦੇ ਅਲਾਟੀ ਨੂੰ ਮਹਿਕਮੇ ਵੱਲੋਂ ਸਾਰੇ ਪਰਮਿਟ/ਪਾਸ ਆਨਲਾਈਨ ਹੀ ਦਿੱਤੇ ਜਾਣਗੇ, ਜਿਸ ਨਾਲ ਕਿ ਕਿਸੇ ਵੀ ਲਾਈਸੈਂਸੀ ਨੂੰ ਪਰਮਿਟ ਲਈ ਮਹਿਕਮੇ ਦੇ ਦਫ਼ਤਰ 'ਚ ਨਾ ਆਉਣਾ ਪਵੇ।
 


author

Babita

Content Editor

Related News