ਸੈਕਟਰ-17 ''ਚ ਫੜ੍ਹੀਆਂ ਦੀ ਜਾਣਕਾਰੀ ਨਹੀਂ ਪ੍ਰ੍ਰਸ਼ਾਸਨ ਨੂੰ

Monday, Oct 30, 2017 - 10:31 AM (IST)

ਸੈਕਟਰ-17 ''ਚ ਫੜ੍ਹੀਆਂ ਦੀ ਜਾਣਕਾਰੀ ਨਹੀਂ ਪ੍ਰ੍ਰਸ਼ਾਸਨ ਨੂੰ

ਚੰਡੀਗੜ੍ਹ (ਨੀਰਜ ਅਧਿਕਾਰੀ) : ਸ਼ਹਿਰ ਦੇ ਸਾਰੇ ਬਾਜ਼ਾਰਾਂ 'ਚ ਵੱਡੀ ਸਮੱਸਿਆ ਬਣਦੀਆਂ ਜਾ ਰਹੀਆਂ ਫੜ੍ਹੀਆਂ ਨੇ ਮੁੱਖ ਸ਼ਾਪਿੰਗ ਸੈਂਟਰ ਸੈਕਟਰ-17 ਦੀ ਸੂਰਤ ਵਿਗਾੜ ਦਿੱਤੀ ਹੈ। ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਇਥੇ ਫੜ੍ਹੀਆਂ ਦਾ ਵਿਰੋਧ ਕਰ ਰਹੇ ਵਪਾਰੀ ਹੁਣ ਅੰਦੋਲਨ 'ਤੇ ਉਤਰ ਆਏ ਹਨ ਪਰ ਪ੍ਰਸ਼ਾਸਨ ਤੋਂ ਲੈ ਕੇ ਨਿਗਰ ਨਿਗਮ ਤਕ ਚੁੱਪ ਧਾਰੀ ਬੈਠੇ ਹਨ। ਪ੍ਰਸ਼ਾਸਨ ਨੇ ਤਾਂ ਇਥੋਂ ਤਕ ਕਹਿ ਦਿੱਤਾ ਹੈ ਕਿ ਉਸਨੂੰ ਸੈਕਟਰ-17 'ਚ ਫੜ੍ਹੀਆਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਜਦੋਂਕਿ ਪੂਰਾ ਪਲਾਜ਼ਾ ਤੇ ਬਰਾਂਡੇ ਫੜ੍ਹੀਆਂ ਨਾਲ ਭਰੇ ਪਏ ਹਨ। ਆਉਣ-ਜਾਣ ਦੇ ਰਸਤੇ ਸੁੰਗੜ ਗਏ ਹਨ। ਲਿਹਾਜ਼ਾ ਅੱਖਾਂ ਬੰਦ ਕਰੀ ਬੈਠੇ ਪ੍ਰਸ਼ਾਸਨ ਖਿਲਾਫ ਸੈਕਟਰ-17 ਦੇ ਕਾਰੋਬਾਰੀਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਐਲਾਨ ਕੀਤਾ ਹੈ ਕਿ ਹੁਣ ਫੜ੍ਹੀਆਂ ਨਾ ਹਟਣ ਤਕ ਸੈਕਟਰ-17 ਦੇ ਕਾਰੋਬਾਰੀ ਸ਼ਾਂਤ ਨਹੀਂ ਬੈਠਣਗੇ।
ਆਰ. ਟੀ. ਆਈ. 'ਚ ਦਿੱਤਾ ਜਵਾਬ
ਫੜ੍ਹੀਆਂ ਤੋਂ ਪ੍ਰੇਸ਼ਾਨ ਸੈਕਟਰ-17 ਦੀ ਟ੍ਰੇਡਰਜ਼ ਐਸੋਸੀਏਸ਼ਨ ਨੇ ਸੂਚਨਾ ਦੇ ਅਧਿਕਾਰ ਤਹਿਤ ਪ੍ਰਸ਼ਾਸਨ ਤੋਂ ਜਾਣਕਾਰੀ ਮੰਗੀ ਕਿ ਵੈਂਡਰ ਐਕਟ ਲਾਗੂ ਹੋਣ ਦੇ ਬਾਅਦ ਤੇ ਇਸ ਤੋਂ ਪਹਿਲਾਂ ਸੈਕਟਰ-17 'ਚ ਕਿੰਨੀਆਂ ਫੜ੍ਹੀਆਂ ਲੱਗ ਰਹੀਆਂ ਹਨ? ਇਸਦੇ ਜਵਾਬ 'ਚ ਪ੍ਰਸ਼ਾਸਨ ਨੇ ਹੱਥ ਹੀ ਖੜ੍ਹੇ ਕਰ ਦਿੱਤੇ। ਟ੍ਰੇਡਰਜ਼ ਐਸੋਸੀਏਸ਼ਨ ਸੈਕਟਰ-17 ਨੂੰ ਭੇਜੇ ਜਵਾਬ 'ਚ ਪ੍ਰਸ਼ਾਸਨ ਨੇ ਸਾਫ ਕਹਿ ਦਿੱਤਾ ਕਿ ਉਸਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਸੈਕਟਰ-17 'ਚ ਕਿੰਨੀਆਂ ਫੜ੍ਹੀਆਂ ਲੱਗ ਰਹੀਆਂ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸਨੂੰ ਇਹ ਵੀ ਨਹੀਂ ਪਤਾ ਕਿ ਵੈਂਡਰ ਐਕਟ ਤਹਿਤ ਸੈਕਟਰ-17 'ਚ ਕਿੰਨੇ ਫੜ੍ਹੀ ਵਾਲਿਆਂ ਨੂੰ ਲਾਇਸੈਂਸ ਦਿੱਤੇ ਗਏ ਹਨ। 
ਟ੍ਰੇਡਰਜ਼ ਐਸੋਸੀਏਸ਼ਨ ਸੈਕਟਰ-17 ਦੇ ਪ੍ਰਧਾਨ ਸੁਭਾਸ਼ ਕਟਾਰੀਆ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦਾ ਇਹ ਜਵਾਬ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਨੇ ਅਜਿਹਾ ਜਵਾਬ ਸਿਰਫ ਆਪਣੇ ਬਚਾਅ ਲਈ ਦਿੱਤਾ ਹੈ ਕਿਉਂਕਿ ਜੇਕਰ ਸੈਕਟਰ-17 'ਚ ਫੜ੍ਹੀਆਂ ਲੱਗ ਰਹੀਆਂ ਹਨ ਤਾਂ ਇਹ ਨਿਯਮਾਂ ਦੀ ਉਲੰਘਣਾ ਹੈ ਤੇ ਇਸਦੇ ਲਈ ਪ੍ਰਸ਼ਾਸਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ।
ਨੋ ਵੈਂਡਰ ਜ਼ੋਨ 'ਚ ਹੈ ਸੈਕਟਰ-17
ਚੰਡੀਗੜ੍ਹ ਲਈ ਬਣੇ ਨਿਯਮਾਂ 'ਚ ਕੈਪੀਟਲ ਕੰਪਲੈਕਸ, ਸਕੱਤਰੇਤ, ਸੁਖਨਾ ਲੇਕ ਤੇ ਸੈਕਟਰ-17 ਸਮੇਤ ਕੁਝ ਥਾਵਾਂ ਨੋ ਵੈਂਡਰ ਜ਼ੋਨ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਨੋ ਵੈਂਡਰ ਜ਼ੋਨ 'ਚ ਵੀ ਕੁਝ ਕਾਰੋਬਾਰਾਂ ਨੂੰ ਇਜਾਜ਼ਤ ਦਿੱਤੀ ਗਈ ਹੈ, ਜਿਨ੍ਹਾਂ 'ਚ ਚਾਹ ਵਾਲਾ, ਨਾਈ, ਸਾਈਕਲ-ਰਿਕਸ਼ਾ ਰਿਪੇਅਰ ਸ਼ਾਮਲ ਹਨ ਪਰ ਇਨ੍ਹਾਂ 'ਚ ਵੀ ਸਿਰਫ ਨਾਈ ਨੂੰ ਕੁਰਸੀ ਰੱਖਣ ਦੀ ਇਜਾਜ਼ਤ ਹੈ ਤੇ ਬਾਕੀ ਲੋਕਾਂ ਨੂੰ ਜ਼ਮੀਨ 'ਤੇ ਬਹਿ ਕੇ ਕੰਮ ਕਰਨ ਦੀ। ਸ਼ੁਰੂ 'ਚ ਸੈਕਟਰ-17 'ਚ ਵੀ ਚਾਹ ਵਾਲੇ, ਨਾਈ, ਸਾਈਕਲ-ਰਿਕਸ਼ਾ ਮੁਰੰਮਤ ਕਰਨ ਵਾਲੇ ਦੁਕਾਨਦਾਰ ਸੜਕ ਕੰਢੇ ਬੈਠਦੇ ਸਨ ਪਰ ਬਾਅਦ 'ਚ ਸੈਕਟਰ-17 ਪਲਾਜ਼ਾ ਤੇ ਇਸਦੇ ਆਸ-ਪਾਸ ਛੱਲੀ, ਗੁਬਾਰੇ, ਕੈਂਡੀ ਤੇ ਪੋਸਟਰ ਆਦਿ ਵੇਚਣ ਵਾਲੇ ਛੋਟੇ ਦੁਕਾਨਦਾਰ ਫੜ੍ਹੀ ਲਾ ਕੇ ਬੈਠਣ ਲੱਗੇ। 
ਸੈਕਟਰ-17 ਦੇ ਕਾਰੋਬਾਰੀਆਂ ਨੂੰ ਵੀ ਇਨ੍ਹਾਂ ਤੋਂ ਕੋਈ ਦਿੱਕਤ ਨਹੀਂ ਸੀ ਕਿਉਂਕਿ ਇਨ੍ਹਾਂ ਦੀ ਗਿਣਤੀ ਘੱਟ ਸੀ ਤੇ ਇਨ੍ਹਾਂ ਵਲੋਂ ਵੇਚਿਆ ਜਾਣ ਵਾਲਾ ਸਾਮਾਨ ਦੁਕਾਨਾਂ 'ਤੇ ਨਹੀਂ ਮਿਲਦਾ ਸੀ। ਨਗਰ ਨਿਗਮ ਇਨ੍ਹਾਂ ਦਾ ਚਲਾਨ ਵੀ ਕਰਦੀ ਸੀ ਪਰ ਸ਼ਹਿਰ 'ਚ ਵੈਂਡਰ ਐਕਟ ਲਾਗੂ ਹੋਣ ਮਗਰੋਂ ਜਦੋਂ ਚਲਾਨ ਬੰਦ ਹੋ ਗਏ ਤਾਂ ਸ਼ਹਿਰ ਦੇ ਹੋਰ ਬਾਜ਼ਾਰਾਂ ਵਾਂਗ ਸੈਕਟਰ-17 ਵੀ ਫੜ੍ਹੀਆਂ ਨਾਲ ਭਰ ਗਿਆ। ਹੁਣ ਇਥੇ ਫੜ੍ਹੀਆਂ 'ਤੇ ਉਹ ਹਰ ਸਾਮਾਨ ਵਿਕ ਰਿਹਾ ਹੈ, ਜੋ ਸੈਕਟਰ-17 'ਚ ਕਰੋੜਾਂ ਰੁਪਏ ਦੇ ਸ਼ੋਅਰੂਮ ਖੋਲ੍ਹ ਕੇ ਬੈਠੇ ਦੁਕਾਨਦਾਰ ਵੇਚਦੇ ਹਨ।
ਕੱਲ ਇਕ ਘੰਟਾ ਬੰਦ ਰਹੇਗਾ ਸੈਕਟਰ-17
ਫੜ੍ਹੀਆਂ ਖਿਲਾਫ ਫੈਸਲਾਕੁੰਨ ਅੰਦੋਲਨ ਲਈ ਸੈਕਟਰ-17 ਦੇ ਕਾਰੋਬਾਰੀਆਂ ਨੇ ਇਕ ਜੁਆਇੰਟ ਐਕਸ਼ਨ ਕਮੇਟੀ ਦਾ ਗਠਨ ਕੀਤਾ ਹੈ। ਇਸ 'ਚ ਚੰਡੀਗੜ੍ਹ ਬਿਜ਼ਨੈੱਸ ਕਾਊਂਸਲ, ਟ੍ਰੇਡਰਜ਼ ਐਸੋਸੀਏਸ਼ਨ ਸੈਕਟਰ-17 ਤੇ ਪ੍ਰੋਗ੍ਰੈਸਿਵ ਟ੍ਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਸੈਕਟਰ-17 ਵੀ ਸ਼ਾਮਲ ਹੈ। 
ਚੰਡੀਗੜ੍ਹ ਬਿਜ਼ਨੈੱਸ ਕਾਊਂਸਲ ਦੇ ਪ੍ਰਧਾਨ ਨੀਰਜ ਬਜਾਜ ਤੇ ਪ੍ਰੋਗ੍ਰੈਸਿਵ ਟ੍ਰੇਡਰਜ਼ ਵੈੱਲਫੇਅਰ ਐਸੋਸੀਏਸ਼ਨ ਸੈਕਟਰ-17 ਦੇ ਪ੍ਰਧਾਨ ਵਰਿੰਦਰ ਗੁਲੇਰੀਆ ਦਾ ਕਹਿਣਾ ਹੈ ਕਿ ਸੈਕਟਰ-17 'ਚ ਫੜ੍ਹੀਆਂ ਦੀ ਮਾਰ ਗਾਹਕ ਤੇ ਕਾਰੋਬਾਰੀਆਂ ਦੋਵਾਂ ਨੂੰ ਪੈ ਰਹੀ ਹੈ। ਫੜ੍ਹੀਆਂ ਕਾਰਨ ਬਰਾਂਡਿਆਂ ਦੇ ਰਸਤੇ ਸੁੰਗੜ ਗਏ ਹਨ। ਪਲਾਜ਼ਾ 'ਚ ਘੁੰਮਣ ਦੀ ਥਾਂ 'ਤੇ ਵੀ ਫੜ੍ਹੀ ਵਾਲਿਆਂ ਨੇ ਕਬਜ਼ਾ ਕਰ ਲਿਆ ਹੈ। ਸ਼ਾਪਿੰਗ ਮਾਲਸ ਕਾਰਨ ਸੈਕਟਰ-17 ਦੇ ਵਪਾਰੀਆਂ ਦਾ ਕਾਰੋਬਾਰ ਪਹਿਲਾਂ ਤੋਂ ਹੀ ਮੰਦਾ ਚੱਲ ਰਿਹਾ ਸੀ, ਹੁਣ ਸ਼ੋਅਰੂਮਾਂ 'ਚ ਮਿਲਣ ਵਾਲਾ ਸਾਮਾਨ ਵੀ ਫੜ੍ਹੀਆਂ 'ਤੇ ਵਿਕਣ ਨਾਲ ਕਾਰੋਬਾਰ ਠੱਪ ਹੋ ਗਿਆ ਹੈ। ਸ਼ੋਅਰੂਮ ਮਾਲਕਾਂ ਨੂੰ ਲੱਖਾਂ ਦਾ ਕਿਰਾਇਆ ਕੱਢਣਾ ਔਖਾ ਹੋ ਗਿਆ ਹੈ ਪਰ ਪ੍ਰਸ਼ਾਸਨ ਸ਼ਹਿਰ ਦੇ ਇਸ ਸੈਰ-ਸਪਾਟਾ ਸਥਾਨ ਦੀ ਸੂਰਤ ਵਿਗੜਦੀ ਵੇਖ ਕੇ ਵੀ ਚੁੱਪ ਬੈਠਾ ਹੈ।   ਵਪਾਰੀ ਆਗੂਆਂ ਦਾ ਕਹਿਣਾ ਹੈ ਕਿ ਹੁਣ ਇਥੋਂ ਦੇ ਕਾਰੋਬਾਰੀ ਸ਼ਾਂਤ ਨਹੀਂ ਬੈਠਣਗੇ। ਸੋਮਵਾਰ ਨੂੰ ਇਕ ਬੈਠਕ ਬੁਲਾਈ ਗਈ ਹੈ। ਇਸ 'ਚ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਏਗੀ ਤੇ ਮੰਗਲਵਾਰ ਨੂੰ ਸ਼ਾਮ 6 ਤੋਂ 7 ਵਜੇ ਤਕ ਦੁਕਾਨਾਂ ਬੰਦ ਰੱਖ ਕੇ ਵਿਰੋਧ ਜਤਾਇਆ ਜਾਏਗਾ।
ਪੁਲਸ ਤੇ ਨਿਗਮ ਚਾਹੇ ਤਾਂ ਸਭ ਸੰਭਵ
ਵਪਾਰੀ ਆਗੂਆਂ ਦਾ ਕਹਿਣਾ ਹੈ ਕਿ 27 ਅਕਤੂਬਰ ਤੋਂ ਸ਼ੁਰੂ ਕੀਤੇ ਗਏ ਅੰਦੋਲਨ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਜਦੋਂ ਸੈਕਟਰ-17 ਦੇ ਕਾਰੋਬਾਰੀਆਂ ਨੇ ਖੁਦ ਆਪਣੇ ਸ਼ੋਅਰੂਮਾਂ ਦੇ ਅੱਗੇ ਫੜ੍ਹੀਆਂ ਲਾ ਕੇ ਵਿਰੋਧ ਜਤਾਇਆ ਤਾਂ ਉਸ ਦੌਰਾਨ ਪੁਲਸ ਤੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਸੈਕਟਰ-17 'ਚ ਉਨ੍ਹਾਂ ਫੜ੍ਹੀਆਂ ਵਾਲਿਆਂ ਨੂੰ ਬੈਠਣ ਨਹੀਂ ਦਿੱਤਾ, ਜੋ ਰੋਜ਼ਾਨਾ ਰਸਤਿਆਂ 'ਚ ਨਾਜਾਇਜ਼ ਕਬਜ਼ੇ ਕਰਕੇ ਬੈਠਦੇ ਹਨ। ਇਸ ਤੋਂ ਸਾਫ ਜ਼ਾਹਿਰ ਹੈ ਕਿ ਪੁਲਸ ਤੇ ਨਗਰ ਨਿਗਮ ਚਾਹੇ ਤਾਂ ਸੈਕਟਰ-17 'ਚ ਫੜ੍ਹੀਆਂ ਲੱਗ ਹੀ ਨਹੀਂ ਸਕਦੀਆਂ, ਫੜ੍ਹੀਆਂ ਪੁਲਸ ਤੇ ਨਿਗਮ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਲੱਗ ਰਹੀਆਂ ਹਨ।   ਵਪਾਰੀ ਆਗੂਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸਦੀ ਸੀ. ਬੀ. ਆਈ. ਜਾਂਚ ਕਰਵਾਏ ਕਿ ਇਥੇ ਫੜ੍ਹੀਆਂ ਕੌਣ ਤੇ ਕਿਉਂ ਲਗਵਾ ਰਿਹਾ ਹੈ ਅਤੇ ਫੜ੍ਹੀਆਂ ਲਵਾਉਣ ਵਾਲਿਆਂ ਦਾ ਕੀ ਸਵਾਰਥ ਹੈ।
ਵਿਜੀਲੈਂਸ ਜਾਂਚ ਰਿਪੋਰਟ ਵੀ ਠੰਡੇ ਬਸਤੇ 'ਚ
ਫੜ੍ਹੀਆਂ ਕਾਰਨ ਸੈਕਟਰ-19, 22 ਤੇ ਸੁਖਨਾ ਲੇਕ ਦੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ। 6 ਸਾਲ ਪਹਿਲਾਂ ਕੁਝ ਦੁਕਾਨਦਾਰਾਂ ਨੇ ਵਿਜੀਲੈਂਸ ਨੂੰ ਇਕ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਪੈਸੇ ਲੈ ਕੇ ਫੜ੍ਹੀਆਂ ਲਵਾਈਆਂ ਜਾਂਦੀਆਂ ਹਨ, ਇਸਦੀ ਜਾਂਚ ਕਰਕੇ ਉੱਚਿਤ ਕਾਰਵਾਈ ਕੀਤੀ ਜਾਏ। ਸੂਤਰਾਂ ਮੁਤਾਬਿਕ ਪਹਿਲਾਂ ਤਾਂ ਜਾਂਚ ਹੀ ਠੰਡੇ ਬਸਤੇ 'ਚ ਪਈ ਰਹੀ, ਬਾਅਦ 'ਚ ਸ਼ਿਕਾਇਤਾਂ ਵਧੀਆਂ ਤਾਂ ਜਾਂਚ ਸ਼ੁਰੂ ਕੀਤੀ ਗਈ ਤੇ ਇਸਦੀ ਰਿਪੋਰਟ ਵੀ ਤਿਆਰ ਹੋ ਗਈ ਪਰ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਇਹ ਜਾਂਚ ਰਿਪੋਰਟ ਵੀ ਪ੍ਰਸ਼ਾਸਨ ਦੇ ਕੋਲ ਠੰਡੇ ਬਸਤੇ 'ਚ ਹੀ ਪਈ ਹੈ।
 


Related News