ਸਕੱਤਰ ਸਕੂਲ ਸਿੱਖਿਆ ਪੰਜਾਬ ਨੇ 3 ਸਰਹੱਦੀ ਖੇਤਰਾਂ ਦੇ ਪ੍ਰੀਖਿਆ ਕੇਂਦਰਾਂ ਦਾ ਕੀਤਾ ਦੌਰਾ
Tuesday, Mar 03, 2020 - 08:44 PM (IST)

ਐੱਸ.ਏ.ਐੱਸ. ਨਗਰ (ਜ.ਬ)- ਸਕੱਤਰ ਸਕੂਲ ਸਿੱਖਿਆ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ 8ਵੀਂ ਤੇ 10ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲਿਆ। ਤਿੰਨ ਸਰਹੱਦੀ ਜਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ 'ਚ ਵਿਜਟ ਕਰਨ ਉਪਰੰਤ ਸਕੱਤਰ ਸਕੂਲ ਸਿੱਖਿਆ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਉਨ੍ਹਾਂ ਨੂੰ ਸਰਹੱਦੀ ਖੇਤਰਾਂ 'ਚ ਦੌਰਾ ਕਰਕੇ ਮਹਿਸੂਸ ਹੋਇਆ ਹੈ ਕਿ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਲਈ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਜਾਗਰੂਕ ਕੀਤਾ ਹੈ। ਸਰਹੱਦੀ ਪ੍ਰੀਖਿਆ ਕੇਂਦਰਾਂ ਦੀ ਮਿੱਥ ਨੂੰ ਤੋੜਦਿਆਂ ਇਸ ਵਾਰ ਬਹੁਤ ਵਧੀਆ ਤਰੀਕੇ ਨਾਲ ਪ੍ਰੀਖਿਆ ਸ਼ੁਰੂ ਹੋਈ ਹੈ ਤੇ ਵਿਦਿਆਰਥੀਆਂ ਨੂੰ ਮਾਪੇ ਪ੍ਰੀਖਿਆ ਕੇਂਦਰਾਂ 'ਚ ਬਿਠਾ ਕੇ ਨਿਸ਼ਚਿਤ ਰਹੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਇਮਤਿਹਾਨ ਕੇਂਦਰਾਂ 'ਚ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆਵਾਂ ਵਿਦਿਆਰਥੀਆਂ ਲਈ ਭੈਅ ਮੁਕਤ ਮਾਹੌਲ 'ਚ ਹੀ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਅਧਿਆਪਕ ਵਿਦਿਆਰਥੀਆਂ ਨੂੰ ਲਗਾਤਾਰ ਮਿਹਨਤ ਕਰਵਾ ਰਹੇ ਹਨ।ਉਨ੍ਹਾਂ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਤਹਿਤ ਸਾਰੇ ਵਿਦਿਆਰਥੀਆਂ ਦਾ ਬੋਰਡ ਪ੍ਰੀਖਿਆਵਾਂ ਵਿੱਚ ਪਾਸ ਹੋਣਾ, ਸਕੂਲਾਂ ਦੀ ਵੇਟੇਡ ਔਸਤ ਦਾ ਮਿਆਰੀ ਹੋਣਾ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਮੈਰਿਟ ਸੂਚੀ 'ਚ ਸ਼ਾਮਲ ਹੋਣ ਦਾ ਟੀਚਾ ਹੈ। ਜਿਸ ਲਈ ਸਕੂਲ ਮੁਖੀਆਂ ਵੱਲੋਂ ਬਹੁਤ ਹੀ ਸੁਖਮ ਯੋਜਨਾਬੰਦੀ ਕੀਤੀ ਗਈ ਹੈ|
ਉਨ੍ਹਾਂ ਸਰਹੱਦੀ ਖੇਤਰਾਂ ਦੇ ਸਕੂਲਾਂ 'ਚ ਸਮਾਰਟ ਸਕੂਲ ਮੁਹਿੰਮ ਦੀ ਅਪਾਰ ਸਫਲਤਾ ਲਈ ਵੀ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਤੱਕ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਦਾਖ਼ਲਿਆਂ ਲਈ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਦਾਖ਼ਲਾ ਮੁਹਿੰਮ ਪ੍ਰਚਾਰ 'ਚ ਕੀਤਾ ਜਾ ਰਿਹਾ ਹੈ।ਪਿਛਲੇ ਸਾਲ ਲਗਭਗ 4.8 ਫੀਸਦੀ ਵਿਦਿਆਰਥੀਆਂ ਦਾ ਵਾਧਾ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੇ ਸੁਹਿਰਦ ਯਤਨਾਂ ਨਾਲ ਹੋਇਆ ਸੀ ਅਤੇ ਹੁਣ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਜਾਗੋ, ਰੈਲੀਆਂ, ਡੋਰ-ਟੂ-ਡੋਰ ਵਿਜਟ, ਸੋਸ਼ਲ ਮੀਡੀਆ ਦੀ ਵਰਤੋਂ, ਅਨਾਉਂਸਮੈਂਟ ਆਦਿ ਨਾਲ ਪ੍ਰਚਾਰ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਇਸਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਅੱਜ ਹਰਦੋਝੰਡੇ ਕੇ, ਸ਼ੇਖੁਪੁਰ, ਅਬਦਾਲ, ਕੱਥੂਨੰਗਲ, ਅਟਾਰੀ, ਗੰਢੀਵਿੰਡ, ਝਬਾਲ, ਖੇਮਕਰਨ, ਭੂਰਾ ਕੋਨਾ, ਵਲਟੋਹਾ ਅਤੇ ਸੁਰ ਸਿੰਘ ਸਮਾਰਟ ਸਕੂਲਾਂ ਵਿੱਚ ਅੱਠਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਲਈ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲਿਆ ਅਤੇ ਸੁਚਾਰੂ ਪ੍ਰੀਖਿਆਵਾਂ ਦੇ ਪ੍ਰਬੰਧ 'ਤੇ ਤਸੱਲੀ ਪ੍ਰਗਟਾਈ।